ਬਾਲੀਵੁੱਡ ਦੇ ‘ਧੁਰੰਦਰ’ ਅਦਾਕਾਰ ਰਣਵੀਰ ਸਿੰਘ ਦਾ ਬਾਈਕਾਟ

ਫਿਲਮ ‘ਡੌਨ 3’ ਨੂੰ ਲੈ ਕੇ ਅਦਾਕਾਰ ‘ਤੇ ਲੱਗਿਆ ਬੈਨ
ਮੁੰਬਈ, 26 ਮਈ (ਨਿਊਜ਼ ਟਾਊਨ ਨੈਟਵਰਕ) : ਬਾਲੀਵੁੱਡ ਦੇ ‘ਧੁਰੰਦਰ’ ਯਾਨੀ ਰਣਵੀਰ ਸਿੰਘ ਨੂੰ ਲੈ ਕੇ ਇਸ ਵੇਲੇ ਦੀ ਸਭ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਫਿਲਮ ਇੰਡਸਟਰੀ ਵਿੱਚ ਰਣਵੀਰ ਸਿੰਘ ਦੇ ਬਾਈਕਾਟ ਦਾ ਐਲਾਨ ਕਰ ਦਿੱਤਾ ਗਿਆ ਹੈ। ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਐਂਪਲਾਈਜ਼ ਵੱਲੋਂ ਲਏ ਗਏ ਇਸ ਵੱਡੇ ਫੈਸਲੇ ਤੋਂ ਬਾਅਦ ਹੁਣ ਖੁਦ ਰਣਵੀਰ ਸਿੰਘ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ, ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਦਰਅਸਲ, ਇਹ ਸਾਰਾ ਹੰਗਾਮਾ ਸੁਪਰਹਿੱਟ ਫਰੈਂਚਾਈਜ਼ੀ ਫਿਲਮ ‘ਡੌਨ 3’ ਨੂੰ ਲੈ ਕੇ ਖੜ੍ਹਾ ਹੋਇਆ ਹੈ। ਫਿਲਮ ਦੇ ਮੇਕਰਸ ਫਰਹਾਨ ਅਖਤਰ ਅਤੇ ਰਿਤੇਸ਼ ਸਿਧਵਾਨੀ ਨੇ ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਐਂਪਲਾਈਜ਼ ਕੋਲ ਰਣਵੀਰ ਸਿੰਘ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ। ਇਲਜ਼ਾਮ ਹੈ ਕਿ ਰਣਵੀਰ ਸਿੰਘ ਬਿਲਕੁਲ ਐਨ ਮੌਕੇ ‘ਤੇ ਫਿਲਮ ‘ਡੌਨ 3’ ਤੋਂ ਪਿੱਛੇ ਹਟ ਗਏ। ਮੇਕਰਸ ਦਾ ਕਹਿਣਾ ਹੈ ਕਿ ਰਣਵੀਰ ਦੇ ਇਸ ਕਦਮ ਕਾਰਨ ਉਨ੍ਹਾਂ ਨੂੰ ਫਿਲਮ ਦੀਆਂ ਤਿਆਰੀਆਂ ਯਾਨੀ ਪ੍ਰੀ-ਪ੍ਰੋਡਕਸ਼ਨ ਵਿੱਚ ਲਗਪਗ 45 ਕਰੋੜ ਰੁਪਏ ਦਾ ਭਾਰੀ ਨੁਕਸਾਨ ਝੱਲਣਾ ਪਿਆ ਹੈ। ਫੈਡਰੇਸ਼ਨ ਮੁਤਾਬਕ, ਉਨ੍ਹਾਂ ਨੇ ਇਸ ਮਸਲੇ ਨੂੰ ਸੁਲਝਾਉਣ ਲਈ ਰਣਵੀਰ ਸਿੰਘ ਨੂੰ ਕਈ ਨੋਟਿਸ ਭੇਜੇ ਸਨ। ਪਰ ਜਦੋਂ ਅਦਾਕਾਰ ਵੱਲੋਂ ਕੋਈ ਤਸੱਲੀਬਖਸ਼ ਜਵਾਬ ਨਹੀਂ ਮਿਲਿਆ ਤਾਂ ਫੈਡਰੇਸ਼ਨ ਨੇ ਸਖ਼ਤ ਕਦਮ ਚੁੱਕਦੇ ਹੋਏ ਰਣਵੀਰ ਸਿੰਘ ਖਿਲਾਫ ਯਾਨੀ ਸਿੱਧੇ ਤੌਰ ‘ਤੇ ਬਾਈਕਾਟ ਦਾ ਐਲਾਨ ਕਰ ਦਿੱਤਾ। ਹੁਣ ਇਸ ਵੱਡੀ ਕਾਰਵਾਈ ਤੋਂ ਬਾਅਦ ਪੂਰੇ ਬਾਲੀਵੁੱਡ ਵਿੱਚ ਹਲਚਲ ਮਚ ਗਈ ਹੈ। ਹੁਣ ਇਸ ਪੂਰੇ ਬਾਈਕਾਟ ਡਰਾਮੇ ‘ਤੇ ਰਣਵੀਰ ਸਿੰਘ ਨੇ ਆਪਣੀ ਚੁੱਪੀ ਤੋੜ ਦਿੱਤੀ ਹੈ। ਰਣਵੀਰ ਸਿੰਘ ਦੇ ਅਧਿਕਾਰਤ ਬੁਲਾਰੇ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ- ‘ਰਣਵੀਰ ਫਿਲਮ ਜਗਤ ਅਤੇ ਡੌਨ ਫਰੈਂਚਾਈਜ਼ੀ ਦਾ ਦਿਲੋਂ ਸਤਿਕਾਰ ਕਰਦੇ ਹਨ। ਉਨ੍ਹਾਂ ਨੇ ਇਸ ਮਾਮਲੇ ‘ਤੇ ਜਾਣਬੁੱਝ ਕੇ ਚੁੱਪੀ ਧਾਰੀ ਹੋਈ ਸੀ ਕਿਉਂਕਿ ਉਹ ਮੰਨਦੇ ਹਨ ਕਿ ਪੇਸ਼ੇਵਰ ਗੱਲਬਾਤ ਨੂੰ ਮਰਿਆਦਾ ਨਾਲ ਹੀ ਸੰਭਾਲਿਆ ਜਾਣਾ ਚਾਹੀਦਾ ਹੈ।’ ਇੰਨਾ ਹੀ ਨਹੀਂ, ਰਣਵੀਰ ਦੇ ਵੱਲੋਂ ਇਹ ਵੀ ਸਾਫ਼ ਕਰ ਦਿੱਤਾ ਗਿਆ ਹੈ ਕਿ ਇਹ ਮਾਮਲਾ ਕੰਟਰੈਕਟ ਨਾਲ ਜੁੜਿਆ ਹੋਇਆ ਹੈ, ਇਸ ਲਈ ਫੈਡਰੇਸ਼ਨ ਇਸ ਦਾ ਫੈਸਲਾ ਕਰਨ ਲਈ ਸਹੀ ਜਗ੍ਹਾ ਨਹੀਂ ਹੈ, ਬਲਕਿ ਇਸ ਦਾ ਨਿਪਟਾਰਾ ਕਾਨੂੰਨੀ ਅਦਾਲਤ ਵਿੱਚ ਹੀ ਹੋਣਾ ਚਾਹੀਦਾ ਹੈ।
