ਬੇਰੁਜ਼ਗਾਰ ਲਾਈਬ੍ਰੇਰੀਅਨਾਂ ਨੇ MLA ਲਖਬੀਰ ਰਾਏ ਨੂੰ ਸੌਂਪਿਆ ਮੰਗ ਪੱਤਰ

ਬੇਰੁਜ਼ਗਾਰ ਲਾਈਬ੍ਰੇਰੀਅਨਾਂ ਨੇ MLA ਲਖਬੀਰ ਰਾਏ...
ਫ਼ਤਿਹਗੜ੍ਹ ਸਾਹਿਬ (ਮੜਕਨ) : ਬੇਰੁਜ਼ਗਾਰ ਲਾਇਬ੍ਰੇਰੀਅਨ ਫਰੰਟ ਪੰਜਾਬ ਦੇ ਵਫ਼ਦ ਨੇ ਆਪਣੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਲੈ ਕੇ ਫ਼ਤਿਹਗੜ੍ਹ ਸਾਹਿਬ ਦੇ ਵਿਧਾਇਕ ਲਖਬੀਰ ਸਿੰਘ ਰਾਏ ਨੂੰ ਮੰਗ ਪੱਤਰ ਸੌਂਪਿਆ। ਫਰੰਟ ਦੇ ਨੁਮਾਇੰਦਿਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਲਾਇਬ੍ਰੇਰੀਆਂ ਨਾਲ ਸੰਬੰਧਿਤ ਇੱਕ ਵੀ ਭਰਤੀ ਨਹੀਂ ਕੱਢੀ ਗਈ, ਜਦਕਿ ਕਾਂਗਰਸ ਸਰਕਾਰ ਦੌਰਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਸਮੇਂ 750 ਸਕੂਲ ਲਾਇਬ੍ਰੇਰੀਅਨਾਂ ਦੀਆਂ ਅਸਾਮੀਆਂ ਦਾ ਨੋਟੀਫਿਕੇਸ਼ਨ ਜਾਰੀ ਹੋਇਆ ਸੀ, ਜਿਨ੍ਹਾਂ ਵਿੱਚੋਂ 693 ਅਸਾਮੀਆਂ ਭਰੀਆਂ ਗਈਆਂ ਸਨ।
25 ਹਜ਼ਾਰ ਨੌਜਵਾਨ ਬੇਰੁਜ਼ਗਾਰ ਹਨ
ਫਰੰਟ ਨੇ ਦੱਸਿਆ ਕਿ ਪੰਜਾਬ ਵਿੱਚ ਲਾਇਬ੍ਰੇਰੀ ਸਾਇੰਸ ਨਾਲ ਸੰਬੰਧਿਤ ਲਗਭਗ 25 ਹਜ਼ਾਰ ਨੌਜਵਾਨ ਬੇਰੁਜ਼ਗਾਰ ਹਨ ਅਤੇ ਕਈ ਉਮਰ ਹੱਦ ਪਾਰ ਕਰਨ ਦੇ ਕਿਨਾਰੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਤੋਂ ਰੁਜ਼ਗਾਰ ਦੀਆਂ ਵੱਡੀਆਂ ਉਮੀਦਾਂ ਸਨ, ਪਰ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਕੋਈ ਭਰਤੀ ਨਾ ਹੋਣ ਕਾਰਨ ਨੌਜਵਾਨਾਂ ਵਿੱਚ ਨਿਰਾਸ਼ਾ ਹੈ। ਉਨ੍ਹਾਂ ਭਾਵੁਕ ਹੋ ਕੇ ਕਿਹਾ ਕਿ ਕਈ ਉਮੀਦਵਾਰ ਨੌਕਰੀ ਦੀ ਉਡੀਕ ਕਰਦੇ-ਕਰਦੇ ਵਿਆਹ ਦੀ ਉਮਰ ਵੀ ਲੰਘਾ ਚੁੱਕੇ ਹਨ।
ਫਰੰਟ ਨੇ ਮੰਗ ਪੱਤਰ ਰਾਹੀਂ ਸਰਕਾਰ ਕੋਲ ਛੇ ਮੁੱਖ ਮੰਗਾਂ ਰੱਖੀਆਂ। ਇਨ੍ਹਾਂ ਵਿੱਚ ਘੱਟੋ-ਘੱਟ 3,000 ਨਵੀਆਂ ਲਾਇਬ੍ਰੇਰੀਅਨ ਅਸਾਮੀਆਂ ਦਾ ਇਸ਼ਤਿਹਾਰ ਜਾਰੀ ਕਰਨਾ, ਸਰਕਾਰੀ ਸਕੂਲਾਂ ਵਿੱਚ ਖਾਲੀ ਅਸਾਮੀਆਂ ਭਰਨਾ, ਸਰਕਾਰੀ ਅਤੇ ਸਹਾਇਤਾ ਪ੍ਰਾਪਤ ਕਾਲਜਾਂ ਵਿੱਚ ਲਾਇਬ੍ਰੇਰੀ ਸਟਾਫ਼ ਦੀ ਪੱਕੀ ਭਰਤੀ ਕਰਨਾ, ਜ਼ਿਲ੍ਹਾ ਪਬਲਿਕ ਲਾਇਬ੍ਰੇਰੀਆਂ ਵਿੱਚ ਲੰਬੇ ਸਮੇਂ ਤੋਂ ਖਾਲੀ ਅਸਾਮੀਆਂ ਭਰਨਾ, ਭਰਤੀਆਂ ਵਿੱਚ ਪੰਜਾਬ ਦੇ ਵਸਨੀਕਾਂ ਨੂੰ ਤਰਜੀਹ ਦੇਣਾ ਅਤੇ ਪੰਜਾਬ ਲਾਇਬ੍ਰੇਰੀ ਐਕਟ ਨੂੰ ਜਲਦ ਪਾਸ ਕਰਨਾ ਸ਼ਾਮਲ ਹੈ।
ਲਾਇਬ੍ਰੇਰੀਅਨਾਂ ਨੂੰ ਰੁਜ਼ਗਾਰ ਦੇ ਮੌਕੇ ਮਿਲਣਗੇ
ਫਰੰਟ ਦੇ ਮੈਂਬਰਾਂ ਨੇ ਕਿਹਾ ਕਿ ਪੰਜਾਬ ਵਿੱਚ ਲਾਇਬ੍ਰੇਰੀ ਐਕਟ ਲਾਗੂ ਹੋਣ ਨਾਲ ਹਰ ਪਿੰਡ ਅਤੇ ਸ਼ਹਿਰ ਵਿੱਚ ਲਾਇਬ੍ਰੇਰੀਆਂ ਸਥਾਪਿਤ ਹੋ ਸਕਣਗੀਆਂ, ਜਿਸ ਨਾਲ ਪੜ੍ਹਨ ਦਾ ਮਾਹੌਲ ਬਣੇਗਾ ਅਤੇ ਹਜ਼ਾਰਾਂ ਬੇਰੁਜ਼ਗਾਰ ਲਾਇਬ੍ਰੇਰੀਅਨਾਂ ਨੂੰ ਰੁਜ਼ਗਾਰ ਦੇ ਮੌਕੇ ਮਿਲਣਗੇ।
ਮੰਗ ਪੱਤਰ ਪ੍ਰਾਪਤ ਕਰਨ ਉਪਰੰਤ ਵਿਧਾਇਕ ਲਖਬੀਰ ਸਿੰਘ ਰਾਏ ਨੇ ਵਫ਼ਦ ਨੂੰ ਭਰੋਸਾ ਦਿਵਾਇਆ ਕਿ ਉਹ ਇਸ ਮਾਮਲੇ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸੰਬੰਧਿਤ ਵਿਭਾਗ ਦੇ ਧਿਆਨ ਵਿੱਚ ਲਿਆਉਣਗੇ। ਉਨ੍ਹਾਂ ਕਿਹਾ ਕਿ ਸਰਕਾਰ ਹੋਰ ਵਿਭਾਗਾਂ ਦੀ ਤਰ੍ਹਾਂ ਲਾਇਬ੍ਰੇਰੀ ਸਟਾਫ਼ ਦੀ ਭਰਤੀ ਸਬੰਧੀ ਵੀ ਜਲਦ ਵਿਚਾਰ ਕਰੇਗੀ ਅਤੇ ਆਉਣ ਵਾਲੇ ਸਮੇਂ ਵਿੱਚ ਅਸਾਮੀਆਂ ਭਰਨ ਲਈ ਯੋਗ ਕਦਮ ਚੁੱਕੇ ਜਾਣਗੇ। ਇਸ ਮੌਕੇ ਜ਼ਿਲ੍ਹਾ ਸਹਾਇਕ ਕਨਵੀਨਰ ਗੁਰਪ੍ਰੀਤ ਸਿੰਘ, ਸਕੱਤਰ ਪਰਮਿੰਦਰ ਕੌਰ, ਪ੍ਰੈੱਸ ਸਕੱਤਰ ਅਮਨਪ੍ਰੀਤ ਕੌਰ, ਖ਼ਜ਼ਾਨਚੀ ਗਗਨਦੀਪ ਸਿੰਘ ਅਤੇ ਹੋਰ ਮੈਂਬਰ ਹਾਜ਼ਰ ਸਨ।
