ਐਨਸੀਈਆਰਟੀ ਨੇ ਪੁਸਤਕ ਵਿੱਚੋਂ ਫਰਾਂਸੀਸੀ ਤੇ ਰੂਸੀ ਇਨਕਲਾਬ ਦੇ ਅਧਿਆਏ ਹਟਾਏ

ਐਨਸੀਈਆਰਟੀ ਨੇ ਪੁਸਤਕ ਵਿੱਚੋਂ ਫਰਾਂਸੀਸੀ ...
ਨਵੀਂ ਦਿੱਲੀ: ਸਿੱਖਿਆ ਖੋਜ ਅਤੇ ਸਿਖਲਾਈ ਬਾਰੇ ਕੌਮੀ ਕੌਂਸਲ (ਐਨਸੀਈਆਰਟੀ) ਨੇ 9ਵੀਂ ਜਮਾਤ ਦੀ ਸਮਾਜਿਕ ਵਿਗਿਆਨ ਦੀ ਸੋਧੀ ਹੋਈ ਪਾਠ ਪੁਸਤਕ ਵਿੱਚ ਵੱਡੇ ਬਦਲਾਅ ਕੀਤੇ ਹਨ। ਨਵੀਂ ਪੁਸਤਕ ਵਿੱਚੋਂ ਫਰਾਂਸੀਸੀ ਇਨਕਲਾਬ, ਰੂਸੀ ਇਨਕਲਾਬ ਅਤੇ ਨਾਜ਼ੀਵਾਦ ਦੇ ਉਭਾਰ ਨਾਲ ਸੰਬੰਧਿਤ ਅਧਿਆਏ ਹਟਾ ਦਿੱਤੇ ਗਏ ਹਨ, ਜਦਕਿ ਵਿਸ਼ਵ ਇਤਿਹਾਸ ਨਾਲ ਜੁੜੇ ਇਹ ਵਿਸ਼ੇ ਹੁਣ 10ਵੀਂ ਜਮਾਤ ਦੇ ਪਾਠਕ੍ਰਮ ਵਿੱਚ ਸ਼ਾਮਲ ਕੀਤੇ ਜਾਣਗੇ।
ਸੋਧੀ ਗਈ ਏਕੀਕ੍ਰਿਤ ਪੁਸਤਕ ਵਿੱਚ ਇਤਿਹਾਸ, ਭੂਗੋਲ ਅਤੇ ਰਾਜਨੀਤੀ ਵਿਗਿਆਨ ਨੂੰ ਇੱਕਠੇ ਪੇਸ਼ ਕੀਤਾ ਗਿਆ ਹੈ। ਇਸ ਵਿੱਚ ‘ਮੁੱਢਲੇ ਮਨੁੱਖ ਅਤੇ ਮਨੁੱਖੀ ਸੱਭਿਅਤਾ ਦੀ ਸ਼ੁਰੂਆਤ’ ਨਾਮਕ ਨਵਾਂ ਅਧਿਆਏ ਸ਼ਾਮਲ ਕੀਤਾ ਗਿਆ ਹੈ, ਜਿਸ ਵਿੱਚ ਸ਼ਿਕਾਰ ਅਤੇ ਇਕੱਠ ਕਰਨ ਦੇ ਯੁੱਗ ਤੋਂ ਲੈ ਕੇ ਖੇਤੀਬਾੜੀ ਦੀ ਸ਼ੁਰੂਆਤ ਤੱਕ ਮਨੁੱਖੀ ਵਿਕਾਸ ਦੀ ਯਾਤਰਾ ਬਾਰੇ ਜਾਣਕਾਰੀ ਦਿੱਤੀ ਗਈ ਹੈ। ਪੁਸਤਕ ਵਿੱਚ ਮੈਸੋਪੋਟਾਮੀਆ, ਹੜੱਪਾ, ਮਿਸਰ ਅਤੇ ਚੀਨ ਦੀਆਂ ਪ੍ਰਾਚੀਨ ਸੱਭਿਅਤਾਵਾਂ ਦੇ ਨਾਲ-ਨਾਲ ਸੁਮੇਰੀਅਨ ਸਮਾਜ ਦੀਆਂ ਸਿੰਜਾਈ ਪ੍ਰਣਾਲੀਆਂ, ਵਾਸਤੂਕਲਾ ਅਤੇ ਸਮਾਜਿਕ ਢਾਂਚੇ ਬਾਰੇ ਵੀ ਵਿਸਤ੍ਰਿਤ ਜਾਣਕਾਰੀ ਸ਼ਾਮਲ ਕੀਤੀ ਗਈ ਹੈ। ਇਸ ਦੇ ਨਾਲ ਵਿਦਿਆਰਥੀਆਂ ਨੂੰ ਚਾਰ ਵੇਦਾਂ—ਰਿਗਵੇਦ, ਯਜੁਰਵੇਦ, ਸਾਮਵੇਦ ਅਤੇ ਅਥਰਵਵੇਦ—ਅਤੇ ਉਨ੍ਹਾਂ ਦੇ ਮਹੱਤਵ ਨਾਲ ਵੀ ਜਾਣੂ ਕਰਵਾਇਆ ਗਿਆ ਹੈ।
‘1000 ਈਸਵੀ ਤੱਕ ਰਾਜ ਅਤੇ ਸਮਾਜ’ ਸਿਰਲੇਖ ਵਾਲੇ ਅਧਿਆਏ ਵਿੱਚ ਵਰਣ ਅਤੇ ਜਾਤੀ ਪ੍ਰਣਾਲੀ ਦੇ ਵਿਕਾਸ ਬਾਰੇ ਚਰਚਾ ਕੀਤੀ ਗਈ ਹੈ। ਇਸ ਵਿੱਚ ਦੱਸਿਆ ਗਿਆ ਹੈ ਕਿ ਸ਼ੁਰੂਆਤੀ ਵੈਦਿਕ ਗ੍ਰੰਥ ਸਖ਼ਤ ਜਨਮ-ਆਧਾਰਿਤ ਸਮਾਜਿਕ ਵਿਵਸਥਾ ਦਾ ਸੰਕੇਤ ਨਹੀਂ ਦਿੰਦੇ ਅਤੇ ਸਮਾਜਿਕ ਪਛਾਣ ਕਿੱਤੇ, ਭੂਗੋਲ, ਭਾਸ਼ਾ ਅਤੇ ਰਿਸ਼ਤੇਦਾਰੀ ਵਰਗੇ ਕਾਰਕਾਂ ਨਾਲ ਬਣਦੀ ਸੀ।
ਇਸ ਤੋਂ ਇਲਾਵਾ ਨਵੇਂ ਪਾਠਕ੍ਰਮ ਵਿੱਚ ਭਾਰਤੀ ਗਿਆਨ ਪ੍ਰਣਾਲੀ ਨੂੰ ਵੀ ਖ਼ਾਸ ਤਰਜੀਹ ਦਿੱਤੀ ਗਈ ਹੈ। ਇਸ ਵਿੱਚ ਪੰਚਮਹਾਭੂਤ—ਧਰਤੀ, ਪਾਣੀ, ਅੱਗ, ਹਵਾ ਅਤੇ ਪੁਲਾੜ—ਦੀ ਧਾਰਨਾ, ਕੌਟਿਲਿਆ ਦੇ ਅਰਥਸ਼ਾਸਤਰ ਅਤੇ ਮਹਾਭਾਰਤ ਦੇ ਹਵਾਲਿਆਂ ਰਾਹੀਂ ਭਾਰਤੀ ਦਰਸ਼ਨ ਅਤੇ ਪ੍ਰਾਚੀਨ ਗਿਆਨ ਪਰੰਪਰਾ ਨੂੰ ਵੀ ਸ਼ਾਮਲ ਕੀਤਾ ਗਿਆ ਹੈ।
