ਅਕਾਲੀ ਦਲ (ਪੁਨਰ ਸੁਰਜੀਤ) ਅਤੇ ਭਾਜਪਾ ਵਿਚਾਲੇ ਗੱਠਜੋੜ ਦੀ ਚਰਚਾ ਨੇ ਸਿਆਸਤ ਭਖਾਈ

0

2022 ਵਾਲੀ ਹੀ ਗ਼ਲਤੀ ਕਰ ਰਹੀ ਹੈ ਭਾਜਪਾ
ਚੰਡੀਗੜ੍ਹ,3 ਜੂਨ (ਦੁਰਗੇਸ਼ ਗਾਜਰੀ) : ਪੰਜਾਬ ਦੀ ਸਿਆਸਤ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇੱਕ ਨਵੇਂ ਸਿਆਸੀ ਸਮੀਕਰਨ ਦੇ ਸੰਕੇਤ ਮਿਲ ਰਹੇ ਹਨ। ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਵਿਚਾਲੇ ਸੰਭਾਵਿਤ ਚੋਣੀ ਗੱਠਜੋੜ ਨੂੰ ਲੈ ਕੇ ਗੱਲਬਾਤ ਸ਼ੁਰੂ ਹੋਣ ਦੀਆਂ ਰਿਪੋਰਟਾਂ ਹਨ। ਦੋਵਾਂ ਪਾਰਟੀਆਂ ਦੇ ਅਹੁਦੇਦਾਰਾਂ ਨੇ ਪੁਸ਼ਟੀ ਕੀਤੀ ਹੈ ਕਿ ਹਾਲ ਹੀ ਵਿੱਚ ਆਗੂਆਂ ਦੀ ਇੱਕ ਗੈਰ-ਰਸਮੀ ਮੀਟਿੰਗ ਹੋਈ, ਜਿਸ ਵਿੱਚ ਸਾਂਝੇ ਮੁੱਦਿਆਂ ਅਤੇ ਆਉਣ ਵਾਲੀਆਂ ਚੋਣਾਂ ਲਈ ਸਾਂਝੇਦਾਰੀ ਦੀਆਂ ਸੰਭਾਵਨਾਵਾਂ ’ਤੇ ਵਿਚਾਰ ਕੀਤਾ ਗਿਆ। ਹੁਣ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵੱਲੋਂ ਇੱਕ ਵਫ਼ਦ ਦਿੱਲੀ ਜਾ ਕੇ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਨਾਲ ਮੁਲਾਕਾਤ ਕਰ ਸਕਦਾ ਹੈ, ਜਿੱਥੇ ਅਗਲੇ ਦੌਰ ਦੀ ਗੱਲਬਾਤ ਹੋਣ ਦੀ ਸੰਭਾਵਨਾ ਹੈ। 11 ਅਗਸਤ 2025 ਨੂੰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋ ਕੇ ਬਣੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਨੇ ਅਪਣੇ-ਆਪ ਨੂੰ ਸੁਧਾਰਵਾਦੀ ਪੰਥਕ ਤਾਕਤ ਵਜੋਂ ਪੇਸ਼ ਕੀਤਾ ਹੈ। ਅਕਾਲੀ ਦਲ ਸੁਧਾਰ ਲਹਿਰ ਵਿਚੋਂ ਉਭਰੀ ਇਹ ਪਾਰਟੀ ਰਵਾਇਤੀ ਅਕਾਲੀ ਸਿਧਾਂਤਾਂ ਵੱਲ ਵਾਪਸੀ ਦਾ ਦਾਅਵਾ ਕਰਦੀ ਹੈ ਅਤੇ 2027 ਦੀਆਂ ਚੋਣਾਂ ਤੋਂ ਪਹਿਲਾਂ ਪੰਜਾਬੀਆਂ ਨੂੰ ਇੱਕ ਨਵਾਂ ਸਿਆਸੀ ਵਿਕਲਪ ਦੇਣ ਦੀ ਗੱਲ ਕਰਦੀ ਹੈ। ਯਾਦ ਰਹੇ ਕਿ ਸ਼੍ਰੋਮਣੀ ਅਕਾਲੀ ਦਲ ਨੇ ਸਤੰਬਰ 2020 ਵਿੱਚ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਭਾਜਪਾ ਨਾਲੋਂ ਅਪਣਾ ਦਹਾਕਿਆਂ ਪੁਰਾਣਾ ਗੱਠਜੋੜ ਤੋੜ ਦਿੱਤਾ ਸੀ। ਇਸ ਤੋਂ ਬਾਅਦ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਦੋਵਾਂ ਪਾਰਟੀਆਂ ਨੇ ਵੱਖ-ਵੱਖ ਚੋਣ ਲੜੀ ਅਤੇ ਇਤਿਹਾਸਕ ਹਾਰ ਦਾ ਸਾਹਮਣਾ ਕੀਤਾ। 117 ਮੈਂਬਰੀ ਵਿਧਾਨ ਸਭਾ ਵਿੱਚ ਅਕਾਲੀ ਦਲ ਸਿਰਫ਼ ਤਿੰਨ ਸੀਟਾਂ ਜਿੱਤ ਸਕਿਆ ਜਦਕਿ ਭਾਜਪਾ ਨੂੰ ਕੇਵਲ ਦੋ ਸੀਟਾਂ ਮਿਲੀਆਂ। ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਜਨਰਲ ਸਕੱਤਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਗੱਲਬਾਤ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਪਾਰਟੀ ਨੂੰ ਸਕਾਰਾਤਮਕ ਨਤੀਜੇ ਦੀ ਉਮੀਦ ਹੈ। ਉਨ੍ਹਾਂ ਕਿਹਾ, “ਸਾਨੂੰ ਆਸ ਹੈ ਕਿ ਇਸੇ ਮਹੀਨੇ ਇੱਕ ਹੋਰ ਮੀਟਿੰਗ ਹੋਵੇਗੀ ਅਤੇ ਕੋਈ ਨਾ ਕੋਈ ਫ਼ੈਸਲਾ ਹੋ ਜਾਵੇਗਾ। ਅਤੀਤ ਵਿੱਚ ਵੀ ਅਕਾਲੀ ਦਲ ਅਤੇ ਭਾਜਪਾ ਦਾ ਗੱਠਜੋੜ ਰਿਹਾ ਹੈ ਅਤੇ ਗੱਲਬਾਤ ਸਹੀ ਦਿਸ਼ਾ ਵਿੱਚ ਅੱਗੇ ਵੱਧ ਰਹੀ ਹੈ।” ਪਾਰਟੀ ਦੀ ਮਹਿਲਾ ਵਿੰਗ ਮੁਖੀ ਬੀਬੀ ਜਗੀਰ ਕੌਰ ਨੇ ਕਿਹਾ ਕਿ ਜੇ ਭਾਜਪਾ ਸਿੱਖ ਧਾਰਮਿਕ ਸੰਸਥਾਵਾਂ ਅਤੇ ਸਮੁੱਚੇ ਸਿੱਖ ਭਾਈਚਾਰੇ ਨਾਲ ਜੁੜੀਆਂ ਚਿੰਤਾਵਾਂ ਦਾ ਢੁਕਵਾਂ ਹੱਲ ਕਰਦੀ ਹੈ ਤਾਂ ਹੀ ਪਾਰਟੀ ਚੋਣੀ ਗੱਠਜੋੜ ਦਾ ਸਮਰਥਨ ਕਰੇਗੀ। ਇਸੇ ਦੌਰਾਨ, ਭਾਜਪਾ ਦੇ ਇੱਕ ਸੀਨੀਅਰ ਆਗੂ ਨੇ ਨਾਮ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਗੱਲਬਾਤ ਜਾਰੀ ਹੈ ਅਤੇ ਭਾਜਪਾ ਪੰਜਾਬ ਵਿੱਚ ਅਪਣੀ ਸਥਿਤੀ ਮਜ਼ਬੂਤ ਕਰਨ ਲਈ ਕਿਸੇ ਖੇਤਰੀ ਸਿਆਸੀ ਤਾਕਤ ਨਾਲ ਸਾਂਝੇਦਾਰੀ ਕਰਨ ਦੀ ਇੱਛੁਕ ਹੈ। ਇਹ ਗੱਲਬਾਤ ਉਸ ਵੇਲੇ ਸਾਹਮਣੇ ਆਈ ਹੈ ਜਦੋਂ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਅਪਣੀ ਸਥਾਪਨਾ ਤੋਂ ਬਾਅਦ ਲਗਾਤਾਰ ਅੰਦਰੂਨੀ ਚੁਣੌਤੀਆਂ ਅਤੇ ਸਿਆਸੀ ਝਟਕਿਆਂ ਦਾ ਸਾਹਮਣਾ ਕਰ ਰਿਹਾ ਹੈ। ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਨੂੰ ਹਾਲ ਹੀ ਵਿੱਚ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਦੋਸ਼ਾਂ ਤਹਿਤ ਪਾਰਟੀ ਵਿਚੋਂ ਕੱਢ ਦਿੱਤਾ ਗਿਆ ਸੀ। ਕੁਝ ਹੀ ਦਿਨਾਂ ਬਾਅਦ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ, ਜਿਸ ਨਾਲ ਨਵੀਂ ਪਾਰਟੀ ਨੂੰ ਵੱਡਾ ਝਟਕਾ ਲੱਗਾ। ਇਸ ਤੋਂ ਇਲਾਵਾ ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਵੀ ਅਸਤੀਫ਼ਾ ਦੇ ਦਿੱਤਾ ਹੈ। ਚਰਚਾ ਹੈ ਕਿ ਉਹ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਸਿਆਸੀ ਜਥੇਬੰਦੀ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਨਾਲ ਹੱਥ ਮਿਲਾ ਸਕਦੇ ਹਨ। ਦੂਜੇ ਪਾਸੇ ਇਹ ਵੀ ਚਰਚਾ ਹੈ ਕਿ ਅਕਾਲੀ ਦਲ (ਪੁਨਰ ਸੁਰਜੀਤ) ਨਾਲ ਗਠਜੋੜ ਕਰਕੇ ਭਾਜਪਾ ਦੇ ਹੱਥ ਕੁੱਝ ਵੀ ਨਹੀਂ ਲੱਗੇਗਾ ਕਿਉਂਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਵੀ ਭਾਜਪਾ ਨੇ ਢੀਂਡਸਾ ਅਤੇ ਕੈਪਟਨ ਅਮਰਿੰਦਰ ਸਿੰਘ ਨਾਲ ਗੱਠਜੋੜ ਕੀਤਾ ਸੀ ਪਰ ਇਨ੍ਹਾਂ ਦੇ ਪੱਲੇ ਕੁੱਝ ਵੀ ਨਹੀਂ ਪਿਆ ਸੀ ਕਿਉਂਕਿ ਪੰਜਾਬੀਆਂ ਦੀ ਨਜ਼ਰ ਵਿਚ ਅਸਲ ਸ਼੍ਰੋਮਣੀ ਅਕਾਲੀ ਦਲ ਉਹੀ ਹੈ ਜਿਸ ਦੀ ਅਗਵਾਈ ਸ. ਸੁਖਬੀਰ ਸਿੰਘ ਬਾਦਲ ਕਰ ਰਹੇ ਹਨ। ਇਕ ਅਕਾਲੀ ਆਗੂ ਨੇ ਅਪਣਾ ਨਾਮ ਨਾ ਛਾਪਣ ਦੀ ਸ਼ਰਤ ਉਤੇ ਕਿਹਾ ਕਿ ਅਸੀਂ ਤਾਂ ਪਹਿਲਾਂ ਹੀ ਆਖ ਰਹੇ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਪੰਜਾਬ ਦੇ ਹਿਤਾਂ ਨੂੰ ਦਿੱਲੀ ਕੋਲ ਗਹਿਣੇ ਰੱਖ ਦਿਤਾ ਹੈ ਅਤੇ ਇਸੇ ਤਹਿਤ ਹੀ ਉਹ ਅਕਾਲੀ ਦਲ ਨੂੰ ਖ਼ਤਮ ਕਰਕੇ ਖ਼ੁਦ ਪ੍ਰਧਾਨ ਬਣਨਾ ਚਾਹੁੰਦੇ ਸਨ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ 2022 ਵਾਲੀ ਗ਼ਲਤੀ ਹੀ ਦੋਹਰਾ ਰਹੀ ਹੈ ਅਤੇ ਉਸ ਨੂੰ ਨਤੀਜੇ ਵੀ 2022 ਵਾਲੇ ਹੀ ਮਿਲਣਗੇ।

Leave a Reply

Your email address will not be published. Required fields are marked *