ਕੈਨੇਡਾ ਦੇ ਸਰੀ ਵਿੱਚ ਹਰਦੀਪ ਨਿੱਜਰ ਦੇ ਕਰੀਬੀ ਸਾਥੀ ‘ਤੇ ਗੋਲੀਬਾਰੀ, ਵਾਲ-ਵਾਲ ਬਚੇ

ਕੈਨੇਡਾ ਦੇ ਸਰੀ ਵਿੱਚ ਹਰਦੀਪ ਨਿੱਜਰ ਦੇ...
ਵੈਨਕੂਵਰ: ਕੈਨੇਡਾ ਦੇ ਸਰੀ ਸ਼ਹਿਰ ਵਿੱਚ ਦੇਰ ਰਾਤ ਹਰਦੀਪ ਸਿੰਘ ਨਿੱਜਰ ਦੇ ਕਰੀਬੀ ਸਾਥੀ ਹਰਜਿੰਦਰ ਸਿੰਘ ਢੰਡੋਵਾਲ ‘ਤੇ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀਬਾਰੀ ਕੀਤੀ ਗਈ। ਹਮਲੇ ਵਿੱਚ ਉਹ ਜ਼ਖ਼ਮੀ ਹੋਏ ਹਨ, ਪਰ ਉਨ੍ਹਾਂ ਦੀ ਜਾਨ ਬਚ ਗਈ। ਪੁਲਿਸ ਨੇ ਮਾਮਲੇ ਵਿੱਚ ਇੱਕ ਸ਼ੱਕੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਜਾਂਚ ਜਾਰੀ ਹੈ।
ਪੁਲਿਸ ਮੁਤਾਬਕ, ਹਰਜਿੰਦਰ ਸਿੰਘ ਢੰਡੋਵਾਲ ਸਰੀ ਦੇ 145 ਸਟ੍ਰੀਟ ਅਤੇ 76 ਐਵੇਨਿਊ ਸਥਿਤ ਆਪਣੇ ਘਰ ਪਹੁੰਚੇ ਹੀ ਸਨ ਕਿ ਦੋ ਕਾਰਾਂ ਵਿੱਚ ਸਵਾਰ ਤਿੰਨ ਹਮਲਾਵਰਾਂ ਨੇ ਉਨ੍ਹਾਂ ‘ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਢੰਡੋਵਾਲ ਨੇ ਤੁਰੰਤ ਆਪਣੀ ਗੱਡੀ ਦਾ ਹਾਰਨ ਵਜਾਉਣਾ ਸ਼ੁਰੂ ਕਰ ਦਿੱਤਾ, ਜਿਸ ਕਾਰਨ ਹਮਲਾਵਰ ਕੁਝ ਗੋਲੀਆਂ ਚਲਾ ਕੇ ਮੌਕੇ ਤੋਂ ਫ਼ਰਾਰ ਹੋ ਗਏ।
ਹਮਲੇ ਦੌਰਾਨ ਢੰਡੋਵਾਲ ਦੀ ਖੱਬੀ ਬਾਂਹ ‘ਤੇ ਗੋਲੀਆਂ ਲੱਗੀਆਂ, ਜਿਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਹਸਪਤਾਲ ਦਾਖ਼ਲ ਕਰਵਾਇਆ ਗਿਆ। ਹਾਰਨ ਦੀ ਆਵਾਜ਼ ਸੁਣ ਕੇ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਹਮਲਾਵਰਾਂ ਦੀ ਇੱਕ ਕਾਰ ਨੂੰ ਰੋਕ ਲਿਆ ਅਤੇ ਉਸ ਦੇ ਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਦੀ ਪਛਾਣ ਹਾਲੇ ਜਨਤਕ ਨਹੀਂ ਕੀਤੀ ਗਈ। ਪੁਲਿਸ ਦੀ ਮੁੱਢਲੀ ਜਾਂਚ ਅਨੁਸਾਰ ਇਹ ਇੱਕ ਨਿਸ਼ਾਨਾ ਬਣਾ ਕੇ ਕੀਤਾ ਗਿਆ (ਟਾਰਗੇਟਡ) ਹਮਲਾ ਸੀ ਅਤੇ ਇਸ ਦਾ ਫ਼ਿਰੌਤੀ ਨਾਲ ਕੋਈ ਸਬੰਧ ਨਹੀਂ ਹੈ। ਜਾਂਚ ਏਜੰਸੀਆਂ ਹਮਲੇ ਦੇ ਮਕਸਦ ਅਤੇ ਹੋਰ ਸੰਭਾਵਿਤ ਸਾਜ਼ਿਸ਼ਕਰਤਾਵਾਂ ਬਾਰੇ ਜਾਣਕਾਰੀ ਇਕੱਠੀ ਕਰ ਰਹੀਆਂ ਹਨ।
ਹਰਜਿੰਦਰ ਸਿੰਘ ਢੰਡੋਵਾਲ ਨੂੰ ਤਿੰਨ ਸਾਲ ਪਹਿਲਾਂ ਸਰੀ ਦੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਵਿੱਚ ਮਾਰੇ ਗਏ ਹਰਦੀਪ ਸਿੰਘ ਨਿੱਜਰ ਦਾ ਕਰੀਬੀ ਸਾਥੀ ਮੰਨਿਆ ਜਾਂਦਾ ਹੈ। ਹਾਲਾਂਕਿ, ਹਮਲੇ ਦੇ ਕਾਰਨਾਂ ਬਾਰੇ ਅਜੇ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ ਅਤੇ ਪੁਲਿਸ ਨੇ ਕਿਹਾ ਹੈ ਕਿ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਇਸ ਸਬੰਧੀ ਹੋਰ ਜਾਣਕਾਰੀ ਸਾਂਝੀ ਕੀਤੀ ਜਾਵੇਗੀ।
