ਨਿਊਯਾਰਕ ਦੇ ਟਾਈਮਜ਼ ਸਕੁਏਅਰ ‘ਚ ਗੋਲੀਬਾਰੀ, ਇੱਕ ਜ਼ਖ਼ਮੀ; ਸ਼ੱਕੀ ਕਾਬੂ

0
Time squar

ਨਿਊਯਾਰਕ ਦੇ ਟਾਈਮਜ਼ ਸਕੁਏਅਰ 'ਚ ਗੋਲੀਬਾਰੀ...

ਨਿਊਯਾਰਕ: ਅਮਰੀਕਾ ਦੇ ਨਿਊਯਾਰਕ ਸਥਿਤ ਮਸ਼ਹੂਰ ਟਾਈਮਜ਼ ਸਕੁਏਅਰ ਵਿੱਚ ਵੀਰਵਾਰ ਦੁਪਹਿਰ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਹੜਕੰਪ ਮਚ ਗਿਆ। ਗੋਲੀਆਂ ਦੀ ਆਵਾਜ਼ ਸੁਣਦੇ ਹੀ ਸੈਲਾਨੀ ਅਤੇ ਰਾਹਗੀਰ ਜਾਨ ਬਚਾਉਣ ਲਈ ਇੱਧਰ-ਉੱਧਰ ਭੱਜਣ ਲੱਗ ਪਏ। ਪੁਲੀਸ ਨੇ ਤੁਰੰਤ ਕਾਰਵਾਈ ਕਰਦਿਆਂ ਇੱਕ ਸ਼ੱਕੀ ਨੂੰ ਪਿੱਛਾ ਕਰਕੇ ਗ੍ਰਿਫ਼ਤਾਰ ਕਰ ਲਿਆ।

ਨਿਊਯਾਰਕ ਫਾਇਰ ਡਿਪਾਰਟਮੈਂਟ ਮੁਤਾਬਕ ਗੋਲੀਬਾਰੀ ਵਿੱਚ ਇੱਕ ਵਿਅਕਤੀ ਜ਼ਖ਼ਮੀ ਹੋਇਆ, ਜਿਸ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਹਾਲਾਂਕਿ ਉਸ ਦੀ ਹਾਲਤ ਅਤੇ ਪਛਾਣ ਬਾਰੇ ਅਜੇ ਕੋਈ ਅਧਿਕਾਰਤ ਜਾਣਕਾਰੀ ਜਾਰੀ ਨਹੀਂ ਕੀਤੀ ਗਈ।

ਸੋਸ਼ਲ ਮੀਡੀਆ ‘ਤੇ ਸਾਹਮਣੇ ਆਈ ਇੱਕ ਵੈਬਕੈਮ ਵੀਡੀਓ ਵਿੱਚ ਦਿਖਾਈ ਦਿੰਦਾ ਹੈ ਕਿ ਕਾਲੇ ਕੱਪੜਿਆਂ ਵਿੱਚ ਘੱਟੋ-ਘੱਟ ਦੋ ਵਿਅਕਤੀ ਭੀੜ-ਭੜੱਕੇ ਵਾਲੇ ਟਾਈਮਜ਼ ਸਕੁਏਅਰ ਵਿੱਚ ਆਏ ਅਤੇ ਹੈਂਡਗਨ ਨਾਲ ਗੋਲੀਬਾਰੀ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਲੋਕ ਆਪਣੀ ਜਾਨ ਬਚਾਉਣ ਲਈ ਭੱਜਦੇ ਅਤੇ ਲੁਕਦੇ ਨਜ਼ਰ ਆਏ, ਜਦਕਿ ਸ਼ੱਕੀ ਮੌਕੇ ਤੋਂ ਫਰਾਰ ਹੋਣ ਦੀ ਕੋਸ਼ਿਸ਼ ਕਰਦੇ ਰਹੇ। ਗਸ਼ਤ ‘ਤੇ ਮੌਜੂਦ ਪੁਲੀਸ ਅਧਿਕਾਰੀਆਂ ਨੇ ਉਨ੍ਹਾਂ ਦਾ ਪਿੱਛਾ ਕਰਕੇ ਇੱਕ ਨੂੰ ਕਾਬੂ ਕਰ ਲਿਆ। ਇਹ ਘਟਨਾ ਇੱਕ ਖੜ੍ਹੇ ਪੁਲੀਸ ਵਾਹਨ ਤੋਂ ਕੁਝ ਹੀ ਦੂਰੀ ‘ਤੇ ਵਾਪਰੀ।

ਗੋਲੀਬਾਰੀ ਦੁਪਹਿਰ ਕਰੀਬ 3:40 ਵਜੇ ਹੋਈ, ਜਦੋਂ ਕੁਝ ਸਮਾਂ ਪਹਿਲਾਂ ਹੀ ਐਨਬੀਏ ਚੈਂਪੀਅਨ ਨਿਊਯਾਰਕ ਨਿਕਸ ਦੀ ਜਿੱਤ ਦੇ ਜਸ਼ਨ ਮੌਕੇ ਲੋਅਰ ਮੈਨਹਟਨ ਵਿੱਚ ਕੱਢੀ ਗਈ ਪਰੇਡ ਸਮਾਪਤ ਹੋਈ ਸੀ। ਅਧਿਕਾਰੀਆਂ ਅਨੁਸਾਰ 53 ਸਾਲਾਂ ਬਾਅਦ ਨਿਕਸ ਦੀ ਪਹਿਲੀ ਚੈਂਪੀਅਨਸ਼ਿਪ ਦੇ ਮੌਕੇ ‘ਤੇ ਸੁਰੱਖਿਆ ਲਈ ਕਰੀਬ 10,000 ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ।

ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਵੀ ਟਾਈਮਜ਼ ਸਕੁਏਅਰ ਵਿੱਚ ਇੱਕ 17 ਸਾਲਾ ਨੌਜਵਾਨ ਨੂੰ ਗੋਲੀ ਮਾਰ ਦਿੱਤੀ ਗਈ ਸੀ, ਜਦੋਂ ਪ੍ਰਸ਼ੰਸਕ ਟੀਮ ਦੀ ਜਿੱਤ ਦਾ ਜਸ਼ਨ ਮਨਾ ਰਹੇ ਸਨ। ਉਸ ਵੇਲੇ ਭਾਰੀ ਭੀੜ ਕਾਰਨ ਐਂਬੂਲੈਂਸ ਮੌਕੇ ਤੱਕ ਨਹੀਂ ਪਹੁੰਚ ਸਕੀ ਸੀ ਅਤੇ ਪੁਲੀਸ ਨੂੰ ਜ਼ਖ਼ਮੀ ਨੂੰ ਆਪਣੇ ਵਾਹਨ ਰਾਹੀਂ ਹਸਪਤਾਲ ਲਿਜਾਣਾ ਪਿਆ ਸੀ।

Leave a Reply

Your email address will not be published. Required fields are marked *