ਦਿੱਲੀ ‘ਚ ਰੈਸਟੋਰੈਂਟ ‘ਚ ਲੱਗੀ ਭਿਆਨਕ ਅੱਗ, 10 ਵਿਦੇਸ਼ੀਆਂ ਸਮੇਤ 21 ਮੌਤਾਂ

ਨਵੀਂ ਦਿੱਲੀ, 3 ਜੂਨ (ਨਿਊਜ਼ ਟਾਊਨ ਨੈਟਵਰਕ) : ਦਿੱਲੀ ਦੇ ਮਾਲਵੀਆ ਨਗਰ ਇਲਾਕੇ ਵਿੱਚ ਅੱਜ ਸਵੇਰੇ ਲੈਮਨ ਗ੍ਰੀਨ ਰੇਸਤਰਾਂ ਵਿੱਚ ਅੱਗ ਲੱਗਣ ਕਾਰਨ ਘੱਟੋ-ਘੱਟ 21 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਕਈ ਲੋਕਾਂ ਨੂੰ ਬਚਾਇਆ ਗਿਆ ਹੈ। ਦਿੱਲੀ ਫਾਇਰ ਸਰਵਿਸਿਜ਼ ਦੇ ਅਧਿਕਾਰੀਆਂ ਨੂੰ ਸਵੇਰੇ 8:50 ਵਜੇ ਅੱਗ ਲੱਗਣ ਬਾਰੇ ਇੱਕ ਕਾਲ ਆਈ, ਜਿਸ ਤੋਂ ਬਾਅਦ ਕਈ ਅੱਗ ਬੁਝਾਊ ਦਸਤੇ ਦੀਆਂ ਟੀਮਾਂ ਨੂੰ ਮੌਕੇ ‘ਤੇ ਭੇਜਿਆ ਗਿਆ। ਹੌਜ਼ ਰਾਣੀ ਦੀਆਂ ਤੰਗ ਗਲੀਆਂ ਵਿੱਚ ਸਥਿਤ ਇਸ ਇਮਾਰਤ ਵਿੱਚ ਰੈਸਟੋਰੈਂਟ ਦੇ ਉੱਪਰ ਇੱਕ ਪੰਜ ਮੰਜ਼ਿਲਾ ਹੋਟਲ ਸੀ। ਸੂਤਰਾਂ ਦਾ ਕਹਿਣਾ ਹੈ ਕਿ ਹੋਟਲ ਵਿੱਚ ਜ਼ਿਆਦਾਤਰ ਵਿਦੇਸ਼ੀ ਨਾਗਰਿਕ ਠਹਿਰੇ ਹੋਏ ਸਨ ਜੋ ਡਾਕਟਰੀ ਇਲਾਜ ਲਈ ਭਾਰਤ ਆਏ ਸਨ। ਨਿਵਾਸੀਆਂ ਅਨੁਸਾਰ ਇਸ ਹੋਟਲ ਵਿੱਚ ਲਗਪਗ 25 ਕਮਰੇ ਸਨ। ਫਾਇਰ ਅਫਸਰ ਏ.ਕੇ. ਮਲਿਕ ਨੇ ਕਿਹਾ ਕਿ ਦਿੱਲੀ ਫਾਇਰ ਸਰਵਿਸ ਵੱਲੋਂ ਸੱਤ ਫਾਇਰ ਟੈਂਡਰ ਪਹਿਲਾਂ ਮੌਕੇ ‘ਤੇ ਭੇਜੇ ਗਏ। ਸਾਵਧਾਨੀ ਵਜੋਂ ਵਾਧੂ ਯੂਨਿਟਾਂ ਨੂੰ ਬੁਲਾਇਆ ਗਿਆ ਤੇ ਪਹੁੰਚਣ ‘ਤੇ ਤੁਰੰਤ ਬਚਾਅ ਕਾਰਜ ਸ਼ੁਰੂ ਹੋ ਗਏ। ਮਲਿਕ ਅਨੁਸਾਰ ਫਾਇਰਫਾਈਟਰਾਂ ਨੇ ਬਹੁ-ਮੰਜ਼ਿਲਾ ਇਮਾਰਤ ਤੋਂ 37 ਲੋਕਾਂ ਨੂੰ ਕੱਢਿਆ ਗਿਆ, ਜਿਸ ਵਿੱਚ ਇੱਕ ਬੇਸਮੈਂਟ, ਜ਼ਮੀਨੀ ਮੰਜ਼ਿਲ ਅਤੇ ਪੰਜ ਉੱਪਰਲੀਆਂ ਮੰਜ਼ਿਲਾਂ ਸ਼ਾਮਲ ਹਨ। ਮੁੱਢਲੀ ਪੁੱਛਗਿੱਛ ਤੋਂ ਪਤਾ ਲੱਗਾ ਹੈ ਕਿ ਇਮਾਰਤ ਇੱਕ ਨਿਯਮਤ ਰਿਹਾਇਸ਼ੀ ਕੰਪਲੈਕਸ ਵਜੋਂ ਨਹੀਂ ਸੀ ਤੇ ਜ਼ਿਆਦਾਤਰ ਉਹ ਲੋਕ ਉੱਥੇ ਕਿਰਾਏ ‘ਤੇ ਰਹਿ ਰਹੇ ਸਨ ਜਿਨ੍ਹਾਂ ਦੇ ਰਿਸ਼ਤੇਦਾਰ ਜਾਂ ਜਾਣ-ਪਛਾਣ ਵਾਲੇ ਨੇੜਲੇ ਮੈਕਸ ਹਸਪਤਾਲ ਵਿੱਚ ਇਲਾਜ ਅਧੀਨ ਸਨ। ਉਨ੍ਹਾਂ ਇਹ ਵੀ ਪੁਸ਼ਟੀ ਕੀਤੀ ਕਿ ਬਚਾਏ ਗਏ ਲੋਕਾਂ ਵਿੱਚ ਕੁਝ ਵਿਦੇਸ਼ੀ ਨਾਗਰਿਕ ਵੀ ਸ਼ਾਮਲ ਸਨ। ਮਲਿਕ ਨੇ ਕਿਹਾ ਕਿ ਅੱਗ ‘ਤੇ ਜਲਦੀ ਕਾਬੂ ਪਾ ਲਿਆ ਗਿਆ। ਇਮਾਰਤ ਨੂੰ ਪੂਰੀ ਤਰ੍ਹਾਂ ਸਾਫ਼ ਕਰ ਦਿੱਤਾ ਗਿਆ ਤੇ ਇਮਾਰਤ ਨੂੰ ਹੁਣ ਅੱਗੇ ਦੀ ਜਾਂਚ ਲਈ ਪੁਲੀਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਦੱਖਣੀ ਜ਼ਿਲ੍ਹੇ ਦੇ ਡੀਡੀਐਮ, ਐਸਡੀਐਮ ਜਤਿੰਦਰ ਕੁਮਾਰ ਨੇ ਦੱਸਿਆ ਕਿ ਜਿਵੇਂ ਹੀ ਮੈਨੂੰ ਅੱਜ ਸਵੇਰੇ ਘਟਨਾ ਦੀ ਜਾਣਕਾਰੀ ਮਿਲੀ, ਅਸੀਂ ਆਪਣੇ ਡੀਡੀਐਮਏ ਸੈੱਲ ਨੂੰ ਸਰਗਰਮ ਕਰ ਦਿੱਤਾ। ਸਾਰੇ ਈਓਸੀ ਨੂੰ ਸੂਚਿਤ ਕੀਤਾ ਗਿਆ ਅਤੇ ਤੁਰੰਤ ਮੌਕੇ ‘ਤੇ ਪਹੁੰਚਣ ਦੇ ਨਿਰਦੇਸ਼ ਦਿੱਤੇ ਗਏ। ਉਨ੍ਹਾਂ ਖੁਦ ਇੱਕ ਸਿਖਲਾਈ ਪ੍ਰੋਗਰਾਮ ਲਈ ਜਾਣਾ ਸੀ, ਪਰ ਉਸਨੂੰ ਮੁਲਤਵੀ ਕਰ ਦਿੱਤਾ ਅਤੇ ਇੱਥੇ ਆ ਗਿਆ। ਪਹੁੰਚਣ ‘ਤੇ ਪਤਾ ਲੱਗਾ ਕਿ ਇਮਾਰਤ ਦੀ ਜ਼ਮੀਨੀ ਮੰਜ਼ਿਲ ‘ਤੇ ਇੱਕ ਰੈਸਟੋਰੈਂਟ ਚੱਲ ਰਿਹਾ ਸੀ। ਅੱਗ ਲੱਗਣ ਦਾ ਸਹੀ ਕਾਰਨ ਅਜੇ ਪਤਾ ਨਹੀਂ ਹੈ, ਪਰ ਇਹ ਸੰਭਾਵਨਾ ਹੈ ਕਿ ਅੱਗ ਰੈਸਟੋਰੈਂਟ ਤੋਂ ਲੱਗੀ ਹੈ। ਅੱਗ ਲੱਗਣ ਦਾ ਸਹੀ ਕਾਰਨ ਪਤਾ ਕਰਨ ਲਈ ਵੱਖ ਵੱਖ ਕੋਣਾਂ ਤੋਂ ਜਾਂਚ ਕੀਤੀ ਜਾ ਰਹੀ ਸੀ।ਅਧਿਕਾਰੀਆਂ ਦੇ ਅਨੁਸਾਰ ਵਿਦੇਸ਼ੀ ਨਾਗਰਿਕ ਮੁੱਖ ਤੌਰ ‘ਤੇ ਮੱਧ ਏਸ਼ੀਆਈ ਅਤੇ ਅਫਰੀਕੀ ਦੇਸ਼ਾਂ ਦੇ ਸਨ, ਜੋ ਉਕਤ ਬੈੱਡ ਐਂਡ ਬ੍ਰੇਕਫਾਸਟ ਸਹੂਲਤ ਵਿੱਚ ਰਹਿ ਰਹੇ ਸਨ। ਇਨ੍ਹਾਂ ਵਿੱਚੋਂ ਬਹੁਤ ਸਾਰੇ ਸੈਲਾਨੀ ਸੁੱਤੇ ਹੋਏ ਸਨ ਜਦੋਂ ਅੱਗ ਇਮਾਰਤ ਨੂੰ ਆਪਣੀ ਲਪੇਟ ਵਿੱਚ ਲੈ ਲਈ। ਇੱਕੋ ਇੱਕ ਰਾਹ ਪੌੜੀਆਂ ਹੋਣ ਕਰਕੇ ਵਿਂਚ ਲੋਕ ਫਸ ਗਏ। ਅੱਗ ਬੁਝਾਊ ਅਮਲੇ ਨੇ ਘਟਨਾ ਦੌਰਾਨ ਇਮਾਰਤ ਦੇ ਬੇਸਮੈਂਟ ਵਿੱਚ ਫਸੇ 40 ਤੋਂ ਵੱਧ ਲੋਕਾਂ ਨੂੰ ਬਚਾਇਆ, ਜਿਨ੍ਹਾਂ ਨੂੰ ਬਾਅਦ ਵਿੱਚ ਹਸਪਤਾਲ ਭੇਜ ਦਿੱਤਾ ਗਿਆ। ਮੈਕਸ ਹਸਪਤਾਲ ਵਿੱਚ 39 ਮਰੀਜ਼ ਆਏ, ਜਿਨ੍ਹਾਂ ਵਿੱਚੋਂ 18 ਮ੍ਰਿਤਕ ਪਾਏ ਗਏ ਸਨ। ਬਾਕੀ ਮਰੀਜ਼ਾਂ ਵਿੱਚੋਂ 15 ਆਈਸੀਯੂ ਵਿੱਚ ਦਾਖਲ ਹਨ, ਜਿਨ੍ਹਾਂ ਵਿੱਚੋਂ ਅੱਠ ਵੈਂਟੀਲੇਟਰ ਸਪੋਰਟ ‘ਤੇ ਹਨ ਅਤੇ ਉਨ੍ਹਾਂ ਦੀ ਹਾਲਤ ਗੰਭੀਰ ਹੈ। ਮਾਮੂਲੀ ਸੱਟਾਂ ਵਾਲੇ ਪੰਜ ਮਰੀਜ਼ਾਂ ਦਾ ਇਲਾਜ ਕੀਤਾ ਗਿਆ ਅਤੇ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ। ਜਦੋਂ ਕਿ ਇੱਕ ਮਰੀਜ਼ ਨੂੰ ਗੰਭੀਰ ਸੜਨ ਕਾਰਨ ਸਫਦਰਜੰਗ ਹਸਪਤਾਲ ਭੇਜ ਦਿੱਤਾ ਗਿਆ। ਮ੍ਰਿਤਕਾਂ ਵਿੱਚ ਸਥਾਨਕ ਅਤੇ ਵਿਦੇਸ਼ੀ ਦੋਵੇਂ ਨਾਗਰਿਕ ਸ਼ਾਮਲ ਹਨ। ਇਸ ਦੌਰਾਨ ਏਮਜ਼ ਟਰਾਮਾ ਸੈਂਟਰ ਵਿੱਚ 13 ਮਰੀਜ਼ ਆਏ। ਉਨ੍ਹਾਂ ਵਿੱਚੋਂ ਤਿੰਨ ਲੋਕ ਉਚਾਈ ਤੋਂ ਛਾਲ ਮਾਰਨ ਕਰਕੇ ਗੰਭੀਰ ਜ਼ਖਮੀ ਹੋਏ। ਏਮਜ਼ ਅਨੁਸਾਰ ਤਿੰਨ ਲਾਸ਼ਾਂ ਨੂੰ ਬਰਨ ਅਤੇ ਪਲਾਸਟਿਕ ਸਰਜਰੀ ਵਿਭਾਗ ਵਿੱਚ ਲਿਜਾਇਆ ਗਿਆ ਹੈ, ਜਦੋਂ ਕਿ ਜ਼ਖਮੀਆਂ ਨੂੰ ਸਾਹ ਘੁੱਟਣ, ਮਾਮੂਲੀ ਜਲਣ ਦੀਆਂ ਸੱਟਾਂ ਅਤੇ ਹੱਡੀਆਂ ਟੁੱਟਣ ਕਰਕੇ ਹੈ। ਅਧਿਕਾਰੀਆਂ ਨੇ ਦੱਸਿਆ ਕਿ ਦਿੱਲੀ ਫਾਇਰ ਸਰਵਿਸਿਜ਼ ਦੇ ਕਰਮਚਾਰੀਆਂ ਨੇ ਸੰਘਣੇ ਧੂੰਏਂ ਅਤੇ ਕੰਪਲੈਕਸ ਦੇ ਅੰਦਰ ਚੁਣੌਤੀਪੂਰਨ ਸਥਿਤੀਆਂ ਦੇ ਵਿਚਕਾਰ ਬਚਾਅ ਕਾਰਜ ਚਲਾਇਆ। ਭੀੜੀਆਂ ਗਲੀਆਂ ਵਿੱਚੋਂ ਪ੍ਰਭਾਵਿਤ ਇਮਾਰਤ ਤੱਕ ਪਹੁੰਚਣਾ ਚੁਣੌਤੀ ਭਰਿਆ ਸੀ।
