ਮਾਲੇਰਕੋਟਲਾ ਦੇ ਵਾਰਡ ਨੰਬਰ 12 ਵਿੱਚ ਬੀ.ਜੇ.ਪੀ. ਨੂੰ ਵੱਡਾ ਝਟਕਾ, ਬੀ.ਜੀ.ਪੀ.ਆਗੂਆਂ ਨੇ ਵਿਧਾਇਕ ਮਾਲੇਰਕੋਟਲਾ ਦੀ ਮੌਜੂਦਗੀ ਚ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ

0

ਮਾਲੇਰਕੋਟਲਾ, 28 ਅਪ੍ਰੈਲ : ਮੁਨਸ਼ੀ ਫ਼ਾਰੂਕ
ਸਥਾਨਕ ਰਾਜਨੀਤੀ ਵਿੱਚ ਅੱਜ ਵੱਡਾ ਮੋੜ ਉਸ ਵੇਲੇ ਵੇਖਣ ਨੂੰ ਮਿਲਿਆ ਜਦੋਂ ਵਾਰਡ ਨੰਬਰ 12 ਵਿੱਚ ਬੀ.ਜੇ.ਪੀ. ਨੂੰ ਕਰਾਰਾ ਝਟਕਾ ਲੱਗਿਆ ਅਤੇ ਪਾਰਟੀ ਦੇ ਕਈ ਪ੍ਰਭਾਵਸ਼ਾਲੀ ਆਗੂਆਂ ਤੇ ਵਰਕਰਾਂ ਨੇ ਇਕੱਠੇ ਹੀ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਦਾ ਐਲਾਨ ਕਰ ਦਿੱਤਾ। ਇਹ ਸ਼ਾਮਿਲੀਅਤ ਮਾਲੇਰਕੋਟਲਾ ਦੇ ਐਮ.ਐਲ.ਏ ਡਾ. ਮੁਹੰਮਦ ਜਮੀਲ ਉਰ ਰਹਿਮਾਨ ਦੀ ਹਾਜ਼ਰੀ ਵਿੱਚ ਹੋਈ, ਜਿਸ ਨਾਲ ਖੇਤਰ ਦੀ ਰਾਜਨੀਤੀ ਵਿੱਚ ਨਵੀਂ ਚਰਚਾ ਛਿੜ ਗਈ ਹੈ ਅਤੇ ਇਸਨੂੰ ਆਉਣ ਵਾਲੇ ਸਮੇਂ ਵਿੱਚ ਪਾਰਟੀ ਦੀ ਮਜ਼ਬੂਤੀ ਵਜੋਂ ਦੇਖਿਆ ਜਾ ਰਿਹਾ ਹੈ।

ਪਾਰਟੀ ਵਿੱਚ ਸ਼ਾਮਿਲ ਹੋਣ ਵਾਲਿਆਂ ਵਿੱਚ ਓਮ ਪ੍ਰਕਾਸ਼ (ਮੀਤ ਪ੍ਰਧਾਨ, ਉਪ ਮੰਡਲ), ਆਕਾਸ਼ ਕੁਮਾਰ (ਮੀਤ ਪ੍ਰਧਾਨ, ਮੰਡਲ), ਆਮਿਤ ਕੁਮਾਰ (ਪ੍ਰਧਾਨ, ਐਸ.ਸੀ. ਮੋਰਚਾ), ਪੰਡਿਤ ਸੰਤੋਸ਼ ਕੁਮਾਰ (ਵਾਈਸ ਪ੍ਰਧਾਨ, ਮੰਡਲ), ਸੰਜੇ ਕੁਮਾਰ, ਮਹਿੰਦਰ ਕੁਮਾਰ, ਅਜੀਤ ਸਿੰਘ, ਸੰਜੂ ਸਿੰਘ, ਰੋਹਿਤ ਕੁਮਾਰ, ਪ੍ਰਦੀਪ ਕੁਮਾਰ, ਵਿਸ਼ਾਲ ਕੁਮਾਰ, ਅਰਮਾਨ, ਸਚਿਨ, ਨਿਖਲ, ਮਨੂੰ ਅਤੇ ਤਨੂੰ ਸਮੇਤ ਹੋਰ ਕਈ ਲੋਕ ਸ਼ਾਮਿਲ ਹਨ। ਉਨ੍ਹਾਂ ਸਭ ਨੇ ਕਿਹਾ ਕਿ ਉਹ ਲੋਕ-ਹਿਤ ਵਿੱਚ ਕੰਮ ਕਰਨ ਵਾਲੀ ਨੀਤੀ ਅਤੇ ਪਾਰਦਰਸ਼ੀ ਪ੍ਰਸ਼ਾਸਨ ਤੋਂ ਪ੍ਰਭਾਵਿਤ ਹੋ ਕੇ ਆਮ ਆਦਮੀ ਪਾਰਟੀ ਨਾਲ ਜੁੜੇ ਹਨ।

ਇਸ ਮੌਕੇ ਤੇ ਬੋਲਦੇ ਹੋਏ ਡਾ. ਜਮੀਲ ਉਰ ਰਹਿਮਾਨ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕੀਤੇ ਜਾ ਰਹੇ ਲੋਕ-ਹਿਤੈਸ਼ੀ ਕੰਮਾਂ ਕਾਰਨ ਹਰ ਵਰਗ ਵਿੱਚ ਭਰੋਸਾ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਚੋਣਾਂ ਦੌਰਾਨ ਕੀਤੀਆਂ ਗਰੰਟੀਆਂ ਨੂੰ ਜ਼ਮੀਨੀ ਪੱਧਰ ‘ਤੇ ਲਾਗੂ ਕਰਕੇ ਇੱਕ ਨਵਾਂ ਮਿਸਾਲ ਕਾਇਮ ਕੀਤਾ ਹੈ।

ਉਨ੍ਹਾਂ ਦੱਸਿਆ ਕਿ ਸਿੱਖਿਆ ਖੇਤਰ ਵਿੱਚ ਸਕੂਲਾਂ ਦੀ ਅਧੁਨਿਕਤਾ, ਮੋਹੱਲਾ ਕਲੀਨਿਕਾਂ ਰਾਹੀਂ ਮੁਫ਼ਤ ਇਲਾਜ, ਬਿਜਲੀ ਦੇ ਬਿੱਲਾਂ ਵਿੱਚ ਰਾਹਤ ਅਤੇ ਭ੍ਰਿਸ਼ਟਾਚਾਰ ਖ਼ਿਲਾਫ਼ ਸਖ਼ਤ ਕਾਰਵਾਈ ਵਰਗੇ ਕਦਮ ਲੋਕਾਂ ਲਈ ਵੱਡੀ ਰਾਹਤ ਸਾਬਤ ਹੋ ਰਹੇ ਹਨ। ਇਸ ਤੋਂ ਇਲਾਵਾ, ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰਨ, ਉਦਯੋਗਿਕ ਨਿਵੇਸ਼ ਨੂੰ ਆਕਰਸ਼ਿਤ ਕਰਨ ਅਤੇ ਪਿੰਡਾਂ-ਸ਼ਹਿਰਾਂ ਵਿੱਚ ਬਿਨ੍ਹਾਂ ਕਿਸੇ ਭੇਦਭਾਵ ਦੇ ਵਿਕਾਸ ਕਰਵਾਉਣ ‘ਤੇ ਖਾਸ ਧਿਆਨ ਦਿੱਤਾ ਜਾ ਰਿਹਾ ਹੈ।

ਉਨ੍ਹਾਂ ਹੋਰ ਕਿਹਾ ਕਿ ਮਾਂਵਾਂ-ਧੀਆਂ ਸਤਿਕਾਰ ਯੋਜਨਾ ਅਤੇ ਮੁੱਖ ਮੰਤਰੀ ਸਿਹਤ ਯੋਜਨਾ ਵਰਗੀਆਂ ਸਕੀਮਾਂ ਸਮਾਜਿਕ ਸੁਰੱਖਿਆ ਨੂੰ ਮਜ਼ਬੂਤ ਕਰ ਰਹੀਆਂ ਹਨ। ਮੈਰਿਟ ਦੇ ਆਧਾਰ ‘ਤੇ ਹਜ਼ਾਰਾਂ ਨੌਕਰੀਆਂ ਦੇਣ ਨਾਲ ਨੌਜਵਾਨਾਂ ਵਿੱਚ ਭਰੋਸਾ ਵਧਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਵੱਡੀ ਗਿਣਤੀ ਵਿੱਚ ਲੋਕ ਆਮ ਆਦਮੀ ਪਾਰਟੀ ਨਾਲ ਜੁੜ ਕੇ “ਰੰਗਲਾ ਪੰਜਾਬ” ਦੀ ਸਿਰਜਣਾ ਵਿੱਚ ਆਪਣਾ ਯੋਗਦਾਨ ਪਾਉਣਗੇ।ਇਸ ਮੌਕੇ ਪ੍ਰਧਾਨ ਅਬਦੁਲ ਸਕੂਰ,ਰਾਜਿੰਦਰ ਕੁਮਾਰ ਰਾਜੂ,ਯਾਸਰ ਅਰਥਾਤ ਙ ਵੀ ਹਾਜਰ ਸਨ।

Leave a Reply

Your email address will not be published. Required fields are marked *