ਪੁਡਾ ਐਨਕਲੇਵ ਵੈਲਫੇਅਰ ਸੋਸਾਇਟੀ ਵੱਲੋਂ ਵਿਸ਼ਵ ਵਾਤਾਵਰਣ ਦਿਵਸ ਮੌਕੇ ਹਰਿਤ ਮੁਹਿੰਮ ਅਤੇ ਵਿਸ਼ੇਸ਼ ਸਿੱਖਿਆ ਸੈਸ਼ਨ ਦਾ ਆਯੋਜਨ

0

ਪਟਿਆਲਾ – (ਗੁਰ ਪ੍ਰਤਾਪ ਸਿੰਘ ਸ਼ਾਹੀ) ਪੁਡਾ ਐਨਕਲੇਵ ਵੈਲਫੇਅਰ ਕਮੇਟੀ ਨੇ ਚੱਲ ਰਹੇ ਸਮਰ ਕੈਂਪ 2.0 ਦੇ ਤਹਿਤ ਵਿਸ਼ਵ ਵਾਤਾਵਰਣ ਦਿਵਸ ਨੂੰ ਬੜੇ ਉਤਸ਼ਾਹ ਨਾਲ ਮਨਾਇਆ। ਇਹ 11 ਦਿਨਾਂ ਦਾ ਸਮਰ ਕੈਂਪ 31 ਮਈ ਨੂੰ ਮੈਰਾਥਨ ਨਾਲ ਸ਼ੁਰੂ ਹੋਇਆ ਸੀ ਅਤੇ 10 ਜੂਨ ਨੂੰ ਸਮਾਪਤ ਹੋਵੇਗਾ। ਵਿਸ਼ਵ ਵਾਤਾਵਰਣ ਦਿਵਸ ਦੇ ਮੌਕੇ ‘ਤੇ ਕਮੇਟੀ ਵੱਲੋਂ ਐਨਕਲੇਵ ਦੇ ਪਰਿਸਰ ਵਿੱਚ ਵਿਸ਼ਾਲ ਰੁੱਖ ਲਗਾਓ ਮੁਹਿੰਮ ਚਲਾਈ ਗਈ। ਇਸ ਹਰਿਤ ਪਹਿਲ ਲਈ ਪੌਦਿਆਂ ਦੀ ਸੇਵਾ ਐਨਕਲੇਵ ਦੇ ਵਸਨੀਕ ਅਮਿਤ ਧੀਰ ਅਤੇ ਰੂਪਾਲੀ ਧੀਰ ਵੱਲੋਂ ਕੀਤੀ ਗਈ। ਇਸ ਪ੍ਰੋਗਰਮ ਵਿੱਚ ਬੱਚਿਆਂ, ਬਜ਼ੁਰਗਾਂ ਅਤੇ ਹੋਰ ਨਿਵਾਸੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਸਾਰਿਆਂ ਨੇ ਮਿਲ ਕੇ ਰੁੱਖ ਲਗਾਏ ਅਤੇ ਕਾਲੋਨੀ ਦੇ ਹਰਿਆਲੀ ਵਾਤਾਵਰਣ ਨੂੰ ਵਧਾਉਣ ਵਿੱਚ ਆਪਣਾ ਯੋਗਦਾਨ ਪਾਇਆ। ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਡਾ.ਜਸਵਿੰਦਰ ਸਿੰਘ ਸ਼ਾਮਲ ਹੋਏ। ਜਿਨ੍ਹਾਂ ਨੂੰ ਸਿੱਖਿਆ ਰਤਨ ਐਵਾਰਡ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ ਅਤੇ ਉਹ ਦੋ ਵਾਰ ਦੇ ਰਾਸ਼ਟਰੀ ਪੁਰਸਕਾਰ ਜੇਤੂ ਹਨ। ਡਾ. ਸਿੰਘ ਨੇ ਵਿਗਿਆਨ ਅਤੇ ਗਣਿਤਕ ਯੋਗਤਾਵਾਂ ਨੂੰ ਨਿਖਾਰਨ ਸਬੰਧੀ ਇੱਕ ਬਹੁਤ ਹੀ ਦਿਲਚਸਪ ਅਤੇ ਜਾਣਕਾਰੀ ਭਰਪੂਰ ਸੈਸ਼ਨ ਲਿਆ। ਭਾਵੇਂ ਇਹ ਸੈਸ਼ਨ ਮੁੱਖ ਤੌਰ ‘ਤੇ ਬੱਚਿਆਂ ਲਈ ਸੀ, ਪਰ ਬਜ਼ੁਰਗਾਂ ਨੇ ਵੀ ਇਸ ਵਿੱਚ ਰੁਚੀ ਦਿਖਾਈ ਅਤੇ ਨਵੀਆਂ ਵਿਗਿਆਨਕ ਧਾਰਣਾਵਾਂ ਸਿੱਖ ਕੇ ਖੁਸ਼ੀ ਪ੍ਰਗਟਾਈ। ਇਸ ਮੌਕੇ ਪੁਡਾ ਐਨਕਲੇਵ ਵੈਲਫੇਅਰ ਕਮੇਟੀ ਨੇ ਪੌਦਿਆਂ ਦੇ ਸਪਾਂਸਰਾਂ, ਵਿਸ਼ੇਸ਼ ਵਕਤਾ ਅਤੇ ਸਾਰੇ ਨਿਵਾਸੀਆਂ ਦਾ ਧੰਨਵਾਦ ਕੀਤਾ, ਜਿਨ੍ਹਾਂ ਦੇ ਸਹਿਯੋਗ ਨਾਲ ਇਹ ਸਮਾਗਮ ਸ਼ਾਨਦਾਰ ਸਫਲਤਾ ਨਾਲ ਸੰਪੰਨ ਹੋਇਆ। ਕਮੇਟੀ ਨੇ ਦੱਸਿਆ ਕਿ ਸਮਰ ਕੈਂਪ 2.0 ਦੇ ਬਾਕੀ ਦਿਨਾਂ ਦੌਰਾਨ ਵੀ ਹਰ ਉਮਰ ਵਰਗ ਲਈ ਹੋਰ ਵੀ ਉੱਚ ਪੱਧਰੀ ਸਿੱਖਿਆਤਮਕ, ਸੱਭਿਆਚਾਰਕ ਅਤੇ ਮਨੋਰੰਜਕ ਗਤੀਵਿਧੀਆਂ ਕਰਵਾਈਆਂ ਜਾਣਗੀਆਂ।

Leave a Reply

Your email address will not be published. Required fields are marked *