ਲੋਕਾਂ ਦੀ ਗੱਲ ਸੁਣਨ ਦੀ ਬਜਾਏ ਡੰਡੇ ਨਾਲ ਆਵਾਜ਼ ਦਬਾ ਰਹੀ ਹੈ ਸਰਕਾਰ : ਮਨਜੀਤ ਸਿੰਘ ਧਨੇਰ

ਬੇਰੁਜ਼ਗਾਰ ਲਾਈਨਮੈਨਾਂ ਤੇ ਸੁਵਿਧਾ ਕਾਮਿਆਂ ’ਤੇ ਪੁਲਿਸ ਜਬਰ ਦੀ ਸਖ਼ਤ ਨਿੰਦਾ, ਪੰਜਾਬ ਸਰਕਾਰ ਦੀ ਅਰਥੀ ਫੂਕੀ
ਮਹਿਲ ਕਲਾਂ, 7 ਜੂਨ (ਨਿਊਜ਼ ਟਾਊਨ ਨੈਟਵਰਕ) : ਭਾਰਤੀ ਕਿਸਾਨ ਯੂਨੀਅਨ (ਬੀ.ਕੇ.ਯੂ.) ਏਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਪੰਜਾਬ ਸਰਕਾਰ ’ਤੇ ਤਿੱਖੇ ਨਿਸ਼ਾਨੇ ਸਾਧਦਿਆਂ ਦੋਸ਼ ਲਾਇਆ ਹੈ ਕਿ ਸਰਕਾਰ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਦੀ ਬਜਾਏ ਸੰਘਰਸ਼ ਕਰ ਰਹੇ ਹਰ ਵਰਗ ’ਤੇ ਦਮਨਕਾਰੀ ਨੀਤੀ ਅਪਣਾ ਰਹੀ ਹੈ। ਮਹਿਲ ਕਲਾਂ ਵਿਖੇ ਜਥੇਬੰਦੀ ਦੀ ਮਹੀਨਾਵਾਰ ਮੀਟਿੰਗ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਬੇਰੁਜ਼ਗਾਰ ਅਪਰੈਂਟਿਸ ਲਾਈਨਮੈਨਾਂ ਅਤੇ ਸੁਵਿਧਾ ਕੇਂਦਰਾਂ ਦੇ ਕਾਮਿਆਂ ’ਤੇ ਹੋਏ ਪੁਲੀਸ ਜਬਰ ਦੀ ਸਖ਼ਤ ਨਿਖੇਧੀ ਕੀਤੀ। ਕਿਸਾਨ ਆਗੂ ਨੇ ਆਖਿਆ ਕਿ ਆਪਣੇ ਹੱਕਾਂ ਅਤੇ ਰੁਜ਼ਗਾਰ ਲਈ ਸ਼ਾਂਤਮਈ ਸੰਘਰਸ਼ ਕਰ ਰਹੇ ਨੌਜਵਾਨਾਂ ’ਤੇ ਕੀਤਾ ਗਿਆ ਲਾਠੀਚਾਰਜ ਅਤੇ ਸੁਵਿਧਾ ਕੇਂਦਰ ਕਾਮਿਆਂ ਦੀਆਂ ਗ੍ਰਿਫ਼ਤਾਰੀਆਂ ਬਹੁਤ ਹੀ ਸ਼ਰਮਨਾਕ ਹਨ। ਸਰਕਾਰ ਜਨਤਾ ਦੀ ਗੱਲ ਸੁਣਨ ਦੀ ਬਜਾਏ ਪੁਲੀਸ ਦੇ ਡੰਡੇ ਨਾਲ ਆਵਾਜ਼ ਦਬਾਉਣਾ ਚਾਹੁੰਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਅਧਿਆਪਕਾਂ ਨੂੰ ਨੌਕਰੀ ਤੋਂ ਹਟਾਉਣ ਲਈ ਜਾਰੀ ਕੀਤੇ ਜਾ ਰਹੇ ਨੋਟਿਸਾਂ ਦਾ ਸਖ਼ਤ ਵਿਰੋਧ ਕਰਦਿਆਂ ਇਹ ਫ਼ੈਸਲਾ ਤੁਰੰਤ ਪ੍ਰਭਾਵ ਨਾਲ ਵਾਪਸ ਲੈਣ ਦੀ ਮੰਗ ਕੀਤੀ। ਮਨਜੀਤ ਸਿੰਘ ਧਨੇਰ ਨੇ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਆਪਣਾ ਇਹ ਰਵੱਈਆ ਨਾ ਬਦਲਿਆ ਅਤੇ ਮੁਲਾਜ਼ਮਾਂ ਤੇ ਅਧਿਆਪਕਾਂ ਨਾਲ ਧੱਕੇਸ਼ਾਹੀ ਬੰਦ ਨਾ ਕੀਤੀ, ਤਾਂ ਸੰਘਰਸ਼ਸ਼ੀਲ ਜਥੇਬੰਦੀਆਂ ਸਾਂਝੇ ਤੌਰ ‘ਤੇ ਤਿੱਖਾ ਅੰਦੋਲਨ ਵਿੱਢਣਗੀਆਂ। ਮੀਟਿੰਗ ਦੀ ਸਮਾਪਤੀ ਤੋਂ ਬਾਅਦ ਮਨਜੀਤ ਸਿੰਘ ਧਨੇਰ ਦੀ ਅਗਵਾਈ ਹੇਠ ਇਕੱਤਰ ਹੋਏ ਕਿਸਾਨ ਆਗੂਆਂ ਅਤੇ ਵਰਕਰਾਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ ਅਤੇ ਸਰਕਾਰ ਦੀ ਅਰਥੀ ਫੂਕ ਕੇ ਤਿੱਖਾ ਰੋਸ ਪ੍ਰਗਟ ਕੀਤਾ ਗਿਆ।
