ਅਦਾਕਾਰ ਯੋਗਰਾਜ ਸਿੰਘ ਨੂੰ ਵੱਡਾ ਝਟਕਾ

ਚੰਡੀਗੜ੍ਹ ਅਦਾਲਤ ਵੱਲੋਂ ਅਗਾਂਊਂ ਜ਼ਮਾਨਤ ਅਰਜ਼ੀ ਖਾਰਜ
ਚੰਡੀਗੜ੍ਹ, 26 ਮਈ (ਦੁਰਗੇਸ਼ ਗਾਜਰੀ) : ਚੰਡੀਗੜ੍ਹ ਦੀ ਇੱਕ ਅਦਾਲਤ ਨੇ ਅੱਜ ਸਾਬਕਾ ਕ੍ਰਿਕਟਰ ਅਤੇ ਦਿੱਗਜ ਅਦਾਕਾਰ ਯੋਗਰਾਜ ਸਿੰਘ ਵੱਲੋਂ ਦਾਇਰ ਕੀਤੀ ਅਗਾਂਊਂ ਜ਼ਮਾਨਤ ਦੀ ਅਰਜ਼ੀ ਖਾਰਜ ਕਰ ਦਿੱਤੀ ਹੈ। ਇਹ ਅਰਜ਼ੀ ਚੰਡੀਗੜ੍ਹ ਵਿੱਚ ਉਨ੍ਹਾਂ ਖ਼ਿਲਾਫ਼ ਦਰਜ ਉਸ ਐੱਫ.ਆਈ.ਆਰ. ਦੇ ਸਬੰਧ ਵਿੱਚ ਸੀ, ਜਿਸ ਵਿੱਚ ਇੱਕ ਵੈੱਬ ਸੀਰੀਜ਼ ਦੀ ਵਾਇਰਲ ਵੀਡੀਓ ਕਲਿੱਪ ਦੌਰਾਨ ਔਰਤਾਂ ਖ਼ਿਲਾਫ਼ ਕਥਿਤ ਤੌਰ ‘ਤੇ ਇਤਰਾਜ਼ਯੋਗ ਟਿੱਪਣੀਆਂ ਕਰਨ ਦੇ ਦੋਸ਼ ਲਾਏ ਗਏ ਹਨ। ਕ੍ਰਿਕਟ ਜਗਤ ਦੇ ਮਹਾਨ ਖਿਡਾਰੀ ਯੁਵਰਾਜ ਸਿੰਘ ਦੇ ਪਿਤਾ, ਅਦਾਕਾਰ ਯੋਗਰਾਜ ਸਿੰਘ ਨੇ ਚੰਡੀਗੜ੍ਹ ਵਿੱਚ ਐੱਫ.ਆਈ.ਆਰ. ਦਰਜ ਹੋਣ ਤੋਂ ਬਾਅਦ 16 ਮਈ 2026 ਨੂੰ ਅਗਾਂਊਂ ਜ਼ਮਾਨਤ ਲਈ ਜ਼ਿਲ੍ਹਾ ਅਦਾਲਤ ਤੱਕ ਪਹੁੰਚ ਕੀਤੀ ਸੀ। ਵਕੀਲ ਉੱਜਵਲ ਭਸੀਨ ਅਤੇ ਜਤਿਨ ਵਰਮਾ ਵੱਲੋਂ 14 ਮਈ 2026 ਨੂੰ ਦਿੱਤੀ ਗਈ ਇੱਕ ਰਸਮੀ ਸ਼ਿਕਾਇਤ ਤੋਂ ਬਾਅਦ ਚੰਡੀਗੜ੍ਹ ਪੁਲੀਸ ਨੇ ਸੈਕਟਰ 36 ਦੇ ਥਾਣੇ ਵਿੱਚ ਭਾਰਤੀ ਨਿਆ ਸੰਹਿਤਾ (ਬੀਐਨਐਸ) ਦੀ ਧਾਰਾ 79 ਅਤੇ ਇਨਫਰਮੇਸ਼ਨ ਟੈਕਨਾਲੋਜੀ ਐਕਟ 2000 ਦੀ ਧਾਰਾ 62ਏ ਤਹਿਤ ਇਹ ਮਾਮਲਾ ਦਰਜ ਕੀਤਾ ਸੀ। ਸ਼ਿਕਾਇਤਕਰਤਾਵਾਂ ਨੇ ਦੋਸ਼ ਲਾਇਆ ਕਿ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਇਸ ਕਲਿੱਪ ਵਿੱਚ ਯੋਗਰਾਜ ਸਿੰਘ ਵੱਲੋਂ ਕੀਤੀਆਂ ਗਈਆਂ ਟਿੱਪਣੀਆਂ ਨਾ ਸਿਰਫ਼ ਅਸ਼ਲੀਲ ਹਨ, ਬਲਕਿ ਔਰਤਾਂ ਪ੍ਰਤੀ ਨਫ਼ਰਤ ਨੂੰ ਵਧਾਉਂਦੀਆਂ ਹਨ ਅਤੇ ਸਮਾਜ ਵਿੱਚ ਔਰਤਾਂ ਦੇ ਸਨਮਾਨ ਨੂੰ ਠੇਸ ਪਹੁੰਚਾਉਂਦੀਆਂ ਹਨ। ਇਸ ਵਾਇਰਲ ਕਲਿੱਪ ਵਿੱਚ ਯੋਗਰਾਜ ਦਾ ਕਿਰਦਾਰ ਇੱਕ ਮਹਿਲਾ ਪੁਲੀਸ ਅਧਿਕਾਰੀ ‘ਤੇ ਕਥਿਤ ਤੌਰ ‘ਤੇ ਟਿੱਪਣੀ ਕਰਦਾ ਨਜ਼ਰ ਆ ਰਿਹਾ ਹੈ। ਯੋਗਰਾਜ ਦੇ ਵਕੀਲ ਨੇ ਬਚਾਅ ਪੱਖ ਵਿੱਚ ਦਲੀਲ ਦਿੱਤੀ ਕਿ ਅਦਾਕਾਰ ਸਿਰਫ਼ ਪਰਦੇ ‘ਤੇ ਇੱਕ ਕਾਲਪਨਿਕ ਕਿਰਦਾਰ ਨਿਭਾ ਰਿਹਾ ਸੀ ਅਤੇ ਉਹ ਇੱਕ ਪੇਸ਼ੇਵਰ ਅਦਾਕਾਰ ਵਜੋਂ ਕੰਟਰੈਕਟ (ਇਕਰਾਰਨਾਮੇ) ਨਾਲ ਪੂਰੀ ਤਰ੍ਹਾਂ ਬੱਝਿਆ ਹੋਇਆ ਸੀ। ਵਕੀਲ ਨੇ ਦਾਅਵਾ ਕੀਤਾ ਕਿ ਮੁਲਜ਼ਮ ਨੂੰ ਇਸ ਕੇਸ ਵਿੱਚ ਝੂਠਾ ਫਸਾਇਆ ਗਿਆ ਹੈ ਅਤੇ ਉਨ੍ਹਾਂ ਕੋਲੋਂ ਕੁਝ ਵੀ ਬਰਾਮਦ ਕੀਤਾ ਜਾਣਾ ਬਾਕੀ ਨਹੀਂ ਹੈ। ਹਾਲਾਂਕਿ, ਸਰਕਾਰੀ ਪੱਖ (ਸਟੇਟ) ਨੇ ਅਦਾਲਤ ਵਿੱਚ ਦਾਇਰ ਕੀਤੇ ਆਪਣੇ ਜਵਾਬ ਵਿੱਚ ਕਿਹਾ ਕਿ ਇਸ ਕੇਸ ਵਿੱਚ ਮੁਲਜ਼ਮ ਦੀ ਆਵਾਜ਼ ਦੇ ਸੈਂਪਲ ਲੈਣੇ ਬਹੁਤ ਜ਼ਰੂਰੀ ਹਨ। ਇਸ ਦੇ ਨਾਲ ਹੀ ਸਰਕਾਰ ਨੇ ਇਹ ਦਲੀਲ ਵੀ ਦਿੱਤੀ ਕਿ ਜਾਂਚ ਲਈ ਇਸ ਕਥਿਤ ਵੀਡੀਓ ਨਾਲ ਸਬੰਧਤ ਅਸਲ ਰਿਕਾਰਡ ਦੀ ਵੀ ਲੋੜ ਹੈ। ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਮੁਲਜ਼ਮ ਯੋਗਰਾਜ ਸਿੰਘ ਦੀ ਅਗਾਂਊਂ ਜ਼ਮਾਨਤ ਦੀ ਅਰਜ਼ੀ ਨੂੰ ਖਾਰਜ ਕਰ ਦਿੱਤਾ।
