ਨੂਰਪੁਰ ਲੁਬਾਣਾ ਵਿਖੇ “ਡਿਜ਼ੀਟਲ ਕ੍ਰਾਂਤੀ” ਤਹਿਤ ਸਮਾਗਮ ਉਲੀਕਿਆ ਗਿਆ

ਕਪੂਰਥਲਾ (ਬੀ ਐਸ ਥਿੰਦ )। ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਰਕਾਰੀ ਸਕੂਲਾਂ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਕਰਨ ਲਈ ਚਲਾਈ ਗਈ “ਡਿਜ਼ੀਟਲ ਕ੍ਰਾਂਤੀ” ਮੁਹਿੰਮ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂਰਪੁਰ ਲੁਬਾਣਾ ਕਪੂਰਥਲਾ ਵਿਖੇ 10 ਨਵੇਂ ਕੰਪਿਊਟਰਾਂ ਅਤੇ 02 ਇੰਟਰਐਕਟਿਵ ਫਲੈਟ ਪੈਨਲ (IFP) ਸਥਾਪਿਤ ਕੀਤੇ ਗਏ ਹਨ। ਇਸ ਸ਼ੁੱਭ ਮੌਕੇ ਤੇ ਵਿਭਾਗੀ ਹਦਾਇਤਾਂ ਅਨੁਸਾਰ ਸਕੂਲ ਵੱਲੋਂ ਇੱਕ ਵਿਸ਼ੇਸ਼ ਉਦਘਾਟਨੀ ਸਮਾਰੋਹ ਆਯੋਜਿਤ ਕੀਤਾ ਗਿਆ। ਇਸ ਮੌਕੇ ਸਕੂਲ ਪ੍ਰਿੰਸੀਪਲ ਪੁਨੀਤ ਪੁਰੀ ਸਟੇਟ ਐਵਾਰਡੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲਗਭਗ 5012 ਸਕੂਲਾਂ ਵਿੱਚ ਕੰਪਿਊਟਰ ਅਤੇ 3694 ਸਕੂਲਾਂ ਵਿੱਚ ਇੰਟਰੈਕਟਿਵ ਫਲੈਟ ਪੈਨਲ ਮੁੱਹਈਆ ਕਰਵਾਏ ਗਏ ਹਨ। ਉਹਨਾਂ ਕਿਹਾ ਕਿ ਇਹ ਪਹਿਲਕਦਮੀ ਵਿਦਿਆਰਥੀਆਂ ਦੇ ਸਿੱਖਣ ਦੇ ਤਰੀਕਿਆਂ ਨੂੰ ਬਦਲ ਦੇਵੇਗੀ ਅਤੇ ਉਹਨਾਂ ਨੂੰ ਵਿਸ਼ਵ ਪੱਧਰੀ ਡਿਜ਼ੀਟਲ ਬੁਨਿਆਦੀ ਢਾਂਚਾ ਪ੍ਰਦਾਨ ਕਰੇਗੀ। ਉਹਨਾਂ ਅੱਗੇ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਇਹ ਪ੍ਰੋਗਰਾਮ 5 ਮਈ ਤੋਂ 11 ਮਈ 2026 ਦੇ ਦਰਮਿਆਨ ਕਰਵਾਏ ਜਾਣੇ ਹਨ। ਲੈਬਿ ਇੰਚਾਰਜ਼ ਜਗਦੀਪ ਸਿੰਘ ਜੰਮੂ ਕੰਪਿਊਟਰ ਫੈਕਲਟੀ ਨੇ ਜਾਣਕਾਰੀ ਦਿੱਤੀ ਕਿ ਇਹਨਾਂ ਨਵੇਂ ਇੰਟਰਐਕਟਿਵ ਪੈਨਲਾਂ ਰਾਹੀਂ ਪੜ੍ਹਾਈ ਹੁਣ ਸਿਰਫ ਕਿਤਾਬਾਂ ਤੱਕ ਹੀ ਸੀਮਤ ਨਹੀਂ ਰਹੇਗੀ ਸਗੋਂ ਵਿਦਿਆਰਥੀ ਵਿਜ਼ੂਅਲ ਅਤੇ ਇੰਟਰਐਕਟਿਵ ਮਾਧਿਅਮ ਰਾਹੀਂ ਗੁੰਝਲਦਾਰ ਵਿਸ਼ਿਆਂ ਨੂੰ ਆਸਾਨੀ ਨਾਲ ਸਮਝ ਸਕਣਗੇ। ਉਹਨਾਂ ਕਿਹਾ ਕਿ ਕੰਪਿਊਟਰ ਲੈਬ ਦਾ ਆਧੁਨਿਕੀਕਰਨ ਹੋਣ ਨਾਲ ਵਿਦਿਆਰਥੀਆਂ ਦੀ ਤਕਨੀਕੀ ਮੁਹਾਰਤ ਵਿੱਚ ਵੱਡਾ ਵਾਧਾ ਹੋਵੇਗਾ। ਸਕੂਲ ਵਿਖੇ ਹੋਏ ਇਸ ਸਮਾਗਮ ਵਿੱਚ ਪਿੰਡ ਨੂਰਪੁਰ ਲੁਬਾਣਾ ਦੇ ਸਰਪੰਚ ਦਲਬੀਰ ਸਿੰਘ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਨਵੇਂ ਕੰਪਿਊਟਰਾਂ ਅਤੇ ਇੰਟਰਐਕਟਿਵ ਫਲੈਟ ਪੈਨਲਾਂ ਦਾ ਉਦਘਾਟਨ ਕੀਤਾ। ਇਸ ਮੌਕੇ ਸਮੂਹ ਪੰਚਾਇਤ ਮੈਂਬਰ, ਐੱਸ. ਐੱਮ.ਸੀ. ਕਮੇਟੀ, ਬੱਚਿਆਂ ਦੇ ਮਾਪੇ, ਪਤਵੰਤੇ ਸੱਜਣ ਅਤੇ ਸਕੂਲ ਸਟਾਫ ਅਨਿਲ ਕੁਮਾਰ, ਨਵੀਨ ਕੁਮਾਰ, ਰੁਪਿੰਦਰ ਕੌਰ, ਪਰਮਿੰਦਰ ਕੌਰ, ਰਤਨੀਵ ਸਿੰਘ, ਮੇਜਰ ਸਿੰਘ, ਗੁਰਪ੍ਰੀਤ ਸਿੰਘ ਅਤੇ ਅਜੈਬ ਸਿੰਘ ਆਦਿ ਹਾਜ਼ਰ ਸਨ।…
