ਪੰਜਾਬ ਨੂੰ ਨਸ਼ਾ-ਮੁਕਤ ਬਣਾਉਣ ਲਈ ਸਤਿਗੁਰੂ ਰਾਮ ਸਿੰਘ ਜੀ ਦੀ ਸੋਚ ਅਪਣਾਉਣੀ ਹੋਵੇਗੀ : ਰਾਜਪਾਲ ਗੁਲਾਬ ਚੰਦ

0

ਸ੍ਰੀ ਭੈਣੀ ਸਾਹਿਬ ਵਿਖੇ ਰਾਜਪਾਲ ਦਾ ਨਿੱਘਾ ਸਵਾਗਤ, ਸਤਿਗੁਰੂ ਉਦੈ ਸਿੰਘ ਨੇ ਕੀਤਾ ਸਨਮਾਨਿਤ

ਮਾਛੀਵਾੜਾਸਾਹਿਬ/ਸ੍ਰੀ ਭੈਣੀ ਸਾਹਿਬ, 7 ਜੂਨ (ਕੇਵਲ ਸਿੰਘ ਕੱਦੋਂ) : ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਸ੍ਰੀ ਭੈਣੀ ਸਾਹਿਬ (ਲੁਧਿਆਣਾ) ਦੇ ਅਧਿਆਤਮਿਕ ਅਤੇ ਧਾਰਮਿਕ ਅਸਥਾਨ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਧਾਰਮਿਕ ਵਿਰਾਸਤੀ ਅਸਥਾਨ ਸ੍ਰੀ ਭੈਣੀ ਸਾਹਿਬ ਦੇ ਦਰਸ਼ਨ ਕੀਤੇ ਅਤੇ ਅਧਿਆਤਮਿਕ ਗੁਰਮਤਿ ਸਮਾਗਮ ਨੂੰ ਸੰਬੋਧਨ ਵੀ ਕੀਤਾ। ਨਾਮਧਾਰੀ ਸੰਪਰਦਾ ਦੇ ਵਿਸ਼ਵ ਮੁਖੀ ਸਤਿਗੁਰੂ ਉਦੈ ਸਿੰਘ ਨੇ ਰਾਜਪਾਲ ਪੰਜਾਬ ਗੁਲਾਬ ਚੰਦ ਕਟਾਰੀਆ ਦਾ ਸਵਾਗਤ ਕਰਦਿਆਂ ਨਾਮਧਾਰੀ ਭਾਈਚਾਰੇ ਦੁਆਰਾ ਅਪਣਾਈਆਂ ਗਈਆਂ ਅਧਿਆਤਮਿਕ ਪਰੰਪਰਾਵਾਂ ਅਤੇ ਮਾਨਵਤਾਵਾਦੀ ਕਦਰਾਂ-ਕੀਮਤਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਰਾਜ ਸੂਚਨਾ ਕਮਿਸ਼ਨਰ ਪੰਜਾਬ ਸ੍ਰੀ ਹਰਪ੍ਰੀਤ ਸੰਧੂ ਦੁਆਰਾ ਪ੍ਰਸਿੱਧ ਧਾਰਮਿਕ ਵਿਰਾਸਤ “ਸਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ” ਨੂੰ ਦਰਸਾਉਂਦੀ ਇੱਕ ਵਿਸ਼ੇਸ਼ ਚਿੱਤਰਕਾਰੀ ਕੀਤੀ ਤਸਵੀਰ ਜੋ ਸਤਿਗੁਰ ਉਦੈ ਸਿੰਘ ਜੀ ਦੁਆਰਾ ਰਾਜਪਾਲ ਪੰਜਾਬ ਸ਼੍ਰੀ ਗੁਲਾਬ ਚੰਦ ਕਟਾਰੀਆ ਨੂੰ ਇੱਕ ਪਵਿੱਤਰ ਯਾਦਗਾਰ ਵਜੋਂ ਭੇਟ ਕੀਤੀ ਗਈ। ਸ੍ਰੀ ਗੁਲਾਬ ਚੰਦ ਕਟਾਰੀਆ ਦੀ ਰਾਜਪਾਲ ਪੰਜਾਬ ਬਣਨ ਤੋਂ ਬਾਅਦ ਸ੍ਰੀ ਭੈਣੀ ਸਾਹਿਬ ਦੀ ਇਹ ਪਹਿਲੀ ਫੇਰੀ ਸੀ, ਇਸ ਫੇਰੀ ਦੌਰਾਨ ਰਾਜਪਾਲ ਨੇ ਸ੍ਰੀ ਭੈਣੀ ਸਾਹਿਬ ਦੇ ਅੰਦਰ ਪਵਿੱਤਰ ਅਸਥਾਨ ਰਾਮ‌ ਮੰਦਰ ਦਾ ਵੀ ਦੌਰਾ ਕੀਤਾ, ਜਿੱਥੇ 1857 ਵਿੱਚ ਅੰਗਰੇਜ਼ਾਂ ਵਿਰੁੱਧ ਕੂਕਾ ਲਹਿਰ ਸ਼ੁਰੂ ਹੋਈ ਸੀ। ਰਾਜਪਾਲ ਨੇ ਰਾਮ ਮੰਦਰ‌ ਅੰਦਰ ਲੱਗੀ ਫੋਟੋ ਪ੍ਰਦਰਸ਼ਨੀ ਵੀ ਦੇਖੀ। ਇਸ ਤੋਂ ਬਾਅਦ ਉਹਨਾਂ ਨੇ ਨਾਮਧਾਰੀ ਗਊਸ਼ਾਲਾ ਦਾ ਵੀ ਦੌਰਾ ਕੀਤਾ ਜਿੱਥੇ ਉਹਨਾਂ ਨੇ ਗਊਆਂ ਨੂੰ ਗੁੜ ਖਵਾਇਆ ਅਤੇ ਗਊਆਂ ਦੀ ਰੱਖਿਆ ਅਤੇ ਭਲਾਈ ਲਈ ਕੀਤੇ ਜਾ ਰਹੇ ਸਮਰਪਿਤ ਯਤਨਾਂ ਦੀ ਸ਼ਲਾਘਾ ਵੀ ਕੀਤੀ। ਸ੍ਰੀ ਗੁਲਾਬ ਚੰਦ ਕਟਾਰੀਆ ਨੇ ਸਤਿਗੁਰੂ ਉਦੈ ਸਿੰਘ ਦੀ ਮੌਜੂਦਗੀ ਵਿੱਚ ਸ੍ਰੀ ਭੈਣੀ ਸਾਹਿਬ ਵਿਖੇ ਕਰਵਾਏ ਗਏ ਗੁਰਮਤਿ ਸਮਾਗਮ ਵਿੱਚ ਵੀ ਹਿੱਸਾ ਲਿਆ, ਜਿੱਥੇ ਉਨ੍ਹਾਂ ਨੇ ਕੀਰਤਨ ਸਰਵਣ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਮੁੱਖ ਸੂਚਨਾ ਕਮਿਸ਼ਨਰ ਪੰਜਾਬ ਇੰਦਰਪਾਲ ਸਿੰਘ ਧੰਨਾ ਅਤੇ ਪੰਜਾਬ ਰਾਜ ਸੂਚਨਾ ਕਮਿਸ਼ਨਰ ਹਰਪ੍ਰੀਤ ਸੰਧੂ ਨੇ ਵੀ ਗੁਰਮਤਿ ਸਮਾਗਮ ਵਿੱਚ ਸ਼ਿਰਕਤ ਕੀਤੀ। ਸਮਾਗਮ ਨੂੰ ਸੰਬੋਧਨ ਕਰਦਿਆਂ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਭਾਰਤ ਦੀ ਅਜ਼ਾਦੀ ਦੀ ਲੜਾਈ ਦਾ ਮੁੱਢ ਸ਼੍ਰੀ ਸਤਿਗੁਰੂ ਰਾਮ ਸਿੰਘ ਜੀ ਨੇ ਅੰਗਰੇਜ ਸਾਮਰਾਜ ਵਿਰੁੱਧ ਨਾ ਮਿਲਵਤਰਨ ਲਹਿਰ ਚਲਾ ਕੇ ਬੰਨ੍ਹਿਆ ਅਤੇ ਦੇਸ਼ ਨੂੰ ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਸੇਧ ਪ੍ਰਦਾਨ ਕੀਤੀ ਅਤੇ ਉਹਨਾ ਨੇ ਸੱਚ, ਸਤਿਆਗ੍ਰਹਿ ਅਤੇ ਅਹਿੰਸਾ ਦੇ ਸਿਧਾਂਤਾ ਤੇ ਪਹਿਰਾ ਦਿੱਤਾ ਅਤੇ ਇਹਨਾਂ ਸਿਧਾਂਤਾ ਨੂੰ ਅਪਣਾ ਕੇ ਦੇਸ਼ ਦੀ ਅਜ਼ਾਦੀ ਦੀ ਲਹਿਰ ਵਿਚ ਵਡਮੁੱਲਾ ਯੋਗਦਾਨ ਪਾਇਆ। ਸਤਿਗੁਰੂ ਰਾਮ ਸਿੰਘ ਜੀ ਦੀ ਸੋਚ ਨੂੰ ਸਮਾਜ ਸੁਧਾਰ ਦਾ ਆਧਾਰ ਬਣਾਉਣ ਦੀ ਲੋੜ ਹੈ। ਕੂਕਾ ਸ਼ਹੀਦਾਂ ਦੀਆਂ ਕੁਰਬਾਨੀਆਂ ਦਾ ਜ਼ਿਕਰ ਕਰਦਿਆਂ, ਗੁਲਾਬ ਚੰਦ ਕਟਾਰੀਆ ਨੇ ਅੱਗੇ ਕਿਹਾ ਕਿ ਸਤਿਗੁਰੂ ਰਾਮ ਸਿੰਘ ਜੀ ਨੇ ਬਹਾਦਰ ਕ੍ਰਾਂਤੀਕਾਰੀ ਪੈਦਾ ਕੀਤੇ, ਜਿਨ੍ਹਾਂ ਨੇ ਅੰਗਰੇਜ਼ਾਂ ਦੇ ਖਿਲਾਫ ਹੌਸਲੇ ਨਾਲ ਲੜਾਈ ਲੜੀ ਅਤੇ ਦੇਸ਼ ਨੂੰ ਅਜ਼ਾਦ ਕਰਵਾਉਣ ਲਈ ਤੋਪਾਂ ਦੇ ਸਾਹਮਣੇ ਖੜ੍ਹੇ ਹੋ ਕੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ । ਉਹਨਾਂ ਕਿਹਾ ਕਿ ਮਲੇਰਕੋਟਲਾ ਵਿਖੇ 66 ਨਾਮਧਾਰੀ ਸਿੰਘਾਂ ਨੂੰ ਅੰਗਰੇਜਾਂ ਨੇ ਤੋਪਾਂ ਨਾਲ ਉਡਾਇਆਂ ਅਤੇ ਲੁਧਿਆਣਾ, ਰਾਏਕੋਟ ਅਤੇ ਅੰਮ੍ਰਿਤਸਰ ਵਿਖੇ ਕਈ ਨਾਮਧਾਰੀ ਸਿੰਘਾਂ ਨੂੰ ਸ਼ਰੇਆਮ ਫਾਂਸੀ ਵੀ ਦਿੱਤੀ ਗਈ। ਉਹਨਾ ਕਿਹਾ ਕਿ ਅਜ਼ਾਦੀ ਦੀ ਲੜਾਈ ਦੌਰਾਨ ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਨੇ ਦਿੱਤੀਆਂ ਅਤੇ ਅਜਾਦੀ ਦੀ ਲੜਾਈ ਦੌਰਾਨ ਨਾਮਧਾਰੀ ਸਿੰਘਾਂ ਨੇ ਵੀ ਬਹੁਤ ਕੁਰਬਾਨੀਆਂ ਦਿੱਤੀਆਂ, ਜਿਨ੍ਹਾਂ ਨੂੰ ਕਦੇ ਵੀ ਭੁਲਾਇਆ ਨਹੀ ਜਾ ਸਕਦਾ। ਉਹਨਾਂ ਕਿਹਾ ਕਿ ਇਹ ਨਾਮਧਾਰੀ ਸਤਿਗੁਰੂ ਰਾਮ ਸਿੰਘ ਜੀ ਹੀ ਸਨ, ਜਿਨ੍ਹਾਂ ਗੁਰੂਆਂ ਵੱਲੋਂ ਦਰਸਾਏ ਹੋਏ ਅਹਿੰਸਾ ਦੇ ਰਸਤੇ ‘ਤੇ ਚੱਲਦਿਆਂ ਅੰਗਰੇਜ਼ਾਂ ਦਾ ਅਤੇ ਉਨ੍ਹਾਂ ਵੱਲੋਂ ਦਿੱਤੀਆਂ ਜਾਂਦੀਆਂ ਸੁੱਖ ਸਹੂਲਤਾਂ ਦਾ ਮੁਕੰਮਲ ਬਾਈਕਾਟ ਕੀਤਾ। ਇਤਿਹਾਸ ਗਵਾਹ ਹੈ ਦੇਸ਼ ਦੀ ਅਜ਼ਾਦੀ ਦਾ ਅਸਲ ਮੁੱਢ ਕੂਕਿਆਂ ਵੱਲੋਂ ਮਲੇਰਕੋਟਲਾ ਦੀ ਪਵਿੱਤਰ ਧਰਤੀ ਤੋਂ ਬੱਝਿਆ ਗਿਆ ਸੀ। ਪੰਜਾਬ ਦੇ ਰਾਜਪਾਲ ਨੇ ਨਾਮਧਾਰੀ ਸੰਪਰਦਾ ਨੂੰ ਸਾਦਗੀ, ਸੱਚਾਈ ਅਤੇ ਨਿਮਰਤਾ ਦਾ ਸੋਮਾ ਦੱਸਦਿਆਂ ਸੰਗਤ ਨੂੰ ਅਪੀਲ ਕੀਤੀ ਕਿ ਸਾਨੂੰ ਇਸ ਸੰਪਰਦਾ ਅਤੇ ਗੁਰੂਆਂ ਵੱਲੋਂ ਦਰਸਾਏ ਹੋਏ ਮਾਰਗ ‘ਤੇ ਚੱਲਦੇ ਹੋਏ ਪ੍ਰਮਾਤਮਾ ਨੂੰ ਪ੍ਰਾਪਤ ਕਰਨ ਲਈ ਯਤਨ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਜੇਕਰ 100 ਪ੍ਰਤੀਸ਼ਤ ਨਸ਼ਾ ਮੁਕਤ ਕੋਈ ਸਮਾਜ ਹੈ ਤਾਂ ਇਹ ਨਾਮਧਾਰੀ ਸੰਪਰਦਾ ਹੈ। ਅਸਲ ਵਿੱਚ ਇਹਨਾਂ ਨੇ ਤਾਂ ਚਾਹ ਪੀਣ ਨੂੰ ਵੀ ਤਿਆਗਿਆ ਹੋਇਆ ਹੈ। ਇਸ ਤਰ੍ਹਾਂ ਦੀ ਸੰਸਕਾਰੀ ਪ੍ਰੇਰਨਾ ਦੇਣ ਵਾਲਾ ਵਿਅਕਤੀ ਹੀ ਚੰਗਾ ਸਮਾਜ ਸਿਰਜ ਸਕਦਾ ਹੈ। ਉਨ੍ਹਾਂ ਕਿਹਾ ਕਿ ਮੈਂ ਸੋਚਦਾ ਹਾਂ ਕਿ ਅਸਲ ਵਿੱਚ ਸਤਿਗੁਰੂ ਰਾਮ ਸਿੰਘ ਦੇ ਚਰਨਾਂ ਵਿੱਚ ਨਮਸਕਾਰ ਕਰਕੇ ਹੀ ਪੰਜਾਬ ਨੂੰ ਨਸ਼ਾ ਮੁਕਤ ਪੰਜਾਬ ਬਣਾਉਣ ਲਈ ਸਫਲਤਾ ਮਿਲੇਗੀ। ਉਨ੍ਹਾਂ ਕਿਹਾ ਕਿ ਨਾਮਧਾਰੀ ਸੰਪਰਦਾ ਨੇ ਹਮੇਸ਼ਾਂ ਵਾਤਾਵਰਣ, ਖੇਤੀਬਾੜੀ ਅਤੇ ਖੇਡਾਂ ਨੂੰ ਉਤਸ਼ਾਹਿਤ ਕੀਤਾ ਹੈ। ਇਸ ਮੌਕੇ ਸਤਿਗੁਰੂ ਉਦੈ ਸਿੰਘ ਨੇ ਗੁਰਮਤਿ ਸਮਾਗਮ ਦੌਰਾਨ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ, ਮੁੱਖ ਸੂਚਨਾ ਕਮਿਸ਼ਨਰ ਪੰਜਾਬ ਇੰਦਰਪਾਲ ਸਿੰਘ ਧੰਨਾ ਅਤੇ ਪੰਜਾਬ ਰਾਜ ਸੂਚਨਾ ਕਮਿਸ਼ਨਰ ਹਰਪ੍ਰੀਤ ਸੰਧੂ ਨੂੰ ਸਿਰੋਪਾਓ ਅਤੇ ਹੋਰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ। ਅੰਤ ਵਿੱਚ ਰਾਜਪਾਲ ਪੰਜਾਬ ਨੇ ਸਤਿਗੁਰੂ ਉਦੈ ਸਿੰਘ ਦਾ ਉਨ੍ਹਾਂ ਨੂੰ ਦਿੱਤੀ ਗਈ ਨਿੱਘੀ ਮਹਿਮਾਨ ਨਿਵਾਜ਼ੀ ਲਈ ਧੰਨਵਾਦ ਕੀਤਾ ਅਤੇ ਨਾਮਧਾਰੀ ਸੰਪਰਦਾ ਦੇ ਅਧਿਆਤਮਿਕ ਅਤੇ ਸੱਭਿਆਚਾਰਕ ਪਰੰਪਰਾਵਾਂ ਨੂੰ ਸੰਭਾਲਣ ਅਤੇ ਉਤਸ਼ਾਹਿਤ ਕਰਨ ਦੇ ਯਤਨਾਂ ਦੀ ਸ਼ਲਾਘਾ ਕੀਤੀ।

Leave a Reply

Your email address will not be published. Required fields are marked *