ਕੁਰਾਲੀ ਵਿੱਚ ਚੋਣਾਂ ਦਾ ਕੰਮ ਅਮਨ ਅਮਾਨ ਨਾਲ ਨੇਪਰੇ ਚੜ੍ਹਿਆ
ਕੁਰਾਲੀ, 26 ਮਈ (ਰਾਜਾ ਸਿੰਘ ਭੰਗੂ)— ਕੁਰਾਲੀ ਸ਼ਹਿਰ ਵਿੱਚ ਅੱਜ ਹੋਈਆਂ ਨਗਰ ਕੌਂਸਲ ਚੋਣਾਂ ਦੌਰਾਨ ਵੋਟਿੰਗ ਦਾ ਕੰਮ ਕੁੱਲ ਮਿਲਾ ਕੇ ਅਮਨ-ਅਮਾਨ ਅਤੇ ਸ਼ਾਂਤੀਪੂਰਵਕ ਢੰਗ ਨਾਲ ਸੰਪੰਨ ਹੋਇਆ। ਸਵੇਰ ਤੋਂ ਹੀ ਸ਼ਹਿਰ ਦੇ ਵੱਖ-ਵੱਖ ਬੂਥਾਂ ‘ਤੇ ਵੋਟਰਾਂ ਦੀਆਂ ਲੰਬੀਆਂ ਕਤਾਰਾਂ ਦੇਖਣ ਨੂੰ ਮਿਲੀਆਂ ਅਤੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਆਪਣੇ ਮਤ ਦਾ ਪ੍ਰਯੋਗ ਕੀਤਾ। ਚੋਣਾਂ ਨੂੰ ਲੈ ਕੇ ਲੋਕਾਂ ਵਿੱਚ ਕਾਫ਼ੀ ਉਤਸ਼ਾਹ ਨਜ਼ਰ ਆਇਆ, ਪਰ ਇਸਦੇ ਨਾਲ ਹੀ ਬਹੁਤ ਸਾਰੇ ਬੂਥਾਂ ‘ਤੇ ਪ੍ਰਸ਼ਾਸਨਿਕ ਪ੍ਰਬੰਧਾਂ ਦੀ ਕਮੀ ਵੀ ਸਾਫ਼ ਤੌਰ ‘ਤੇ ਮਹਿਸੂਸ ਕੀਤੀ ਗਈ। ਤਿੱਖੀ ਗਰਮੀ ਅਤੇ ਸਿਖਰ ਦੁਪਹਿਰ ਦੇ ਸਮੇਂ ਵੋਟ ਪਾਉਣ ਲਈ ਪਹੁੰਚੇ ਸ਼ਹਿਰ ਵਾਸੀਆਂ ਨੂੰ ਪੀਣ ਵਾਲੇ ਪਾਣੀ ਦੀ ਵੱਡੀ ਕਮੀ ਦਾ ਸਾਹਮਣਾ ਕਰਨਾ ਪਿਆ। ਕਈ ਬੂਥਾਂ ‘ਤੇ ਨਾ ਤਾਂ ਠੰਢੇ ਪਾਣੀ ਦਾ ਕੋਈ ਢੁੱਕਵਾਂ ਪ੍ਰਬੰਧ ਸੀ ਅਤੇ ਨਾ ਹੀ ਲੋਕਾਂ ਲਈ ਬੈਠਣ ਦੀ ਕੋਈ ਵਿਵਸਥਾ ਦਿਖਾਈ ਦਿੱਤੀ। ਖਾਸ ਕਰਕੇ ਬਜ਼ੁਰਗਾਂ, ਮਹਿਲਾਵਾਂ ਅਤੇ ਅਪਾਹਿਜ ਵੋਟਰਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਵੀਲ ਚੇਅਰਾਂ ਦੇ ਪ੍ਰਬੰਧ ਨਾ ਹੋਣ ਕਾਰਨ ਕਈ ਬਜ਼ੁਰਗ ਵੋਟਰਾਂ ਨੂੰ ਆਪਣੇ ਪਰਿਵਾਰਕ ਮੈਂਬਰਾਂ ਦੇ ਸਹਾਰੇ ਬੂਥਾਂ ਤੱਕ ਪਹੁੰਚਣਾ ਪਿਆ। ਵੋਟਰਾਂ ਵੱਲੋਂ ਇਸ ਮਾਮਲੇ ‘ਤੇ ਨਾਰਾਜ਼ਗੀ ਵੀ ਜਤਾਈ ਗਈ ਅਤੇ ਪ੍ਰਸ਼ਾਸਨ ਤੋਂ ਭਵਿੱਖ ਵਿੱਚ ਵਧੀਆ ਪ੍ਰਬੰਧ ਕਰਨ ਦੀ ਮੰਗ ਕੀਤੀ ਗਈ। ਵੋਟਿੰਗ ਦੌਰਾਨ ਖਾਲਸਾ ਸਕੂਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਅਤੇ ਚਕਵਾਲ ਸਕੂਲ ਵਿਖੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਸਮਰਥਕਾਂ ਵਿਚਾਲੇ ਹਲਕੀ-ਫੁਲਕੀ ਬਹਿਸਬਾਜ਼ੀ ਵੀ ਹੁੰਦੀ ਰਹੀ। ਹਾਲਾਂਕਿ ਮੌਕੇ ‘ਤੇ ਤਾਇਨਾਤ ਪੁਲਿਸ ਅਤੇ ਸੁਰੱਖਿਆ ਕਰਮਚਾਰੀਆਂ ਨੇ ਸਥਿਤੀ ਨੂੰ ਤੁਰੰਤ ਕਾਬੂ ਵਿੱਚ ਰੱਖਿਆ ਅਤੇ ਕਿਸੇ ਵੀ ਅਣਚਾਹੀ ਘਟਨਾ ਨੂੰ ਵਾਪਰਨ ਤੋਂ ਰੋਕਿਆ। ਸ਼ਹਿਰ ਦੇ ਸੰਵੇਦਨਸ਼ੀਲ ਬੂਥਾਂ ‘ਤੇ ਪੁਲਿਸ ਵੱਲੋਂ ਵਿਸ਼ੇਸ਼ ਨਿਗਰਾਨੀ ਰੱਖੀ ਗਈ ਸੀ। ਚੋਣਾਂ ਦੌਰਾਨ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨੇ ਵੀ ਸ਼ਹਿਰ ਦੇ ਬੂਥਾਂ ਦਾ ਦੌਰਾ ਕਰਕੇ ਆਪਣੇ ਵਰਕਰਾਂ ਅਤੇ ਸਮਰਥਕਾਂ ਦਾ ਹੌਸਲਾ ਵਧਾਇਆ। ਕਾਂਗਰਸ ਪਾਰਟੀ ਵੱਲੋਂ ਜ਼ਿਲ੍ਹਾ ਪ੍ਰਧਾਨ ਕਮਲ ਕਿਸ਼ੋਰ ਕਾਲਾ, ਸਾਬਕਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ, ਗੁਰਿੰਦਰ ਸਿੰਘ ਕੈਰੋਂ, ਕਮਲਜੀਤ ਸਿੰਘ ਚਾਵਲਾ ਅਤੇ ਜਸਵਿੰਦਰ ਸਿੰਘ ਗੋਲਡੀ ਵੱਲੋਂ ਵੱਖ-ਵੱਖ ਬੂਥਾਂ ‘ਤੇ ਪਹੁੰਚ ਕਰਕੇ ਚੋਣ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਭਾਜਪਾ ਵੱਲੋਂ ਰਣਜੀਤ ਸਿੰਘ ਗਿੱਲ ਅਤੇ ਚਰਨਜੀਤ ਸਿੰਘ ਕਾਲੇਵਾਲ ਨੇ ਆਪਣੇ ਸਮਰਥਕਾਂ ਨਾਲ ਸੰਪਰਕ ਬਣਾਈ ਰੱਖਿਆ ਅਤੇ ਵਰਕਰਾਂ ਨੂੰ ਉਤਸ਼ਾਹਿਤ ਕੀਤਾ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਵੱਲੋਂ ਯੂਥ ਵੈਲਫੇਅਰ ਬੋਰਡ ਦੇ ਚੇਅਰਮੈਨ ਪਰਮਿੰਦਰ ਸਿੰਘ ਗੋਲਡੀ ਨੇ ਵੀ ਬੂਥਾਂ ਦਾ ਦੌਰਾ ਕਰਕੇ ਪਾਰਟੀ ਵਰਕਰਾਂ ਨਾਲ ਗੱਲਬਾਤ ਕੀਤੀ। ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕਾ ਇੰਚਾਰਜ ਰਵਿੰਦਰ ਸਿੰਘ ਖੇੜਾ ਅਤੇ ਚੌਧਰੀ ਸ਼ਿਆਮ ਲਾਲ ਗੂੜ੍ਹਾ ਨੇ ਵੀ ਵੱਖ-ਵੱਖ ਬੂਥਾਂ ‘ਤੇ ਪਹੁੰਚ ਕੇ ਸਮਰਥਕਾਂ ਨੂੰ ਹੌਸਲਾ ਦਿੱਤਾ ਅਤੇ ਵੋਟਰਾਂ ਨਾਲ ਸੰਪਰਕ ਕੀਤਾ।ਸ਼ਾਮ ਤੱਕ ਸ਼ਹਿਰ ਦੇ ਬਹੁਤ ਸਾਰੇ ਬੂਥਾਂ ‘ਤੇ ਵੋਟਿੰਗ ਸ਼ਾਂਤੀਪੂਰਵਕ ਢੰਗ ਨਾਲ ਜਾਰੀ ਰਹੀ ਅਤੇ ਲੋਕਾਂ ਨੇ ਲੋਕਤੰਤਰ ਦੇ ਇਸ ਤਿਉਹਾਰ ਵਿੱਚ ਵੱਧ ਚੜ੍ਹ ਕੇ ਭਾਗ ਲਿਆ। ਭਾਵੇਂ ਕੁਝ ਥਾਵਾਂ ‘ਤੇ ਪ੍ਰਬੰਧਾਂ ਦੀ ਕਮੀ ਨੂੰ ਲੈ ਕੇ ਲੋਕਾਂ ਵਿੱਚ ਨਾਰਾਜ਼ਗੀ ਵੀ ਰਹੀ, ਪਰ ਸਮੂਹਕ ਤੌਰ ‘ਤੇ ਚੋਣ ਪ੍ਰਕਿਰਿਆ ਸ਼ਾਂਤੀ ਅਤੇ ਸੁਚੱਜੇ ਮਾਹੌਲ ਵਿੱਚ ਸੰਪੰਨ ਹੋਈ।
