ਕਰੋੜਾਂ ਦੇ ਫਰਜ਼ੀ ਬਿਲਿੰਗ ਕਰਨ ਵਾਲੀ ਲੁਧਿਆਣਾ ਫਰਮ ਦਾ ਡਾਇਰੈਕਟਰ ਕਾਬੂ

0

15.56 ਕਰੋੜ ਦੇ GST ਚੋਰੀ ਦਾ ਮਾਮਲਾ ਆਇਆ ਸਾਹਮਣੇ

ਚੰਡੀਗੜ੍ਹ, 8 ਮਈ (ਦੁਰਗੇਸ਼ ਗਾਜਰੀ) : ਵਿੱਤ, ਆਬਕਾਰੀ ਅਤੇ ਕਰ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਇੱਥੇ ਸਟੇਟ ਇੰਟੈਲੀਜੈਂਸ ਐਂਡ ਪ੍ਰੀਵੈਂਟਿਵ ਯੂਨਿਟ ਦੁਆਰਾ ਹਾਸਿਲ ਕੀਤੀ ਗਈ ਇੱਕ ਵੱਡੀ ਸਫਲਤਾ ਦੇ ਵੇਰਵਿਆਂ ਦਾ ਖੁਲਾਸਾ ਕਰਦਿਆਂ ਕਿਹਾ, “ਕਰ ਵਿਭਾਗ ਨੇ ਇੱਕ ਬਹੁਤ ਹੀ ਸੰਗਠਿਤ ਫਰਜ਼ੀ ਬਿਲਿੰਗ ਨੈਟਵਰਕ ਨੂੰ ਸਫਲਤਾਪੂਰਵਕ ਤਬਾਹ ਕਰਦਿਆਂ ਮੈਸਰਜ਼ ਏਪੀਆਈ ਪਲਾਸਟਿਕ ਰੀਸਾਈਕਲਰਜ਼ ਪ੍ਰਾਈਵੇਟ ਲਿਮਟਿਡ, ਲੁਧਿਆਣਾ ਦੇ ਡਾਇਰੈਕਟਰ ਅਤੇ ਅਧਿਕਾਰਤ ਹਸਤਾਖਰਕਰਤਾ ਪਰਮਜੀਤ ਸਿੰਘ ਨੂੰ 85.4 ਕਰੋੜ ਰੁਪਏ ਦੇ ਜਾਅਲੀ ਲੈਣ-ਦੇਣ ’ਤੇ ਗਲਤ ਤਰੀਕੇ ਨਾਲ ਫਰਜ਼ੀ ਇਨਪੁਟ ਟੈਕਸ ਕ੍ਰੈਡਿਟ ਦਾ ਲਾਭ ਲੈਣ ਅਤੇ 15.56 ਕਰੋੜ ਰੁਪਏ ਦਾ ਵੱਡਾ ਜੀ.ਐਸ.ਟੀ. ਘੁਟਾਲਾ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ।” ਵਿੱਤ ਮੰਤਰੀ ਨੇ ਕਿਹਾ, “ਦੋਸ਼ੀ ਫਰਮ ਯੋਜਨਾਬੱਧ ਅਤੇ ਸੰਗਠਿਤ ਟੈਕਸ ਚੋਰੀ ਵਿੱਚ ਸ਼ਾਮਲ ਸੀ। ਉਨ੍ਹਾਂ ਨੇ ਬਿਨਾਂ ਅਸਲ ਵਿੱਚ ਮਾਲ ਪ੍ਰਾਪਤ ਕੀਤੇ, ਕਈ ਸੂਬਿਆਂ ਵਿੱਚ ਗੈਰ-ਮੌਜੂਦ ਅਤੇ ਧੋਖਾਧੜੀ ਵਾਲੀਆਂ ਫਰਮਾਂ ਦੁਆਰਾ ਜਾਰੀ ਕੀਤੇ ਗਏ ਜਾਅਲੀ ਚਲਾਨਾਂ (ਬਿੱਲਾਂ) ਦੇ ਅਧਾਰ ’ਤੇ ਫਰਜ਼ੀ ਇਨਪੁਟ ਟੈਕਸ ਕ੍ਰੈਡਿਟ ਦਾ ਲਾਭ ਲਿਆ।” ਖੁਫ਼ੀਆ ਟੀਮਾਂ ਨੇ ਇਹ ਵੀ ਪਤਾ ਲਗਾਇਆ ਕਿ ਲੈਣ-ਦੇਣ ਵਿੱਚ ਸ਼ਾਮਲ ਕਈ ਸਪਲਾਇਰ ਫਰਮਾਂ ਨੂੰ ਸਬੰਧਤ ਜੀ.ਐਸ.ਟੀ. ਅਧਿਕਾਰੀਆਂ ਦੁਆਰਾ ਪਹਿਲਾਂ ਹੀ ਆਪਣੇ-ਆਪ ਰੱਦ, ਮੁਅੱਤਲ, ਜਾਂ ਗੈਰ-ਕਾਰਜਸ਼ੀਲ ਪਾਇਆ ਜਾ ਚੁੱਕਾ ਸੀ। ਹੁਣ ਤੱਕ ਸਾਹਮਣੇ ਆਈ ਕੁੱਲ ਧੋਖਾਧੜੀ 15.56 ਕਰੋੜ ਰੁਪਏ ਦੀ ਹੈ, ਅਤੇ ਇਹ ਅੰਕੜਾ ਹੋਰ ਵਧਣ ਦੀ ਸੰਭਾਵਨਾ ਹੈ।

Leave a Reply

Your email address will not be published. Required fields are marked *