10 ਹਜ਼ਾਰ ਰੁਪਏ ਪ੍ਰਤੀ ਹੱਜ ਯਾਤਰੀਆਂ ‘ਤੇ ਹੋਰ ਬੋਝ ਪਾਉਣਾ ਹੱਜ ਯਾਤਰੀਆਂ ਨਾਲ ਬੇਇਨਸਾਫੀ: ਐਡਵੋਕੇਟ ਸ਼ਮਸਾਦ

ਮਾਲੇਰਕੋਟਲਾ, 7 ਮਈ (ਮੁਨਸ਼ੀ ਫ਼ਾਰੂਕ) ) ਕੇਂਦਰੀ ਹੱਜ ਕਮੇਟੀ ਵੱਲੋਂ ਹਾਲ ਹੀ ‘ਚ ਪਵਿੱਤਰ ਹੱਜ ਯਾਤਰਾ ਦੇ ਜਾਣ ਵਾਲੇ ਹਾਜੀਆ ਨੂੰ 10 ਹਜ਼ਾਰ ਰੁਪਏ ਪ੍ਰਤੀ ਹੱਜ ਯਾਤਰੀ ਦਾ ਨਵਾਂ ਬੋਝ ਪਾਇਆ ਗਿਆ ਹੈ ।ਉਹ ਹਾਜੀਆਂ ਲਈ ਨਾਇਨਸਾਫੀ ਹੈ।ਜਿਸਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪੰਜਾਬ ਵਕਫ ਬੋਰਡ ਦੇ ਮੈਂਬਰ ਐਡਵੋਕੇਟ ਸ਼ਮਸਾਦ ਅਲੀ ਪ੍ਰੈਸ ਨੂੰ ਜਾਰੀ ਕੀਤੇ ਆਪਣੇ ਲਿਖਤੀ ਪ੍ਰੈਸ ਬਿਆਨ ‘ਚ ਕੀਤਾ।ਕੇਂਦਰੀ ਹੱਜ ਕਮੇਟੀ ਦੇ ਉਕਤ ਫੈਸਲੇ ਨੂੰ ਬਿਲਕੁਲ ਗਲਤ ਅਤੇ ਨਾਜਾਇਜ਼ ਕਰਾਰ ਦਿੰਦੇ ਹੋਏ ਐਡਵੋਕੇਟ ਸ਼ਮਸਾਦ ਅਲੀ ਨੇ ਜਿਥੇ ਇਸ ਦੀ ਸਖਤ ਨਿੰਦਾ ਕੀਤੀ ਉਥੇ ਸਰਕਾਰ ਨੂੰ ਤੁਰੰਤ ਇਹ ਸਰਕੂਲਰ ਵਾਪਸ ਲੈਣ ਦੀ ਮੰਗ ਵੀ ਕੀਤੀ ਹੈ।ਐਡਵੋਕੇਟ ਸ਼ਮਸਾਦ ਅਲੀ ਨੇ ਕਿਹਾ
ਕਿ ਹੱਜ ਇਕ ਪਵਿੱਤਰ ਧਾਰਮਿਕ ਫਰਜ਼ ਹੈ ਅਤੇ ਇਸ ਨੂੰ ਵਧੇਰੇ ਆਰਥਿਕ ਬੋਝ
ਨਾਲ ਜਾਣਾ ਨਹੀਂ ਜੋੜਿਆ ਚਾਹੀਦਾ।ਉਨ੍ਹਾਂ ਕਿਹਾ ਕਿ ਪਹਿਲਾਂ ਹੀ ਕੇਂਦਰ ਸਰਕਾਰ ਨੇ ਹੱਜ ਯਾਤਰਾ ‘ਤੇ ਮਿਲਦੀ ਆ ਰਹੀ ਸਬਸਿਡੀ ਨੂੰ ਖਤਮ ਕਰਕੇ ਪਵਿੱਤਰ ਹੱਜ ਯਾਤਰਾ ਲੱਖਾਂ ਰੁਪਏ ਮਹਿੰਗੀ ਕਰ ਦਿੱਤੀ ਹੈ, ਉਪਰੋਂ ਹੁਣ ਇਹ 10 ਹਜ਼ਾਰ ਦਾ ਨਵਾਂ ਬੋਝ
ਗਰੀਬ ਵਰਗ ਨਾਲ ਸਬੰਧਤ ਹੱਜ ਯਾਤਰੀਆਂ ਲਈ ਵੱਡੀ ਮੁਸ਼ਕਿਲ ਖੜ੍ਹੀ ਕਰ ਦੇਵੇਗਾ।ਉਨ੍ਹਾਂ ਕਿਹਾ ਕਿ ਬਹੁਤ ਸਾਰੇ ਗਰੀਬ ਤੇ ਮੱਧਵਰਗੀ ਹੱਜ ਯਾਤਰੀ ਪਵਿੱਤਰ ਹੱਜ ਯਾਤਰਾ ‘ਤੇ ਜਾਣ ਲਈ ਖਰਚ ਆਉਣ ਵਾਲੇ ਲੱਖਾਂ ਰੁਪਏ ਸਾਲਾਂ ਤੋਂ ਪੈਸਾ-ਪੈਸਾ ਜੋੜ ਕੇ ਇੱਕਠਾ ਕਰਦੇ ਹਨ, ਹੁਣ ਉਨ੍ਹਾਂ ਹੱਜ ਯਾਤਰੀਆਂ ਤੋਂ ਪ੍ਰਤੀ ਵਿਅਕਤੀ ਹੋਰ 10 ਹਜ਼ਾਰ ਰੁਪਏ ਦੀ ਵਾਧੂ ਮੰਗ ਕਰਨਾ ਜਿਥੇ ਉਨ੍ਹਾਂ ਨਾਲ ਧੱਕਾ ਹੈ ਉਥੇ ਸਰਕਾਰ ਦੀ ਖਾਸਕਰ ਗਰੀਬ ਵਰਗ ਨਾਲ ਵੱਡੀ ਬੇਇਨਸਾਫੀ ਹੈ।ਐਡਵੋਕੇਟ ਸ਼ਮਸਾਦ ਨੇ ਇਸ ਫੈਸਲੇ ਨੂੰ ਧਾਰਮਿਕ ਭਾਵਨਾਵਾਂ ਦੇ ਖਿਲਾਫ ਦੱਸਦਿਆਂ ਕਿਹਾ ਕਿ ਇਸ ਨਾਲ ਕਈ ਲੋਕਾਂ ਦੀ ਹੱਜ ਯਾਤਰਾ ਪ੍ਰਭਾਵਿਤ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ 10 ਹਜ਼ਾਰ ਰੁਪਏ ਪ੍ਰਤੀ ਹਾਜ਼ੀ ਪਾਏ ਜਾ ਰਹੇ ਇਸ ਨਵੇਂ ਵਾਧੂ ਬੋਝ ਦਾ ਕਾਰਨ ਮਿਡਲ ਈਸਟ ‘ਚ ਚੱਲ
ਰਹੇ ਸੰਕਟ ਨੂੰ ਲੈ ਕੇ ਇੰਧਨ ਦੀਆਂ ਕੀਮਤਾਂ ‘ਚ ਵਾਧਾ ਹੋਣਾ ਦੱਸਿਆ ਹੈ, ਪਰੰਤੂ ਇਹ ਜਾਇਜ਼ ਨਹੀਂ ਹੈ ਕਿਉਂਕਿ ਹੱਜ ਯਾਤਰੀ ਤਾਂ ਪਹਿਲਾਂ ਹੀ ਪੂਰੀ ਰਕਮ ਜਮ੍ਹਾ ਕਰਵਾ ਚੁੱਕੇ ਹਨ ਅਤੇ ਕਈ ਹੱਜ ਯਾਤਰੀ ਤਾਂ ਮੱਕਾ ਮਦੀਨਾਂ ਲਈ ਰਵਾਨਾਂ ਵੀ ਹੋ ਚੁੱਕੇ ਹਨ।
ਉਨ੍ਹਾਂ ਕਿਹਾ ਕਿ ਉਕਤ 10 ਹਜ਼ਾਰ ਰੁਪਏ ਦੀ ਵਾਧੂ ਫੀਸ ਜਮ੍ਹਾ ਕਰਾਉਣ ਦੀ ਆਖਰੀ ਮਿਤੀ 15 ਮਈ ਰੱਖਣਾ ਹੋਰ ਵੀ ਗਲਤ ਹੈ, ਕਿਉਂਕਿ ਇਸ ਸਮੇਂ ਦੌਰਾਨ ਬਹੁਤ ਸਾਰੇ ਹੱਜ ਯਾਤਰੀ ਮੱਕਾ ਮਦੀਨਾ ਜਾਣ ਲਈ ਯਾਤਰਾ ‘ਚ ਹੋਣਗੇ। ਐਡਵੋਕੇਟ ਸ਼ਮਸਾਦ ਅਲੀ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਲੋਕਾਂ ਦੀਆਂ ਭਾਵਨਾਵਾਂ ਨੂੰ ਧਿਆਨ ‘ਚ ਰੱਖਦਿਆਂ ਇਸ ਸਰਕੂਲਰ ਨੂੰ ਤੁਰੰਤ ਵਾਪਸ ਲਿਆ ਜਾਵੇ, ਨਹੀਂ ਤਾਂ ਸਰਕਾਰ ਦੇ ਇਸ ਫੈਸਲੇ ਖਿਲਾਫ ਸਖਤ ਵਿਰੋਧ ਕੀਤਾ ਜਾਵੇਗਾ।
