ਕਾਂਗਰਸੀ ਉਮੀਦਵਾਰਾਂ ਦੇ ਹੱਕ ‘ਚ ਸਾਬਕਾ ਵਿਧਾਇਕ ਸਿੱਧੂ ਨੇ ਕੀਤੀਆਂ ਨੁੱਕੜ ਸਭਾਵਾਂ

0

ਤਲਵੰਡੀ ਸਾਬੋ, 23 ਮਈ (ਗੁਰਜੰਟ ਸਿੰਘ ਨਥੇਹਾ)- ਨਗਰ ਕੌਂਸਲ ਚੋਣਾਂ ਲਈ ਚੋਣ ਪ੍ਰਚਾਰ ਦੇ ਸਮਾਪਤੀ ਵਾਲੇ ਪਾਸੇ ਵਧਣ ਦੇ ਨਾਲ ਹੀ ਸਿਆਸੀ ਧਿਰਾਂ ਨੇ ਆਪਣੇ ਉਮੀਦਵਾਰਾਂ ਦੇ ਹੱਕ ‘ਚ ਸਾਰਾ ਜ਼ੋਰ ਲਗਾ ਦਿੱਤਾ ਹੈ। ਇਸੇ ਕੜੀ ‘ਚ ਕਾਂਗਰਸ ਦੇ ਸੀਨੀਅਰ ਆਗੂ ਜੀਤਮਹਿੰਦਰ ਸਿੰਘ ਸਿੱਧੂ ਸਾਬਕਾ ਵਿਧਾਇਕ ਨੇ ਜਿੱਥੇ ਅੱਜ ਨਗਰ ਦੇ ਅੱਧੀ ਦਰਜ਼ਨ ਵਾਰਡਾਂ ‘ਚ ਕਾਂਗਰਸੀ ਉਮੀਦਵਾਰਾਂ ਦੇ ਹੱਕ ‘ਚ ਨੁੱਕੜ ਸਭਾਵਾਂ ਕੀਤੀਆਂ ਉੱਥੇ ਕਈ ਵਾਰਡਾਂ ‘ਚ ਘਰ ਘਰ ਤੱਕ ਪਹੁੰਚ ਕਰਕੇ ਲੋਕਾਂ ਨੂੰ ਕਾਂਗਰਸ ਦੇ ਹੱਕ ‘ਚ ਵੋਟ ਪਾਉਣ ਦੀ ਅਪੀਲ ਕੀਤੀ। ਟੀਮ ਸਿੱਧੂ ਵੱਲੋਂ ਮੁਹੱਈਆ ਕਰਵਾਈ ਜਾਣਕਾਰੀ ਮੁਤਾਬਿਕ ਸਿੱਧੂ ਨੇ ਨੁੱਕੜ ਸਭਾਵਾਂ ‘ਚ ਮੌਜੂਦਾ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਮੌੜ ਮੰਡੀ ਦੇ ਵਿਕਾਸ ਲਈ ਕੁਝ ਵੀ ਨਾ ਕਰਨ ਦਾ ਦਾਅਵਾ ਕੀਤਾ ਤਾਂ ਨਗਰ ਦੀਆਂ ਕਈ ਮੁਸ਼ਕਿਲਾਂ ਦੀ ਗੱਲ ਕਰਦਿਆਂ ਯਕੀਨ ਦਵਾਇਆ ਕਿ ਅਗਰ ਲੋਕ ਫਤਵਾ ਕਾਂਗਰਸ ਦੇ ਹੱਕ ‘ਚ ਆਉਂਦਾ ਹੈ ਤਾਂ ਉਕਤ ਮੁਸ਼ਕਿਲਾਂ ਪਹਿਲ ਦੇ ਆਧਾਰ ਤੇ ਹੱਲ ਕੀਤੀਆਂ ਜਾਣਗੀਆਂ। ਉਨਾਂ ਕਿਹਾ ਕਿ ਉਨਾਂ ਨੇ ਜੋ ਵੀ ਕੰਮ ਕਿਹਾ ਹੈ ਉਹ ਕਰਵਾਇਆ ਵੀ ਹੈ। ਉਨਾਂ ਅਪੀਲ ਕੀਤੀ ਕਿ ਲੋਕ ਸਾਥ ਦੇਣ ਤਾਂ ਆਉਣ ਵਾਲੇ ਸਮੇਂ ‘ਚ ਨਾ ਕੇਵਲ ਮੌੜ ਮੰਡੀ ਸ਼ਹਿਰ ਨੂੰ ਵਿਕਾਸ ਪੱਖੋਂ ਨਮੂਨੇ ਦਾ ਸ਼ਹਿਰ ਬਣਾਇਆ ਜਾਵੇਗਾ ਸਗੋਂ ਕੋਸ਼ਿਸ ਕਰਾਂਗੇ ਕਿ ਨਗਰ ਨੂੰ ਵਪਾਰਕ ਹੱਬ ਬਣਾਇਆ ਜਾ ਸਕੇ ਤਾਂ ਕਿ ਵਪਾਰੀਆਂ ਅਤੇ ਦੁਕਾਨਦਾਰਾਂ ਨੂੰ ਫਾਇਦਾ ਹੋ ਸਕੇ।ਉਨਾਂ ਕਿਹਾ ਕਿ ਕਾਂਗਰਸ ਸਰਕਾਰ ਬਨਣ ‘ਤੇ ਮੌੜ ਮੰਡੀ ਨਗਰ ਚ ਇੱਕ ਉੱਚ ਪੱਧਰੀ ਵਿੱਦਿਅਕ ਸੰਸਥਾ ਦਾ ਵੀ ਨਿਰਮਾਣ ਕਰਵਾਇਆ ਜਾਵੇਗਾ ਤਾਂ ਕਿ ਉੱਚ ਸਿੱਖਿਆ ਲਈ ਇੱਥੋਂ ਦੇ ਬੱਚਿਆਂ ਨੂੰ ਦੁੂਰ ਦੁਰਾਡੇ ਨਾ ਜਾਣਾ ਪਵੇ। ਉਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸ਼ਹਿਰ ਦੇ ਵਿਕਾਸ ਲਈ ਉਹ ਕਾਂਗਰਸੀ ਉਮੀਦਵਾਰਾਂ ਨੂੰ ਜਿਤਾਉਣ। ਇਸ ਮੌਕੇ ਉਨਾਂ ਨਾਲ ਓਹਨਾਂ ਦੇ ਪੁੱਤਰ ਤੇ ਨੌਜਵਾਨ ਕਾਂਗਰਸੀ ਆਗੂ ਗੁਰਬਾਜ਼ ਸਿੰਘ ਸਿੱਧੂ, ਜਥੇਦਾਰ ਗੁਰਤੇਜ ਸਿੰਘ ਜੋਧਪੁਰ ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ ਤੋਂ ਇਲਾਵਾ ਵੱਡੀ ਗਿਣਤੀ ਨਗਰ ਤੇ ਇਲਾਕੇ ਦੇ ਕਾਂਗਰਸੀ ਆਗੂ ਤੇ ਵਰਕਰ ਮੌਜੂਦ ਸਨ।

Leave a Reply

Your email address will not be published. Required fields are marked *