ਮੁੱਖ ਮੰਤਰੀ ਵਲੋਂ ਸਕੂਲ ਫ਼ੀਸ ਵਾਪਸੀ ਦਾ ਐਲਾਨ ਇਕ ਨਵੀਂ ਨੌਟੰਕੀ : ਰਣਬੀਰ ਸਿੰਘ ਢਿੱਲੋਂ

0

ਪੁੱਛਿਆ, ਐਮ.ਬੀ.ਬੀ.ਐਸ ਫ਼ੀਸ ਤੇ ਪ੍ਰਾਈਵੇਟ ਯੂਨੀਵਰਸਿਟੀਆਂ ਤੇ ਕਾਲਜਾਂ ਦੀ ਫੀਸ ਵੀ ਵਾਪਸ ਕਰਵਾਓਗੇ?

ਚੰਡੀਗੜ੍ਹ, 4 ਜੂਨ (ਦੁਰਗੇਸ਼ ਗਾਜਰੀ) : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਿਛਲੇ ਤਿੰਨ ਸੈਸ਼ਨਾਂ ਦੀ ਸਕੂਲ ਫੀਸ ਮਾਪਿਆਂ ਨੂੰ ਵਾਪਸ ਕਰਵਾਉਣ ਦੇ ਕੀਤੇ ਐਲਾਨ ਨੂੰ ਇਕ ਹੋਰ ਨੌਟੰਕੀ ਕਰਾਰ ਦਿੰਦਿਆਂ ਇਸਦੀ ਨਿਖੇਧੀ ਕੀਤੀ ਹੈ ਅਤੇ ਕਿਹਾ ਕਿ ਉਹ ਪ੍ਰਾਈਵੇਟ ਯੂਨੀਵਰਸਿਟੀਆਂ ਤੇ ਕਾਲਜਾਂ ਵੱਲੋਂ ਫੀਸਾਂ ਵਿਚ ਕੀਤੇ ਵਾਧੇ ਬਾਰੇ ਚੁੱਪੇ ਹਨ ਕਿਉਂਕਿ ਇਹ ਲੋਕ ਸੱਤਾਧਾਰੀ ਪਾਰਟੀ ਦਾ ਖ਼ਜ਼ਾਨਾ ਭਰ ਰਹੇ ਹਨ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਟੂਡੈਂਟਸ ਆਰਗੇਨਾਈਜੇਸ਼ਨ ਆਫ ਇੰਡੀਆ (ਐਸ ਓ ਆਈ) ਦੇ ਪ੍ਰਧਾਨ ਰਣਬੀਰ ਸਿੰਘ ਢਿੱਲੋਂ ਨੇ ਕਿਹਾ ਕਿ ਅਸੀਂ ਫੀਸਾਂ ਵਿਚ ਕੀਤਾ ਵਾਧਾ ਵਾਪਸ ਮਾਪਿਆਂ ਨੂੰ ਦੁਆਉਣ ਦੇ ਮੁੱਖ ਮੰਤਰੀ ਵੱਲੋਂ ਕੀਤੇ ਐਲਾਨ ਦਾ ਸਵਾਗਤ ਕਰਦੇ ਹਾਂ। ਉਹਨਾਂ ਕਿਹਾ ਕਿ ਪਰ ਮੁੱਖ ਮੰਤਰੀ ਇਹ ਵੀ ਦੱਸਣ ਕਿ ਇਹ ਫੈਸਲਾ ਪ੍ਰਾਈਵੇਟ ਯੂਨੀਵਰਸਿਟੀਆਂ ਤੇ ਕਾਲਜਾਂ ’ਤੇ ਕਿਉਂ ਲਾਗੂ ਨਹੀਂ ਕੀਤਾ ਗਿਆ ਜੋ ਵਿਦਿਆਰਥੀਆਂ ਤੋਂ ਮੋਟੀਆਂ ਫੀਸਾਂ ਵਸੂਲ ਰਹੇ ਹਨ। ਇਹਨਾਂ ਅਦਾਰਿਆਂ ਵਿਚ ਫੀਸਾਂ ਵਿਚ ਵਾਧੇ ਦੀ ਕੋਈ ਹੱਦ ਨਹੀਂ ਹੈ। ਐਸ ਓ ਆਈ ਆਗੂ ਨੇ ਕਿਹਾ ਕਿ ਅਜਿਹਾ ਇਸ ਕਰ ਕੇ ਹੈ ਕਿਉਂਕਿ ਇਹਨਾਂ ਪ੍ਰਾਈਵੇਟ ਯੂਨੀਵਰਸਿਟੀਆਂ ਤੇ ਕਾਲਜਾਂ ਦੇ ਮਾਲਕ ਸੱਤਾਧਾਰੀ ਪਾਰਟੀ ਦਾ ਖ਼ਜ਼ਾਨਾ ਭਰ ਰਹੇ ਹਨ ਅਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਪਸਾਰ ਵਾਸਤੇ ਇਸਨੂੰ ਫੰਡ ਪ੍ਰਦਾਨ ਕਰ ਰਹੇ ਹਨ। ਉਹਨਾਂ ਨੇ ਮੁੱਖ ਮੰਤਰੀ ਨੂੰ ਇਹ ਵੀ ਪੁੱਛਿਆ ਕਿ ਕੀ ਉਹ ਸਰਕਾਰੀ ਮੈਡੀਕਲ ਕਾਲਜਾਂ ਵਿਚ ਐਮ ਬੀ ਬੀ ਐਸ ਵਿਦਿਆਰਥੀਆਂ ਜਿਹਨਾਂ ਤੋਂ ਪਿਛਲੀ ਅਕਾਲੀ ਦਲ ਦੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ ਵੇਲੇ ਲਈ ਜਾਂਦੀ 4 ਲੱਖ ਰੁਪਏ ਫੀਸ ਦੀ ਥਾਂ ਹੁਣ ਲਈ ਜਾ ਰਹੀ 10 ਲੱਖ ਰੁਪਏ ਤੋਂ ਵੱਧ ਦੀ ਫੀਸ ਦੀ ਵੀ ਵਾਪਸੀ ਕਰਵਾਉਣਗੇ? ਉਹਨਾਂ ਕਿਹਾ ਕਿ ਆਪ ਸਰਕਾਰ ਵੱਲੋ਼ ਐਮ ਬੀ ਬੀ ਐਸ ਫੀਸਾਂ ਵਿਚ ਕੀਤੇ ਇਸ ਵਾਧੇ ਦੀ ਸਭ ਤੋਂ ਵੱਡੀ ਮਾਰ ਵਿਦਿਆਰਥੀਆਂ ਨੂੰ ਪਈ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਦੱਸਣ ਕਿ ਫੀਸਾਂ ਵਿਚ ਕੀਤਾ ਇਹ ਵਾਧਾ ਕਿਵੇਂ ਵਿਦਿਆਰਥੀਆਂ ਨੂੰ ਵਾਪਸ ਮਿਲੇਗਾ? ਢਿੱਲੋਂ ਨੇ ਕਿਹਾ ਕਿ ਭਗਵੰਤ ਮਾਨ ਵੱਲੋਂ ਸਕੂਲਾਂ ਤੋਂ ਫੀਸ ਵਾਪਸ ਕਰਵਾਉਣ ਦਾ ਕੀਤਾ ਐਲਾਨ ਹੋਰ ਕੁਝ ਨਹੀਂ ਬਲਕਿ ਇਕ ਹੋਰ ਡਰਾਮਾ ਹੈ ਜਿਸਦਾ ਮਕਸਦ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਢਹਿ ਢੇਰੀ ਹੋਣ ਸਮੇਤ ਸਰਕਾਰ ਦੀਆਂ ਅਸਫਲਤਾਵਾਂ ਅਤੇ 2022 ਵਿਚ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਾ ਕਰਨ ਤੋਂ ਲੋਕਾਂ ਦਾ ਧਿਆਨ ਭਟਕਾਉਣਾ ਹੈ।

Leave a Reply

Your email address will not be published. Required fields are marked *