ਕੈਬਨਿਟ ਮੰਤਰੀ ਸੰਜੀਵ ਅਰੋੜਾ ਦੇ ਘਰ ਈਡੀ ਦੀ ਰੇਡ

ਚੰਡੀਗੜ੍ਹ, 9 ਮਈ (ਨਿਊਜ਼ ਟਾਊਨ ਨੈਟਵਰਕ) : ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ, ਕਿਉਂਕਿ ਅੱਜ ਸਵੇਰੇ ਐਨਫੋਰਸਮੈਂਟ ਡਾਇਰੈਕਟੋਰੇਟ (ED) ਦੀ ਟੀਮ ਨੇ ਚੰਡੀਗੜ੍ਹ ਦੇ ਸੈਕਟਰ 2 ਸਥਿਤ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ‘ਤੇ ਛਾਪੇਮਾਰੀ ਕੀਤੀ ਹੈ। ਇਸ ਕਾਰਵਾਈ ਦੌਰਾਨ ਈਡੀ ਅਧਿਕਾਰੀਆਂ ਦੀਆਂ ਕਰੀਬ ਅੱਠ ਗੱਡੀਆਂ ਰਿਹਾਇਸ਼ ਦੇ ਬਾਹਰ ਖੜ੍ਹੀਆਂ ਦੇਖੀਆਂ ਗਈਆਂ। ਇਹ ਤਾਜ਼ਾ ਕਾਰਵਾਈ ਅਰੋੜਾ ਦੀ ਰਿਹਾਇਸ਼ ‘ਤੇ ਪਈ ਤੀਜੀ ਰੇਡ ਹੈ। ਇਸ ਤੋਂ ਪਹਿਲਾਂ 17 ਅਪਰੈਲ ਨੂੰ ਈਡੀ ਨੇ ਕਥਿਤ ਵਿਦੇਸ਼ੀ ਮੁਦਰਾ ਉਲੰਘਣਾ (foreign exchange violations) ਦੀ ਜਾਂਚ ਦੇ ਹਿੱਸੇ ਵਜੋਂ ਅਰੋੜਾ ਨਾਲ ਸਬੰਧਤ ਕਈ ਰਿਹਾਇਸ਼ਾਂ ਅਤੇ ਕੰਮ ਦੇ ਸਥਾਨਾਂ ‘ਤੇ ਛਾਪੇਮਾਰੀ ਕੀਤੀ ਸੀ।
ਜ਼ਿਕਰਯੋਗ ਹੈ ਕਿ ਈਡੀ ਵੱਲੋਂ ਬੀਤੇ ਦਿਨੀਂ ਵੀ ਸੂਬੇ ਵਿੱਚ ਕਈ ਅਹਿਮ ਟਿਕਾਣਿਆਂ ‘ਤੇ ਛਾਪੇਮਾਰੀਆਂ ਕੀਤੀਆਂ ਗਈਆਂ ਸਨ ਅਤੇ ਜਾਂਚ ਦਾ ਇਹ ਸਿਲਸਿਲਾ ਲਗਾਤਾਰ ਜਾਰੀ ਹੈ। ਗ਼ੌਰਤਲਬ ਹੈ ਕਿ ਸੰਜੀਵ ਅਰੋੜਾ ਨੇ ਬੀਤੇ ਦਿਨੀਂ ਬਿਆਨ ਦਿੱਤਾ ਸੀ ਕਿ, ਜਿਸ ਵਿੱਚ ਉਨ੍ਹਾਂ ਨੇ ਸਪੱਸ਼ਟ ਕੀਤਾ ਸੀ ਕਿ ਉਹ ਕਿਸੇ ਹੋਰ ਪਾਰਟੀ ਵਿੱਚ ਨਹੀਂ ਜਾ ਰਹੇ ਅਤੇ ‘ਆਪ’ ਦੇ ਨਾਲ ਚੱਟਾਨ ਵਾਂਗ ਖੜ੍ਹੇ ਹਨ। ਉਨ੍ਹਾਂ ਨੇ ਵਿਰੋਧੀਆਂ ਨੂੰ ਵੰਗਾਰਦਿਆਂ ਕਿਹਾ ਸੀ ਕਿ ਉਹ ਅਜਿਹੀਆਂ ਕਾਰਵਾਈਆਂ ਤੋਂ ਡਰਨ ਵਾਲੇ ਨਹੀਂ ਹਨ ਅਤੇ ਅੰਤ ਤੱਕ ਪਾਰਟੀ ਪ੍ਰਤੀ ਵਫ਼ਾਦਾਰ ਰਹਿਣਗੇ। ਫਿਲਹਾਲ ਮੰਤਰੀ ਦੇ ਨਿਵਾਸ ‘ਤੇ ਈਡੀ ਦੀ ਜਾਂਚ ਜਾਰੀ ਹੈ, ਹੋਰ ਵੇਰਵਿਆਂ ਦੀ ਉਡੀਕ ਹੈ।
ਮੁੱਖ ਮੰਤਰੀ ਮਾਨ ਵੱਲੋਂ ਤਿੱਖੀ ਪ੍ਰਤੀਕਿਰਿਆ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅਰੋੜਾ ਦੇ ਘਰ ਹੋਈ ਤਾਜ਼ਾ ਛਾਪੇਮਾਰੀ ‘ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕੇਂਦਰ ਸਰਕਾਰ ‘ਤੇ ਸਿਆਸੀ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ, ‘‘ਅੱਜ ਫ਼ਿਰ ਤੋਂ BJP ਦੀ ED ਸੰਜੀਵ ਅਰੋੜਾ ਦੇ ਘਰ ਆਈ ਹੈ। ਇੱਕ ਸਾਲ ਵਿੱਚ ਇਹ ਤੀਜੀ ਵਾਰ ਉਹਨਾਂ ਦੇ ਘਰ BJP ਦੀ ED ਆਈ ਹੈ ਤੇ ਇੱਕ ਮਹੀਨੇ ‘ਚ ਦੂਜੀ ਵਾਰ। ਫ਼ਿਰ ਵੀ ਕੁਝ ਨਹੀਂ ਮਿਲਿਆ ਉਨ੍ਹਾਂ ਨੂੰ। ਮੈਂ ਮੋਦੀ ਜੀ ਨੂੰ ਦੱਸਣਾ ਚਾਹੁੰਦਾ ਹਾਂ ਕਿ ਪੰਜਾਬ ਗੁਰੂਆਂ ਦੀ ਧਰਤੀ ਹੈ, ਔਰੰਗਜ਼ੇਬ ਵੀ ਨਹੀਂ ਝੁਕਾ ਸਕਿਆ ਸੀ। ਇਹ ਭਗਤ ਸਿੰਘ ਦੀ ਧਰਤੀ ਹੈ ਜੋ ਅੰਗਰੇਜ਼ਾਂ ਦੇ ਅੱਗੇ ਕਦੇ ਵੀ ਨਹੀਂ ਝੁਕੇ, ਤਾਂ ਮੋਦੀ ਦੀਆਂ ਚਾਲਾਂ ਅੱਗੇ ਪੰਜਾਬ ਕਦੇ ਵੀ ਨਹੀਂ ਝੁਕੇਗਾ। ED-BJP ਦੇ ਇਸ ਅਨੈਤਿਕ ਗੱਠਜੋੜ ਦਾ ਅੰਤ ਪੰਜਾਬ ਹੀ ਕਰੇਗਾ। ’’
