ਨਿਊਜ਼ੀਲੈਂਡ ’ਚ ਖ਼ਾਲਿਸਤਾਨੀ ਸਿੱਖਾਂ ਦੀ ਨੁਮਾਇੰਦਗੀ ਨਹੀਂ ਕਰ ਸਕਦੇ : ਪਰਮਾਰ

ਨਿਊਜ਼ੀਲੈਂਡ ’ਚ ਖ਼ਾਲਿਸਤਾਨੀ ਸਿੱਖਾਂ ਦੀ ...
ਵਲਿੰਗਟਨ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੋ ਦਿਨਾਂ ਨਿਊਜ਼ੀਲੈਂਡ ਦੌਰੇ ਤੋਂ ਪਹਿਲਾਂ ਨਿਊਜ਼ੀਲੈਂਡ ਦੀ ਸੰਸਦ ਮੈਂਬਰ ਪਰਮਜੀਤ ਪਰਮਾਰ ਨੇ ਖਾਲਿਸਤਾਨ ਸਮਰਥਕ ਪ੍ਰਦਰਸ਼ਨਾਂ ਨੂੰ ਲੈ ਕੇ ਚਿੰਤਾਵਾਂ ਨੂੰ ਘੱਟ ਦੱਸਦਿਆਂ ਕਿਹਾ ਹੈ ਕਿ ਅਜਿਹੇ ਲੋਕਾਂ ਦੀ ਗਿਣਤੀ ਬਹੁਤ ਘੱਟ ਹੈ ਅਤੇ ਉਹ ਨਿਊਜ਼ੀਲੈਂਡ ਦੇ ਵੱਡੇ ਸਿੱਖ ਭਾਈਚਾਰੇ ਦੀ ਨੁਮਾਇੰਦਗੀ ਨਹੀਂ ਕਰਦੇ। ਨੈਸ਼ਨਲ ਪਾਰਟੀ ਵੱਲੋਂ ਨਿਊਜ਼ੀਲੈਂਡ ਦੀ ਸੰਸਦ ਲਈ ਚੁਣੀ ਜਾਣ ਵਾਲੀ ਪਹਿਲੀ ਭਾਰਤੀ ਮੂਲ ਦੀ ਮਹਿਲਾ ਪਰਮਜੀਤ ਪਰਮਾਰ ਨੇ ਕਿਹਾ ਕਿ ਨਿਊਜ਼ੀਲੈਂਡ ਬੋਲਣ ਦੀ ਆਜ਼ਾਦੀ ਅਤੇ ਸ਼ਾਂਤਮਈ ਪ੍ਰਦਰਸ਼ਨ ਦੇ ਅਧਿਕਾਰ ਦਾ ਸਤਿਕਾਰ ਕਰਦਾ ਹੈ, ਪਰ ਇਹ ਅਧਿਕਾਰ ਕਿਸੇ ਵੀ ਤਰ੍ਹਾਂ ਦੀ ਧਮਕੀ, ਹਿੰਸਾ ਜਾਂ ਅਤਿਵਾਦ ਦੇ ਸਮਰਥਨ ਤੱਕ ਨਹੀਂ ਫੈਲਦੇ।
ਉਨ੍ਹਾਂ ਕਿਹਾ, “ਇਨ੍ਹਾਂ ਲੋਕਾਂ ਦੀ ਗਿਣਤੀ ਇੰਨੀ ਘੱਟ ਹੈ ਕਿ ਉਨ੍ਹਾਂ ਨੂੰ ਉਂਗਲਾਂ ‘ਤੇ ਗਿਣਿਆ ਜਾ ਸਕਦਾ ਹੈ। ਉਹ ਇੱਥੋਂ ਦੇ ਸਿੱਖ ਭਾਈਚਾਰੇ ਜਾਂ ਹੋਰ ਭਾਈਚਾਰਿਆਂ ਦੇ ਵਿਚਾਰਾਂ ਦੀ ਪ੍ਰਤੀਨਿਧਤਾ ਨਹੀਂ ਕਰਦੇ। ਜੇਕਰ ਹਿੰਸਾ ਜਾਂ ਅਤਿਵਾਦ ਦਾ ਕੋਈ ਸੰਕੇਤ ਮਿਲਦਾ ਹੈ ਤਾਂ ਕਾਨੂੰਨ ਅਨੁਸਾਰ ਕਾਰਵਾਈ ਹੋਣੀ ਚਾਹੀਦੀ ਹੈ। ਕਿਸੇ ਵੀ ਵਿਅਕਤੀ ਨੂੰ ਆਪਣੀ ਪਛਾਣ ਕਾਰਨ ਅਸੁਰੱਖਿਅਤ ਮਹਿਸੂਸ ਨਹੀਂ ਹੋਣਾ ਚਾਹੀਦਾ।” ਪਰਮਜੀਤ ਪਰਮਾਰ ਨੇ ਪ੍ਰਧਾਨ ਮੰਤਰੀ ਮੋਦੀ ਦੇ ਦੌਰੇ ਦੌਰਾਨ ਸੁਰੱਖਿਆ ਪ੍ਰਬੰਧਾਂ ‘ਤੇ ਵੀ ਭਰੋਸਾ ਜਤਾਇਆ। ਉਨ੍ਹਾਂ ਕਿਹਾ ਕਿ ਮੋਦੀ ਦੇ ਨਿਊਜ਼ੀਲੈਂਡ ਦੌਰੇ ਦੌਰਾਨ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਗਏ ਹਨ ਅਤੇ ਉਨ੍ਹਾਂ ਨੂੰ ਇਸ ਸਬੰਧੀ ਕੋਈ ਚਿੰਤਾ ਨਹੀਂ ਹੈ।
ਨਿਊਜ਼ੀਲੈਂਡ ਵਿੱਚ ਭਾਰਤੀਆਂ ‘ਤੇ ਹੋਏ ਹਮਲਿਆਂ ਦੇ ਮਾਮਲੇ ‘ਤੇ ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਕਾਨੂੰਨ ਸਾਰਿਆਂ ਲਈ ਇੱਕਸਮਾਨ ਹੈ। ਜੇਕਰ ਕੋਈ ਵਿਅਕਤੀ ਕਾਨੂੰਨੀ ਹੱਦਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਹਰ ਵਿਅਕਤੀ ਨੂੰ, ਭਾਵੇਂ ਉਸ ਦੀ ਨਸਲ ਜਾਂ ਮੂਲ ਦੇਸ਼ ਕੋਈ ਵੀ ਹੋਵੇ, ਸੁਰੱਖਿਅਤ ਮਹਿਸੂਸ ਕਰਨ ਦਾ ਅਧਿਕਾਰ ਹੈ।ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਸਟ੍ਰੇਲੀਆ ਦਾ ਦੌਰਾ ਸਮਾਪਤ ਕਰਨ ਤੋਂ ਬਾਅਦ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਦੇ ਸੱਦੇ ‘ਤੇ ਨਿਊਜ਼ੀਲੈਂਡ ਪਹੁੰਚਣਗੇ। ਦੌਰੇ ਦੌਰਾਨ ਦੋਵੇਂ ਨੇਤਾ ਆਰਥਿਕ, ਵਪਾਰਕ ਅਤੇ ਦੁਵੱਲੇ ਸਹਿਯੋਗ ਨੂੰ ਹੋਰ ਮਜ਼ਬੂਤ ਬਣਾਉਣ ਸਬੰਧੀ ਵਿਚਾਰ-ਵਟਾਂਦਰਾ ਕਰਨਗੇ।
