ਪੰਜਾਬ ਸਰਕਾਰ ਨਵੇਂ ਰੂਟ ਨਾਲ ਸ੍ਰੀ ਅਨੰਦਪੁਰ ਸਾਹਿਬ ਹੈਰੀਟੇਜ ਸਟਰੀਟ ਪ੍ਰੋਜੈਕਟ ਮੁੜ ਕਰੇਗੀ ਸ਼ੁਰੂ

0

ਚੰਡੀਗੜ੍ਹ, 7 ਜੂਨ (ਦੁਰਗੇਸ਼ ਗਾਜਰੀ) : ਪੰਜਾਬ ਸਰਕਾਰ ਨੇ ਸ੍ਰੀ ਅਨੰਦਪੁਰ ਸਾਹਿਬ ਦੇ ਹੈਰੀਟੇਜ ਸਟਰੀਟ (ਵਿਰਾਸਤੀ ਮਾਰਗ) ਪ੍ਰੋਜੈਕਟ ਨੂੰ ਦੁਬਾਰਾ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ। ਹਾਲਾਂਕਿ ਹੁਣ ਇਸ ਪ੍ਰੋਜੈਕਟ ਦੇ ਰੂਪ ਵਿੱਚ ਕਾਫ਼ੀ ਬਦਲਾਅ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਇਸੇ ਸਾਲ ਦੀ ਸ਼ੁਰੂਆਤ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ ਜੀ ਪੀ ਸੀ) ਵੱਲੋਂ ਜਤਾਏ ਗਏ ਸਖ਼ਤ ਇਤਰਾਜ਼ਾਂ ਕਰਕੇ ਅਧਿਕਾਰੀਆਂ ਨੂੰ ਇਸ ਦੀ ਪੁਰਾਣੀ ਯੋਜਨਾ ਨੂੰ ਰੱਦ ਕਰਨਾ ਪਿਆ ਸੀ। ਪੰਜਾਬ ਦੇ ਸਿੱਖਿਆ ਅਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਹਰਜੋਤ ਸਿੰਘ ਬੈਂਸ ਨੇ ਪੁਸ਼ਟੀ ਕੀਤੀ ਕਿ ਪ੍ਰੋਜੈਕਟ ਦੇ ਡਿਜ਼ਾਈਨ ਅਤੇ ਰੂਟ ਨੂੰ ਅੰਤਿਮ ਰੂਪ ਦੇਣ ਲਈ ਸਰਕਾਰ ਅਤੇ ਐੱਸ ਜੀ ਪੀ ਸੀ ਦੇ ਨੁਮਾਇੰਦਿਆਂ ਦੀ ਸ਼ਮੂਲੀਅਤ ਵਾਲੀ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਹੈ। ਬੈਂਸ ਨੇ ਕਿਹਾ, “ਸ੍ਰੀ ਅਨੰਦਪੁਰ ਸਾਹਿਬ ਵਿੱਚ ਹੈਰੀਟੇਜ ਸਟਰੀਟ ਦੇ ਡਿਜ਼ਾਈਨ ਨੂੰ ਅੰਤਿਮ ਰੂਪ ਦੇਣ ਅਤੇ ਆਮ ਸਹਿਮਤੀ ਬਣਾਉਣ ਲਈ ਇੱਕ ਕਮੇਟੀ ਬਣਾਈ ਗਈ ਹੈ, ਜਿਸ ਵਿੱਚ ਐੱਸ ਜੀ ਪੀ ਸੀ ਦੇ ਨੁਮਾਇੰਦੇ ਵੀ ਸ਼ਾਮਲ ਹੋਣਗੇ।” ਪੰਜਾਬ ਸੈਰ-ਸਪਾਟਾ ਵਿਭਾਗ ਨੇ ਸ਼ੁਰੂ ਵਿੱਚ ਮੁੱਖ ਰੋਪੜ-ਅਨੰਦਪੁਰ ਸਾਹਿਬ ਹਾਈਵੇਅ ਤੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੱਕ ਇੱਕ ਹੈਰੀਟੇਜ ਸਟਰੀਟ ਬਣਾਉਣ ਦਾ ਪ੍ਰਸਤਾਵ ਦਿੱਤਾ ਸੀ। ਇਸ ਪ੍ਰੋਜੈਕਟ ਦੇ ਤਹਿਤ ਹਾਈਵੇਅ ‘ਤੇ ਇੱਕ ਸੁੰਦਰ ਸਵਾਗਤੀ ਗੇਟ (ਲਾਂਘਾ) ਬਣਾਉਣ, ਤਖ਼ਤ ਸਾਹਿਬ ਵੱਲ ਜਾਣ ਵਾਲੇ ਰਸਤੇ ‘ਤੇ ਪੂਰੀ ਤਰ੍ਹਾਂ ਚਿੱਟਾ ਮਾਰਬਲ ਵਿਛਾਉਣ ਅਤੇ ਰੂਟ ‘ਤੇ ਸਥਿਤ ਦੁਕਾਨਾਂ ਨੂੰ ਸ੍ਰੀ ਅਨੰਦਪੁਰ ਸਾਹਿਬ ਦੇ ਇਤਿਹਾਸਕ ਅਤੇ ਆਰਕੀਟੈਕਚਰਲ ਵਿਰਸੇ ਦੇ ਅਨੁਸਾਰ ਮੁੜ ਡਿਜ਼ਾਈਨ ਕਰਨ ਦੀ ਯੋਜਨਾ ਸੀ।ਹਾਲਾਂਕਿ, ਇਸ ਪ੍ਰੋਜੈਕਟ ਨੂੰ ਐੱਸ ਜੀ ਪੀ ਸੀ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ, ਕਿਉਂਕਿ ਕਮੇਟੀ ਨੇ ਇਸ ਪ੍ਰੋਜੈਕਟ ਦੇ ਡਿਜ਼ਾਈਨ ਵਿੱਚ ਵੱਡੀਆਂ ਤਬਦੀਲੀਆਂ ਦੀ ਮੰਗ ਕੀਤੀ ਸੀ। ਅਸਲ ਯੋਜਨਾ ਨੂੰ ਛੱਡ ਕੇ, ਸਰਕਾਰ ਹੁਣ ਪਵਿੱਤਰ ਸ਼ਹਿਰ ਦੇ ਅੰਦਰ ਇੱਕ ਬਦਲਵੇਂ ਰੂਟ ਦੀ ਤਲਾਸ਼ ਕਰ ਰਹੀ ਹੈ। ਸੂਤਰਾਂ ਅਨੁਸਾਰ, ਸੋਧੇ ਹੋਏ ਪ੍ਰਸਤਾਵ ਵਿੱਚ ਹੈਰੀਟੇਜ ਸਟਰੀਟ ਕਿਲ੍ਹਾ ਅਨੰਦਗੜ੍ਹ ਸਾਹਿਬ ਤੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵੱਲ ਜਾਣ ਵਾਲੀ ਸੜਕ ਤੋਂ ਸ਼ੁਰੂ ਹੋ ਕੇ ਗੁਰਦੁਆਰਾ ਸੀਸ ਗੰਜ ਸਾਹਿਬ ਅਤੇ ਗੁਰਦੁਆਰਾ ਭੋਰਾ ਸਾਹਿਬ ਵੱਲ ਵਧੇਗੀ। ਪੁਰਾਣੀ ਯੋਜਨਾ ਦੇ ਉਲਟ ਨਵੀਂ ਹੈਰੀਟੇਜ ਸਟਰੀਟ ਮੁੱਖ ਹਾਈਵੇਅ ਤੋਂ ਪ੍ਰਮੁੱਖ ਤੌਰ ‘ਤੇ ਦਿਖਾਈ ਦੇਣ ਦੀ ਬਜਾਏ ਸ੍ਰੀ ਅਨੰਦਪੁਰ ਸਾਹਿਬ ਦੀਆਂ ਅੰਦਰੂਨੀ ਸੜਕਾਂ ਤੋਂ ਲੰਘੇਗੀ।

Leave a Reply

Your email address will not be published. Required fields are marked *