ਨਗਰ ਕੌਂਸਲ ਚੋਣਾਂ: ਗੁਰਬਾਜ਼ ਸਿੰਘ ਸਿੱਧੂ ਨੇ ਕਾਂਗਰਸੀ ਉਮੀਦਵਾਰਾਂ ਦੇ ਹੱਕ ‘ਚ ਜਨ ਸਭਾਵਾਂ ਨੂੰ ਕੀਤਾ ਸੰਬੋਧਨ

0

ਤਲਵੰਡੀ ਸਾਬੋ, 23 ਮਈ (ਗੁਰਜੰਟ ਸਿੰਘ ਨਥੇਹਾ)- 26 ਮਈ ਨੂੰ ਹੋਣ ਜਾ ਰਹੀਆਂ ਨਗਰ ਕੌਂਸਲ ਮੌੜ ਮੰਡੀ ਦੀਆਂ ਚੋਣਾਂ ਲਈ ਚੋਣ ਪ੍ਰਚਾਰ ਦੇ ਅੰਤਿਮ ਦੌਰ ‘ਚ ਪਹੁੰਚਦਿਆਂ ਹੀ ਸਿਆਸੀ ਧਿਰਾਂ ਨੇ ਆਪੋ ਆਪਣੇ ਉਮੀਦਵਾਰਾਂ ਦੇ ਹੱਕ ਚ ਸਾਰੀ ਤਾਕਤ ਝੋਕ ਦਿੱਤੀ ਹੈ। ਇਸੇ ਲੜੀ ‘ਚ ਕਾਂਗਰਸੀ ਉਮੀਦਵਾਰਾਂ ਦੇ ਹੱਕ ‘ਚ ਜਿੱਥੇ ਪਿਛਲੇ ਦਿਨਾਂ ਤੋਂ ਸੀਨੀਅਰ ਕਾਂਗਰਸੀ ਆਗੂ ਜੀਤਮਹਿੰਦਰ ਸਿੰਘ ਸਿੱਧੂ ਸਾਬਕਾ ਵਿਧਾਇਕ ਵੱਲੋਂ ਜ਼ੋਰਦਾਰ ਚੋਣ ਮੁਹਿੰਮ ਚਲਾਈ ਜਾ ਰਹੀ ਹੈ ਉੱਥੇ ਹੁਣ ਉਨਾਂ ਦੇ ਪੁੱਤਰ ਤੇ ਹਲਕਾ ਤਲਵੰਡੀ ਸਾਬੋ ਤੋਂ ਸਰਗਰਮ ਨੌਜਵਾਨ ਕਾਂਗਰਸੀ ਆਗੂ ਗੁਰਬਾਜ਼ ਸਿੰਘ ਸਿੱਧੂ ਨੇ ਵੀ ਚੋਣ ਪ੍ਰਚਾਰ ‘ਚ ਸ਼ਾਮਿਲ ਹੁੰਦਿਆਂ ਅੱਜ ਅੱਧੀ ਦਰਜ਼ਨ ਵਾਰਡਾਂ ‘ਚ ਕਾਂਗਰਸੀ ਉਮੀਦਵਾਰਾਂ ਦੇ ਹੱਕ ‘ਚ ਚੋਣ ਜਨ ਸਭਾਵਾਂ ਨੂੰ ਸੰਬੋਧਨ ਕੀਤਾ। ਲੋਕਾਂ ਦੇ ਵੱਡੇ ਇਕੱਠਾਂ ਨੂੰ ਸੰਬੋਧਨ ਦੌਰਾਨ ਗੁਰਬਾਜ਼ ਸਿੰਘ ਸਿੱਧੂ ਨੇ ਕਿਹਾ ਕਿ 2022 ਵਿਧਾਨ ਸਭਾ ਚੋਣਾਂ ‘ਚ ਸਭ ਤੋਂ ਵੱਧ ਨੌਜਵਾਨਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਲਿਆਉਣ ‘ਚ ਅਹਿਮ ਰੋਲ ਅਦਾ ਕੀਤਾ ਪ੍ਰੰਤੂ ਸਰਕਾਰ ਦੇ ਸਵਾ ਚਾਰ ਸਾਲ ਦੇ ਕਾਰਜਕਾਲ ਦੌਰਾਨ ਉਹੀ ਨੌਜਵਾਨ ਨਿਰਾਸ਼ ਹਨ ਕਿਉਂਕਿ ਨੌਜਵਾਨਾਂ ਜਾਂ ਪੰਜਾਬ ਲਈ ਤਾਂ ਕੋਈ ਬਦਲਾਅ ਨਹੀ ਆਇਆ ਪਰ ਵਿਧਾਇਕ ਜਾਂ ਮੰਤਰੀ ਬਣ ਚੁੱਕੇ ‘ਆਪ’ ਆਗੂਆਂ ਦੀ ਜ਼ਿੰਦਗੀ ਜ਼ਰੂਰ ਬਦਲ ਗਈ ਹੈ। ਉਨਾਂ ਕਿਹਾ ਕਿ ਬੇਰੋਜ਼ਗਾਰੀ ਦਰ ਬਹੁਤ ਵਧ ਗਈ ਹੈ ਅਤੇ ਰੋਜ਼ਗਾਰ ਮੰਗਦੇ ਬੇਰੋਜ਼ਗਾਰਾਂ ਤੇ ਹਰ ਰੋਜ਼ ਸਰਕਾਰੀ ਜ਼ਬਰ ਕੀਤਾ ਜਾ ਰਿਹੈ। ਨੌਜਵਾਨਾਂ ਦੀ ਭਲਾਈ ਲਈ ਜਾਂ ਉਨਾਂ ਨੂੰ ਸਵੈ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਇਸ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ ਇੱਕ ਵੀ ਨੀਤੀ ਤਿਆਰ ਨਹੀ ਕੀਤੀ ਇਸ ਲਈ ਹੁਣ ਵੱਡੀ ਗਿਣਤੀ ਨੌਜਵਾਨ ਕਾਂਗਰਸ ਪਾਰਟੀ ਨਾਲ ਜੁੜ ਰਹੇ ਹਨ ਕਿਉਂਕਿ ਉਹ ਭਲੀਭਾਂਤ ਜਾਣਦੇ ਹਨ ਕਿ ਕੇਵਲ ਕਾਂਗਰਸ ਹੀ ਨੌਜਵਾਨਾਂ ਲਈ ਕੁਝ ਕਰਨ ਦਾ ਮਾਦਾ ਰੱਖਦੀ ਹੈ। ਸਿੱਧੂ ਨੇ ਮੌੜ ਮੰਡੀ ਦੇ ਵਿਕਾਸ ਲਈ ਲੋਕਾਂ ਨੂੰ ਕਾਂਗਰਸੀ ਉਮੀਦਵਾਰਾਂ ਨੂੰ ਜਿਤਾਉਣ ਦੀ ਅਪੀਲ ਕੀਤੀ।ਇਸ ਮੌਕੇ ਮੌੜ ਸ਼ਹਿਰ ਦੇ ਕਾਂਗਰਸੀ ਆਗੂਆਂ ਤੋਂ ਇਲਾਵਾ ਤਲਵੰਡੀ ਸਾਬੋ ਹਲਕੇ ਦੇ ਮੋਹਰੀ ਕਾਂਗਰਸੀ ਆਗੂ ਵੀ ਮੌਜੂਦ ਦਿਖਾਈ ਦਿੱਤੇ।

Leave a Reply

Your email address will not be published. Required fields are marked *