ਦਸਵੀਂ ਅਤੇ ਬਾਰ੍ਹਵੀਂ ਜਮਾਤ ਦੇ ਹੋਣਹਾਰ ਵਿਦਿਆਰਥੀਆਂ ਦਾ ਜ਼ਿਲ੍ਹਾ ਪੱਧਰੀ ਸਨਮਾਨ


ਤਲਵੰਡੀ ਸਾਬੋ, 23 ਮਈ (ਗੁਰਜੰਟ ਸਿੰਘ ਨਥੇਹਾ)- ਕੁੱਝ ਪਲ ਅਜਿਹੇ ਹੁੰਦੇ ਹਨ ਜੋ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਅਤੇ ਸੀਨੇ ਵਿੱਚ ਮਾਣ ਦੀ ਗਰਮੀ ਭਰ ਦਿੰਦੇ ਹਨ। ਅੱਜ ਇੱਕ ਅਜਿਹਾ ਹੀ ਇਤਿਹਾਸਕ ਅਤੇ ਭਾਵੁਕ ਕਰ ਦੇਣ ਵਾਲਾ ਦਿਨ ਰਿਹਾ ਜਦੋਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਜਗਾ ਰਾਮ ਤੀਰਥ ਦੇ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੇ ਬੱਚਿਆਂ ਦਾ ਜਿਨ੍ਹਾਂ ਨੇ 90 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਉਹਨਾਂ ਮਿਹਨਤੀ ਅਤੇ ਹੋਣਹਾਰ ਮੈਰਿਟ ਪ੍ਰਾਪਤ ਬੱਚਿਆਂ ਦਾ ਜ਼ਿਲ੍ਹਾ ਪੱਧਰੀ ਸਨਮਾਨ ਕੀਤਾ ਗਿਆ, ਜਿਹੜਾ ਕਿ ਇਸ ਸਮਾਗਮ ਫ਼ਤਿਹ ਕਾਲਜ ਰਾਮਪੁਰਾ ਫੂਲ ਵਿਖੇ ਵਿਖੇ ਹੋਇਆ। ਇਹ ਸਿਰਫ਼ ਇੱਕ ਸਨਮਾਨ ਨਹੀਂ, ਬਲਕਿ ਉਨ੍ਹਾਂ ਬੱਚਿਆਂ ਦੇ ਹੌਸਲਿਆਂ ਦੀ ਜਿੱਤ ਹੈ ਜਿਨ੍ਹਾਂ ਨੇ ਮੁਸ਼ਕਿਲਾਂ ਨਾਲ ਲੜ ਕੇ ਆਪਣੀ ਕਿਸਮਤ ਖੁਦ ਲਿਖੀ ਹੈ। ਸਮਾਗਮ ਦੌਰਾਨ ਮੁੱਖ ਮਹਿਮਾਨ ਸ੍ਰੀ ਲਵਿਸ਼ ਚਾਵਲਾ ਕੰਟਰੋਲਰ ਪ੍ਰੀਖਿਆਵਾਂ ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ, ਹਲਕਾ ਵਿਧਾਇਕ ਮੌੜ ਮੰਡੀ ਸ. ਸੁਖਵੀਰ ਸਿੰਘ ਮਾਈਸਰਖਾਨਾ, ਮਾਨਯੋਗ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਬਠਿੰਡਾ ਸ੍ਰੀਮਤੀ ਮਮਤਾ ਖੁਰਾਣਾ ਸੇਠੀ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਬਠਿੰਡਾ ਸ੍ਰੀ ਚਮਕੌਰ ਸਿੰਘ ਨੇ ਵਿਸ਼ੇਸ਼ ਤੌਰ ‘ਤੇ ਪਹੁੰਚ ਕੇ ਬੱਚਿਆਂ ਦੀ ਹੌਸਲਾ ਅਫਜ਼ਾਈ ਕੀਤੀ ਅਤੇ ਆਪਣੀਆਂ ਅਸੀਸਾਂ ਦਿੱਤੀਆਂ। ਸਨਮਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਵਿੱਚ ਪਿੰਦਰਪਾਲ ਕੌਰ, ਬੀਰਦੀਪ ਕੌਰ, ਬੇਅੰਤ ਕੌਰ ਅਤੇ ਖੁਸ਼ਪ੍ਰੀਤ ਕੌਰ ਸ਼ਾਮਲ ਸਨ। ਇਹਨਾਂ ਵਿਦਿਆਰਥੀਆਂ ਨੇ ਚੰਗੇ ਨੰਬਰਾਂ ਨਾਲ ਜ਼ਿਲ੍ਹਾ ਪੱਧਰੀ ਸਨਮਾਨ ਹਾਸਲ ਕੀਤਾ। ਇਸ ਸਫਲਤਾ ਦਾ ਸਿਹਰਾ ਸਾਡੇ ਮਾਨਯੋਗ ਪ੍ਰਿੰਸੀਪਲ ਸ੍ਰੀ ਰਾਜੀਵ ਗੋਇਲ ਅਤੇ ਵਾਈਸ ਪ੍ਰਿੰਸੀਪਲ ਸ੍ਰੀ ਜਸਬੀਰ ਸਿੰਘ ਭਾਗੀਵਾਂਦਰ ਦੀ ਕੁਸ਼ਲ ਅਗਵਾਈ ਅਤੇ ਸਮੂਹ ਸਟਾਫ਼ ਦੀ ਦਿਨ-ਰਾਤ ਦੀ ਸਖ਼ਤ ਮਿਹਨਤ ਨੂੰ ਜਾਂਦਾ ਹੈ। ਪ੍ਰਿੰਸੀਪਲ ਨੇ ਇਸ ਸਾਨਦਾਰ ਪ੍ਰਾਪਤੀ ਦਾ ਸਿਹਰਾ ਸਟਾਫ ਦੀ ਸੱਚੀ ਸੋਚ ਅਤੇ ਲਗਨ ਨੂੰ ਦਿੱਤਾ ਜਿਸ ਸਦਕਾ ਸਕੂਲ ਦੀ ਨੁਹਾਰ ਬਦਲ ਗਈ ਹੈ। ਉਨ੍ਹਾਂ ਕਿਹਾ ਕਿ ਕਲਾਸ ਮੁਖੀ ਸ੍ਰੀਮਤੀ ਸੁਮਨ ਰਾਣੀ, ਸ. ਗੁਰਸ਼ਰਨ ਸਿੰਘ ਅੰਗਰੇਜ਼ੀ ਮਾਸਟਰ, ਸ੍ਰੀਮਤੀ ਸਿਮਰਨਜੀਤ ਕੌਰ ਨੇ ਵਿਦਿਆਰਥੀਆਂ ਨੂੰ ਯੋਗ ਅਗਵਾਈ ਦਿੱਤੀ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪ੍ਰਿੰਸੀਪਲ, ਵਾਈਸ ਪ੍ਰਿੰਸੀਪਲ ਅਤੇ ਕੈਂਪਸ ਮੈਨੇਜਰ ਹਰਭਜਨ ਸਿੰਘ ਦਾ ਵੀ ਸਨਮਾਨ ਕੀਤਾ ਗਿਆ। ਸਕੂਲ ਵਿੱਚ ਕੀਤੇ ਗਏ ਵੱਡੇ ਪ੍ਰਸ਼ਾਸਨਿਕ ਸੁਧਾਰਾਂ ਦਾ ਹੀ ਨਤੀਜਾ ਹੈ ਕਿ ਅੱਜ ਸਰਕਾਰੀ ਸਕੂਲਾਂ ਪ੍ਰਤੀ ਲੋਕਾਂ ਦਾ ਵਿਸ਼ਵਾਸ ਮੁੜ ਬਹਾਲ ਹੋਇਆ ਹੈ। ਜਿੱਥੇ ਇੱਕ ਸਮੇਂ ਅਨੁਮਾਨ ਸੀ ਕਿ ਵਿਦਿਆਰਥੀਆਂ ਦੀ ਗਿਣਤੀ 300 ਤੱਕ ਰਹਿ ਜਾਵੇਗੀ, ਉੱਥੇ ਹੀ ਸਕੂਲ ਦੀ ਸ਼ਾਨਦਾਰ ਸਫਲਤਾ ਨੂੰ ਦੇਖਦੇ ਹੋਏ ਪਿੰਡ ਵਾਸੀਆਂ ਅਤੇ ਵਿਦਿਆਰਥੀਆਂ ਨੇ ਅਥਾਹ ਪਿਆਰ ਤੇ ਸਹਿਯੋਗ ਦਿੱਤਾ ਜਿਸ ਸਦਕਾ ਇਹ ਗਿਣਤੀ ਅੱਜ 425 ਤੱਕ ਪਹੁੰਚ ਚੁੱਕੀ ਹੈ। ਇਹ ਸਿਰਫ਼ ਗਿਣਤੀ ਨਹੀਂ, ਇਹ ਸਰਕਾਰੀ ਸਿੱਖਿਆ ਦੇ ਮਿਆਰ ‘ਤੇ ਲੋਕਾਂ ਦੀ ਮੋਹਰ ਹੈ।
