‘ਮੈਂ 20 ਸਾਲ ਪਹਿਲਾਂ ਬਣਾਈ ਸੀ ਸੈਮੀਕੰਡਕਟਰ ਪਲਾਂਟ ਦੀ ਯੋਜਨਾ’ : ਪੀ. ਐਮ. ਮੋਦੀ

‘ਮੈਂ 20 ਸਾਲ ਪਹਿਲਾਂ ਬਣਾਈ ਸੀ ਸੈਮੀਕੰਡਕਟਰ...
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਵੱਡਾ ਖੁਲਾਸਾ ਕਰਦਿਆਂ ਕਿਹਾ ਕਿ ਕਰੀਬ ਦੋ ਦਹਾਕੇ ਪਹਿਲਾਂ ਉਨ੍ਹਾਂ ਨੇ ਗੁਜਰਾਤ ਵਿੱਚ ਸੈਮੀਕੰਡਕਟਰ ਪਲਾਂਟ ਸਥਾਪਤ ਕਰਨ ਦੀ ਪੂਰੀ ਯੋਜਨਾ ਤਿਆਰ ਕਰ ਲਈ ਸੀ, ਪਰ ਉਸ ਸਮੇਂ ਦੀ ਕੇਂਦਰ ਸਰਕਾਰ ਦੇ ਅਸਹਿਯੋਗ ਕਾਰਨ ਇਹ ਪ੍ਰੋਜੈਕਟ ਅੱਗੇ ਨਹੀਂ ਵੱਧ ਸਕਿਆ। ਪ੍ਰਧਾਨ ਮੰਤਰੀ ਨੇ ਸ਼ਨੀਵਾਰ ਨੂੰ ਗੁਜਰਾਤ ਦੇ ਸਾਣੰਦ ਵਿੱਚ ਸੀਜੀ ਸੈਮੀ ਦੇ ਆਊਟਸੋਰਸਡ ਸੈਮੀਕੰਡਕਟਰ ਅਸੈਂਬਲੀ ਐਂਡ ਟੈਸਟ (OSAT) ਪਲਾਂਟ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਨੇ ਆਪਣੇ ਸਾਲਾਂ ਪੁਰਾਣੇ ਅਧੂਰੇ ਸੁਪਨੇ ਦਾ ਜ਼ਿਕਰ ਕੀਤਾ।
ਪ੍ਰਧਾਨ ਮੰਤਰੀ ਨੇ ਕਿਹਾ, “ਅੱਜ ਤੋਂ ਲਗਭਗ 20 ਸਾਲ ਪਹਿਲਾਂ, ਸ਼ਾਇਦ ਇਸ ਤੋਂ ਵੀ ਪਹਿਲਾਂ, ਮੈਂ ਗੁਜਰਾਤ ਵਿੱਚ ਸੈਮੀਕੰਡਕਟਰ ਪਲਾਂਟ ਲਗਾਉਣ ਦੀ ਪੂਰੀ ਯੋਜਨਾ ਤਿਆਰ ਕਰ ਲਈ ਸੀ। ਮੈਂ ਗਾਂਧੀਨਗਰ ਅਤੇ ਪ੍ਰਾਂਤੀਜ ਦੇ ਨੇੜੇ 350 ਤੋਂ 400 ਏਕੜ ਜ਼ਮੀਨ ਵੀ ਚਿੰਨ੍ਹਤ ਕਰ ਲਈ ਸੀ ਅਤੇ ਕੁਝ ਕੰਪਨੀਆਂ ਨਾਲ ਗੱਲਬਾਤ ਵੀ ਹੋ ਚੁੱਕੀ ਸੀ।
ਉਸ ਸਮੇਂ ਭਾਰਤ ਸਰਕਾਰ ਵੱਡੇ-ਵੱਡੇ ਦਾਅਵੇ ਕਰਦੀ ਸੀ, ਜਿਸ ਕਾਰਨ ਕੰਪਨੀਆਂ ਗੱਲਬਾਤ ਲਈ ਆਉਂਦੀਆਂ ਸਨ, ਪਰ ਨਾ ਜਾਣੇ ਕਿਉਂ ਉਸ ਵੇਲੇ ਦੀ ਕੇਂਦਰ ਸਰਕਾਰ ਦੇ ਪੈਰ ਜਿਵੇਂ ਬੇੜੀਆਂ ਵਿੱਚ ਜਕੜੇ ਹੋਏ ਸਨ ਅਤੇ ਇਹ ਪ੍ਰੋਜੈਕਟ ਅੱਗੇ ਨਹੀਂ ਵੱਧ ਸਕਿਆ।” ਉਨ੍ਹਾਂ ਅੱਗੇ ਕਿਹਾ, “ਜਦੋਂ ਮੈਂ ਉਸ ਸਮੇਂ ਇਸ ਵਿਸ਼ੇ ‘ਤੇ ਗੱਲ ਕਰਦਾ ਸੀ ਤਾਂ ਮੀਡੀਆ ਮੇਰਾ ਮਜ਼ਾਕ ਉਡਾਉਂਦਾ ਸੀ। ਉਸ ਵੇਲੇ ਇਹ ਸੰਭਵ ਨਹੀਂ ਹੋ ਸਕਿਆ, ਪਰ ਅੱਜ ਇਸ ਸੁਪਨੇ ਨੂੰ ਹਕੀਕਤ ਬਣਦਾ ਦੇਖ ਕੇ ਮੈਨੂੰ ਦਿਲੋਂ ਬਹੁਤ ਖੁਸ਼ੀ ਹੋ ਰਹੀ ਹੈ।”
