ਰਾਮਾਂ ਮੰਡੀ ਨਗਰ ਕੌਂਸਲ ਚੋਣਾਂ: ਬੂਥ ਕੈਪਚਰਿੰਗ ਦੇ ਦੋਸ਼ਾਂ ਨਾਲ ਮਾਹੌਲ ਗਰਮਾਇਆ

ਕਨਿਆ ਹਾਈ ਸਕੂਲ ਪੋਲਿੰਗ ਬੂਥ ’ਤੇ ਹੰਗਾਮਾ, ਅਕਾਲੀ-ਕਾਂਗਰਸੀ ਉਮੀਦਵਾਰਾਂ ਨੇ ਦਰਵਾਜ਼ਾ ਬੰਦ ਕਰਕੇ ਕੋਸ਼ਿਸ਼ ਕੀਤੀ ਨਾਕਾਮ
ਤਲਵੰਡੀ ਸਾਬੋ, 25 ਮਈ (ਗੁਰਜੰਟ ਸਿੰਘ ਨਥੇਹਾ)- ਨਗਰ ਕੌਂਸਲ ਚੋਣਾਂ ਤਹਿਤ ਅੱਜ ਰਾਮਾਂ ਮੰਡੀ ਦੇ 13 ਵਾਰਡਾਂ ਵਿੱਚ ਵੋਟਿੰਗ ਸ਼ਾਂਤੀਪੂਰਵਕ ਢੰਗ ਨਾਲ ਸ਼ੁਰੂ ਹੋਈ, ਜਦਕਿ ਦੋ ਵਾਰਡਾਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਹਿਲਾਂ ਹੀ ਬਿਨਾਂ ਮੁਕਾਬਲੇ ਜੇਤੂ ਐਲਾਨੇ ਜਾ ਚੁੱਕੇ ਸਨ। ਦੁਪਹਿਰ ਤੱਕ ਵੋਟਿੰਗ ਪ੍ਰਕਿਰਿਆ ਆਮ ਰਹੀ, ਪਰ ਬਾਅਦ ਵਿੱਚ ਕੰਨਿਆ ਹਾਈ ਸਕੂਲ ਵਿੱਚ ਬਣੇ ਪੋਲਿੰਗ ਬੂਥਾਂ ’ਤੇ ਕਥਿਤ ਬੂਥ ਕੈਪਚਰਿੰਗ ਦੀ ਕੋਸ਼ਿਸ਼ ਨੂੰ ਲੈ ਕੇ ਮਾਹੌਲ ਤਣਾਅਪੂਰਨ ਹੋ ਗਿਆ। ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦੇ ਉਮੀਦਵਾਰਾਂ ਨੇ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਦੇ ਕਾਰਕੁਨ ਵੱਡੀ ਗਿਣਤੀ ਵਿੱਚ ਪੋਲਿੰਗ ਬੂਥ ਅੰਦਰ ਦਾਖਲ ਹੋਏ ਅਤੇ ਵੋਟਿੰਗ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਵਿਰੋਧੀ ਉਮੀਦਵਾਰਾਂ ਦੀ ਚੌਕਸੀ ਕਾਰਨ ਕਥਿਤ ਬੂਥ ਕੈਪਚਰਿੰਗ ਦੀ ਕੋਸ਼ਿਸ਼ ਨਾਕਾਮ ਰਹੀ। ਵਾਰਡ ਨੰਬਰ 15 ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਇੰਦਰਜੀਤ ਕੌਰ ਨੇ ਦੋਸ਼ ਲਗਾਇਆ ਕਿ ਹਲਕਾ ਵਿਧਾਇਕ ਦੇ ਭਰਾ ਦੀ ਅਗਵਾਈ ਹੇਠ ਦਰਜਨਾਂ ‘ਆਪ’ ਕਾਰਕੁਨ ਪੋਲਿੰਗ ਬੂਥ ਅੰਦਰ ਦਾਖਲ ਹੋ ਗਏ। ਉਨ੍ਹਾਂ ਦੱਸਿਆ ਕਿ ਸਥਿਤੀ ਨੂੰ ਦੇਖਦਿਆਂ ਉਨ੍ਹਾਂ ਅਤੇ ਕਾਂਗਰਸੀ ਉਮੀਦਵਾਰ ਨੇ ਪੋਲਿੰਗ ਬੂਥ ਦਾ ਦਰਵਾਜ਼ਾ ਅੰਦਰੋਂ ਬੰਦ ਕਰ ਲਿਆ, ਜਿਸ ਨਾਲ ਕਥਿਤ ਬੂਥ ਕੈਪਚਰਿੰਗ ਦੀ ਕੋਸ਼ਿਸ਼ ਨਾਕਾਮ ਹੋ ਗਈ। ਉੱਥੇ ਹੀ ਵਾਰਡ ਨੰਬਰ 12 ਤੋਂ ਕਾਂਗਰਸ ਉਮੀਦਵਾਰ ਸੰਤੋਸ਼ ਬਿੰਦਲ ਦੇ ਪਤੀ ਅਤੇ ਸਾਬਕਾ ਕੌਂਸਲਰ ਮਨੋਜ ਸੀੰਗੋਂ ਨੇ ਦੋਸ਼ ਲਗਾਇਆ ਕਿ ਹਲਕਾ ਵਿਧਾਇਕ ਅਤੇ ਉਨ੍ਹਾਂ ਦਾ ਭਰਾ ਬਾਹਰੀ ਵਿਅਕਤੀਆਂ ਨੂੰ ਨਾਲ ਲੈ ਕੇ ਵੋਟਿੰਗ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ‘ਆਪ’ ਸਮਰਥਕਾਂ ਵੱਲੋਂ ਪੋਲਿੰਗ ਬੂਥ ਵਿੱਚ ਜਬਰਦਸਤੀ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ। ਮਨੋਜ ਸੀੰਗੋਂ ਨੇ ਦੱਸਿਆ ਕਿ ਸੂਚਨਾ ਮਿਲਣ ’ਤੇ ਐੱਸਪੀ ਬਠਿੰਡਾ ਜਸਮੀਤ ਸਿੰਘ ਸਾਹੀਵਾਲ ਭਾਰੀ ਪੁਲਿਸ ਫੋਰਸ ਸਮੇਤ ਮੌਕੇ ’ਤੇ ਪਹੁੰਚੇ ਅਤੇ ਪੋਲਿੰਗ ਬੂਥ ਅੰਦਰ ਮੌਜੂਦ ਬਾਹਰੀ ਲੋਕਾਂ ਨੂੰ ਬਾਹਰ ਕੱਢਿਆ, ਜਿਸ ਤੋਂ ਬਾਅਦ ਸਥਿਤੀ ’ਤੇ ਕਾਬੂ ਪਾਇਆ ਗਿਆ।ਘਟਨਾ ਤੋਂ ਬਾਅਦ ਕਾਂਗਰਸੀ ਕਾਰਕੁਨਾਂ ਨੇ ਪੋਲਿੰਗ ਬੂਥ ਦੇ ਬਾਹਰ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਸਵਰਗਵਾਸੀ ਖੁਸ਼ਬਾਜ਼ ਸਿੰਘ ਜਟਾਣਾ ਦੀ ਟੀਮ ਦੇ ਰਣਜੀਤ ਸੰਧੂ ਨੇ ਥਾਣਾ ਮੁਖੀ ਕੌਰ ਸਿੰਘ ’ਤੇ ਪੱਖਪਾਤੀ ਰਵੱਈਆ ਅਪਣਾਉਣ ਦੇ ਦੋਸ਼ ਲਗਾਏ।ਰਣਜੀਤ ਸੰਧੂ ਨੇ ਕਿਹਾ ਕਿ ਇਸ ਤੋਂ ਪਹਿਲਾਂ ਨਾਮਜ਼ਦਗੀ ਪ੍ਰਕਿਰਿਆ ਦੌਰਾਨ ਵੀ ਵਿਰੋਧੀ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਪਾੜੇ ਗਏ ਸਨ ਅਤੇ ਕਈ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਰੱਦ ਕੀਤੀਆਂ ਗਈਆਂ ਸਨ। ਉਨ੍ਹਾਂ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਆਪਣੇ ਉਮੀਦਵਾਰਾਂ ਦੀ ਸੰਭਾਵਿਤ ਹਾਰ ਤੋਂ ਘਬਰਾਕੇ ਲੋਕਤੰਤਰੀ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਇਸ ਦਾ ਜਵਾਬ ਦੇਵੇਗੀ ਅਤੇ ਲੋਕਤੰਤਰ ਵਿਰੋਧੀ ਤਾਕਤਾਂ ਦਾ “ਸੂਪੜਾ ਸਾਫ” ਕਰੇਗੀ।
