ਲੰਬੀ ਮੁਕੱਦਮੇਬਾਜ਼ੀ ਖ਼ਤਮ ਕਰ ਦਿੰਦੀ ਹੈ ਰਿਸ਼ਤਾ : ਸੁਪਰੀਮ ਕੋਰਟ

ਪਤਨੀ ਵਲੋਂ ਸਰੀਰਕ ਸਬੰਧ ਬਣਾਉਣ ਤੋਂ ਇਨਕਾਰ ਕਰਨਾ ਮਾਨਸਿਕ ਤਸ਼ੱਦਦ ਹੈ
ਨਵੀਂ ਦਿੱਲੀ, 4 ਜੂਨ (ਨਿਊਜ਼ ਟਾਊਨ ਨੈਟਵਰਕ) : ਸੁਪਰੀਮ ਕੋਰਟ ਨੇ ਇਕ ਅਹਿਮ ਫੈਸਲੇ ਵਿਚ 15 ਸਾਲਾਂ ਤੋਂ ਵੱਖ ਰਹਿ ਰਹੇ ਇਕ ਡਾਕਟਰ ਜੋੜੇ ਦੇ ਵਿਆਹ ਨੂੰ ਭੰਗ ਕਰ ਦਿਤਾ ਹੈ। ਅਦਾਲਤ ਨੇ ਸਾਫ਼ ਕਿਹਾ ਕਿ ਮਗਰਮੱਛ ਦੇ ਹੰਝੂ ਵਹਾਉਣ ਜਾਂ ਲੰਮੇ ਸਮੇਂ ਤਕ ਅਦਾਲਤੀ ਕੇਸਾਂ ਨੂੰ ਖਿੱਚਣ ਨਾਲ ਵਿਆਹ ਸਿਰਫ਼ ਕਾਗਜ਼ਾਂ ਤਕ ਹੀ ਸੀਮਤ ਰਹਿ ਜਾਂਦਾ ਹੈ। ਜਸਟਿਸ ਸੰਜੇ ਕਰੋਲ ਅਤੇ ਜਸਟਿਸ ਅਗਸਟੀਨ ਜਾਰਜ ਮਸੀਹ ਦੇ ਬੈਂਚ ਨੇ ਰਾਜਸਥਾਨ ਹਾਈ ਕੋਰਟ ਦੇ ਤਲਾਕ ਦੇ ਫੈਸਲੇ ਨੂੰ ਬਰਕਰਾਰ ਰੱਖਿਆ। ਹਾਈ ਕੋਰਟ ਨੇ ਪਤੀ ਦੇ ਪੱਖ ਵਿਚ ਤਲਾਕ ਇਸ ਅਧਾਰ ’ਤੇ ਦਿੱਤਾ ਸੀ ਕਿ ਪਤਨੀ ਵਲੋਂ ਸਰੀਰਕ ਸਬੰਧ ਬਣਾਉਣ ਤੋਂ ਇਨਕਾਰ ਕਰਨਾ ਮਾਨਸਿਕ ਤਸ਼ੱਦਦ ਹੈ। ਸੁਪਰੀਮ ਕੋਰਟ ਨੇ ਟਿਪਣੀ ਕਰਦਿਆਂ ਕਿਹਾ, ‘ਭਾਰਤ ਦੀਆਂ ਅਦਾਲਤਾਂ ਨੇ ਵਾਰ-ਵਾਰ ਇਹ ਸਪੱਸ਼ਟ ਕੀਤਾ ਹੈ ਕਿ ਸਰੀਰਕ ਨੇੜਤਾ ਨੂੰ ਰੋਕਣਾ ਗੰਭੀਰ ਭਾਵਨਾਤਮਕ ਪ੍ਰੇਸ਼ਾਨੀ ਪੈਦਾ ਕਰਦਾ ਹੈ ਅਤੇ ਵਿਆਹ ਦੀ ਨੀਂਹ ਨੂੰ ਕਮਜ਼ੋਰ ਕਰਦਾ ਹੈ।’ ਅਦਾਲਤ ਨੇ ਸੰਵਿਧਾਨ ਦੀ ਧਾਰਾ 142 ਦੀ ਵਰਤੋਂ ਕਰਦਿਆਂ ਕਿਹਾ ਕਿ ਇਸ ਰਿਸ਼ਤੇ ਵਿਚ ਸੁਧਾਰ ਦੀ ਕੋਈ ਗੁੰਜਾਇਸ਼ ਨਹੀਂ ਬਚੀ ਸੀ। ਬੈਂਚ ਨੇ ਕਿਹਾ, ‘ਲੰਮੇ ਸਮੇਂ ਤਕ ਵਿਆਹੁਤਾ ਰਿਸ਼ਤੇ ਨੂੰ ਖਿੱਚਣਾ ਸਿਰਫ਼ ਇਕ ਮਰੇ ਹੋਏ ਰਿਸ਼ਤੇ ਵਿਚ ਨਿਰਾਸ਼ਾ ਨੂੰ ਵਧਾਏਗਾ, ਜੋ ਦਿਨ-ਬ-ਦਿਨ ਸੜ ਰਿਹਾ ਹੈ ਅਤੇ ਸਮਾਜਕ, ਮਨੋਵਿਗਿਆਨਕ ਅਤੇ ਮਾਨਸਿਕ ਖੋਖਲਾਪਣ ਪੈਦਾ ਕਰ ਰਿਹਾ ਹੈ।’ ਅਦਾਲਤ ਮੁਤਾਬਕ ਅਜਿਹੀ ਸਥਿਤੀ ਵਿਚ ਵਿਆਹੁਤਾ ਸਬੰਧਾਂ ਨੂੰ ਖ਼ਤਮ ਕਰਨਾ ਹੀ ਦੋਹਾਂ ਧਿਰਾਂ ਅਤੇ ਸਮਾਜ ਦੇ ਹਿੱਤ ਵਿਚ ਹੈ।
