ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਿੱਤੇ ਹੋਏ ਉਮੀਦਵਾਰਾਂ ਨਾਲ ਮਿਲਣੀ ਕਰਨਾ ਵਰਕਰਾਂ ਲਈ ਮਾਣ ਵਾਲੀ ਗੱਲ : ਜੱਸੀ ਸੇਖੋ

ਧੂਰੀ, 4 ਜੂਨ ( ਵਿਕਾਸ ਵਰਮਾ ): ਫੂਡ ਕਾਰਪੋਰੇਸ਼ਨ ਪੰਜਾਬ ਦੇ ਮੈਂਬਰ ਜਸਬੀਰ ਸਿੰਘ ਜੱਸੀ ਸੇਖੋ ਨੇ ਰੋਜਾਨਾ ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਵੱਲੋਂ ਨਗਰ ਕੌਂਸਲ ਚੋਣਾਂ ਵਿੱਚ ਜਿੱਤੇ ਹੋਏ ਉਮੀਦਵਾਰਾਂ ਨਾਲ ਚੰਡੀਗੜ੍ਹ ਵਿਖੇ ਵਿਸ਼ੇਸ਼ ਮਿਲਣੀ ਕਰਕੇ ਉਨ੍ਹਾਂ ਦਾ ਹੌਸਲਾ ਵਧਾਉਣਾ ਇੱਕ ਇਤਿਹਾਸਕ ਅਤੇ ਸ਼ਲਾਘਾਯੋਗ ਕਦਮ ਹੈ। ਉਨ੍ਹਾਂ ਕਿਹਾ ਕਿ ਪਹਿਲੀ ਵਾਰ ਦੇਖਣ ਨੂੰ ਮਿਲਿਆ ਹੈ ਕਿ ਕਿਸੇ ਮੁੱਖ ਮੰਤਰੀ ਨੇ ਚੋਣਾਂ ਤੋਂ ਬਾਅਦ ਜਿੱਤੇ ਹੋਏ ਨੁਮਾਇੰਦਿਆਂ ਅਤੇ ਪਾਰਟੀ ਵਰਕਰਾਂ ਨੂੰ ਇਸ ਤਰ੍ਹਾਂ ਸਨਮਾਨ ਅਤੇ ਉਤਸ਼ਾਹ ਦਿੱਤਾ ਹੋਵੇ। ਜੱਸੀ ਸੇਖੋ ਨੇ ਕਿਹਾ ਕਿ ਮੁੱਖ ਮੰਤਰੀ ਦੀ ਇਸ ਮਿਲਣੀ ਨਾਲ ਪਾਰਟੀ ਦੇ ਹਰ ਵਰਕਰ ਵਿੱਚ ਨਵਾਂ ਜੋਸ਼, ਉਤਸ਼ਾਹ ਅਤੇ ਵਿਸ਼ਵਾਸ ਪੈਦਾ ਹੋਇਆ ਹੈ। ਵਰਕਰ ਆਪਣੇ ਆਪ ਨੂੰ ਸਨਮਾਨਿਤ ਮਹਿਸੂਸ ਕਰ ਰਹੇ ਹਨ ਅਤੇ ਪਾਰਟੀ ਪ੍ਰਤੀ ਉਨ੍ਹਾਂ ਦੀ ਨਿਸ਼ਠਾ ਹੋਰ ਮਜ਼ਬੂਤ ਹੋਈ ਹੈ। ਉਨ੍ਹਾਂ ਕਿਹਾ ਕਿ ਜਦੋਂ ਕਿਸੇ ਸੰਗਠਨ ਦਾ ਮੁਖੀ ਆਪਣੇ ਸਾਥੀਆਂ ਦੀ ਕਦਰ ਕਰਦਾ ਹੈ ਤਾਂ ਉਸ ਦਾ ਸਕਾਰਾਤਮਕ ਅਸਰ ਜ਼ਮੀਨੀ ਪੱਧਰ ਤੱਕ ਦਿਖਾਈ ਦਿੰਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਧੂਰੀ ਸਮੇਤ ਪੂਰੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਹੈ ਅਤੇ ਉਹ ਲੋਕਾਂ ਦੀਆਂ ਉਮੀਦਾਂ ਤੇ ਖਰਾ ਉਤਰਣ ਲਈ ਹੋਰ ਵੀ ਵੱਧ ਸਮਰਪਣ ਨਾਲ ਕੰਮ ਕਰਨਗੇ। ਜੱਸੀ ਸੇਖੋ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਇਹ ਸਨੇਹਾ ਅਤੇ ਸਨਮਾਨ ਵਰਕਰਾਂ ਲਈ ਹਮੇਸ਼ਾ ਯਾਦਗਾਰ ਰਹੇਗਾ ਅਤੇ ਉਨ੍ਹਾਂ ਨੂੰ ਲੋਕ ਸੇਵਾ ਲਈ ਨਵੀਂ ਪ੍ਰੇਰਣਾ ਦਿੰਦਾ ਰਹੇਗਾ।
