ਪਟਿਆਲਾ ਵਿਖੇ ਮੁਲਾਜ਼ਮਾਂ ‘ਤੇ ਕੀਤਾ ਜ਼ੁਲਮ ‘ਆਪ’ ਸਰਕਾਰ ਦੇ ਕਫ਼ਨ ‘ਚ ਆਖਰੀ ਕਿੱਲ ਸਾਬਤ ਹੋਵੇਗਾ-ਐਮਐਲਏ ਕਾਲਾ ਢਿੱਲੋਂ

ਬਰਨਾਲਾ , (ਗੋਬਿੰਦਰ ਸਿੰਘ ਸਿੱਧੂ) ਪੰਜਾਬ ਪੁਲਿਸ ਵੱਲੋਂ ਪਟਿਆਲਾ ਵਿਖੇ ਪਾਵਰਕਾਮ ਦੇ ਦਫ਼ਤਰ ਅੱਗੇ ਧਰਨੇ ‘ਤੇ ਬੈਠੇ 2600 ਅਪਰੈਂਟਸ਼ਿਪ ਕਰਮਚਾਰੀਆਂ ‘ਤੇ ਕੀਤਾ ਤਸ਼ੱਦਦ ਪੰਜਾਬ ਦੀ ਆਪ ਸਰਕਾਰ ਦੇ ਗਲੇ ਦੀ ਹੱਡੀ ਬਣ ਗਿਆ ਹੈ। ਇਸ ਮਾਮਲੇ ‘ਚ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੂੰ ਚਾਰੇ ਪਾਸੇ ਤੋਂ ਨਿੰਦਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਰਨਾਲਾ ਤੋਂ ਵਿਧਾਇਕ ਅਤੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਪਟਿਆਲਾ ਵਿਖੇ ਪੰਜਾਬ ਪੁਲਿਸ ਦੇ ਤਸ਼ੱਦਦ ਨੂੰ ਸਿਰੇ ਦੀ ਜ਼ਾਲਮਾਨਾ ਕਾਰਵਾਈ ਕਰਾਰ ਦਿੰਦੇ ਹੋਏ ਕਿਹਾ ਕਿ ਇਹ ਜ਼ੁਲਮ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੇ ਕਫ਼ਨ ਵਿੱਚ ਆਖਰੀ ਕਿੱਲ ਸਾਬਤ ਹੋਵੇਗਾ। ਵਿਧਾਇਕ ਕਾਲਾ ਢਿੱਲੋ ਨੇ ਟਿੱਪਣੀ ਕੀਤੀ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਗਵੰਤ ਮਾਨ ਨੇ ਕਿਹਾ ਸੀ ਕਿ ਉਹਨਾਂ ਦੀ ਸਰਕਾਰ ਜੇਕਰ ਪੰਜਾਬ ‘ਚ ਆ ਗਈ ਤਾਂ ਪੰਜਾਬ ‘ਚ ਕਿਧਰੇ ਕੋਈ ਧਰਨਾ ਨਹੀਂ ਲੱਗੇਗਾ, ਪ੍ਰੰਤੂ ਹੁਣ ਜਿਹੜੇ ਤੌਰ ਤਰੀਕੇ ਪੰਜਾਬ ਪੁਲਿਸ ਵੱਲੋਂ ਸ਼ਾਂਤਮਈ ਧਰਨਿਆਂ ਨੂੰ ਚੁਕਾਉਣ ਲਈ ਵਰਤੇ ਜਾ ਰਹੇ ਹਨ ਉਹਨਾਂ ਨੂੰ ਵੇਖਦੇ ਹੋਏ ਇਹ ਸਪੱਸ਼ਟ ਹੋ ਗਿਆ ਹੈ ਕਿ ਭਗਵੰਤ ਮਾਨ ਕਿਸ ਨਜ਼ਰੀਏ ਤੋਂ ਧਰਨਾ ਨਾ ਲੱਗਣ ਦੀ ਗੱਲ ਕਰ ਰਿਹਾ ਸੀ। ਵਿਧਾਇਕ ਢਿੱਲੋਂ ਨੇ ਕਿਹਾ ਕਿ ਦਰਅਸਲ ਭਗਵੰਤ ਮਾਨ ਸਰਕਾਰ ਇਹ ਪੰਜਾਬ ਪੁਲਿਸ ਦੇ ਜਬਰ ਜ਼ੋਰ ‘ਤੇ ਸੂਬੇ ‘ਚ ਕਿਧਰੇ ਵੀ ਕੋਈ ਧਰਨਾ ਨਹੀਂ ਲੱਗਣ ਦੇਣਾ ਚਾਹੁੰਦੀ, ਜਦਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਗਵੰਤ ਮਾਨ ਸਮੇਤ ਆਮ ਆਦਮੀ ਪਾਰਟੀ ਦੇ ਆਗੂ ਇਹਨਾਂ ਧਰਨਿਆਂ ਵਿੱਚ ਬੈਠਦੇ ਰਹੇ ਹਨ ਅਤੇ ਬੇਰੁਜ਼ਗਾਰਾਂ ਨਾਲ ਪਾਣੀ ਵਾਲੀਆਂ ਟੈਂਕੀਆਂ ‘ਤੇ ਵੀ ਚੜਦੇ ਰਹੇ ਹਨ। ਵਿਧਾਇਕ ਢਿੱਲੋਂ ਨੇ ਇਹ ਵੀ ਕਿਹਾ ਕਿ ਮੁਲਾਜ਼ਮਾਂ ਕਿਸਾਨਾਂ, ਮਜ਼ਦੂਰਾਂ ਤੇ ਸ਼ਾਂਤਮਈ ਧਰਨਿਆਂ ਦੌਰਾਨ ਤਸ਼ੱਦਦ ਕਰਨ ਵਾਲੇ ਪੁਲਿਸ ਦੇ ਅਫ਼ਸਰਾਂ ਨੂੰ ਪੰਜਾਬ ‘ਚ ਅਗਲੀ ਕਾਂਗਰਸ ਦੀ ਸਰਕਾਰ ਦੇ ਰਾਜ ਵਿੱਚ ਡਿਊਟੀ ਦੇ ਅਜਿਹੇ ਫਰਜ਼ ਸਿਖਾਏ ਜਾਣਗੇ ਕਿ ਭਵਿੱਖ ‘ਚ ਕੋਈ ਪੁਲਿਸ ਅਫ਼ਸਰ ਸ਼ਾਂਤਮਈ ਧਰਨਾਕਾਰੀਆਂ ‘ਤੇ ਤਸ਼ੱਦਦ ਕਰਨ ਬਾਰੇ ਨਹੀਂ ਸੋਚੇਗਾ। ਵਿਧਾਇਕ ਢਿੱਲੋਂ ਨੇ ਮੰਗ ਕੀਤੀ ਕਿ ਪਟਿਆਲਾ ਵਿਖੇ ਸ਼ਾਂਤਮਈ ਧਰਨਾ ਦੇ ਰਹੇ ਬਿਜਲੀ ਕਰਮਚਾਰੀਆਂ ਉੱਪਰ ਤਸ਼ੱਦਦ ਕਰਨ ਵਾਲੇ ਡੀਐਸਪੀ ਸਮੇਤ ਜ਼ਿੰਮੇਵਾਰ ਹੋਰ ਪੁਲਿਸ ਅਧਿਕਾਰੀ ਅਤੇ ਡਿਊਟੀ ਮੈਜਿਸਟ੍ਰੇਟ ਨੂੰ ਵੀ ਤੁਰੰਤ ਨੌਕਰੀ ਤੋਂ ਡਿਸਮਿਸ ਕੀਤੇ ਜਾਣਾ ਚਾਹੀਦਾ ਹੈ। ਵਿਧਾਇਕ ਢਿੱਲੋਂ ਨੇ ਕਿਹਾ ਕਿ ਇਹ ਹੋਰ ਵੀ ਸ਼ਰਮਨਾਕ ਹੈ ਕਿ ਸਬੰਧਤ ਡੀਐਸਪੀ ਕੈਮਰਿਆਂ ਸਾਹਮਣੇ ਆ ਕੇ ਸਪੱਸ਼ਟੀਕਰਨ ਦੇ ਰਿਹਾ ਹੈ ਕਿ ਲਾਅ ਐਂਡ ਆਰਡਰ ਦੀ ਸਥਿਤੀ ਕਾਇਮ ਰੱਖਣ ਲਈ ਹਲਕਾ ਜਿਹਾ ਲਾਠੀਚਾਰਜ ਕੀਤਾ ਗਿਆ। ਵਿਧਾਇਕ ਢਿੱਲੋਂ ਨੇ ਸਵਾਲ ਕੀਤਾ ਕਿ ਲਾਅ ਐਂਡ ਆਰਡਰ ਕਾਇਮ ਰੱਖਣ ਲਈ ਲਾਠੀਚਾਰਜ ਕਿਹੜੀ ਕਾਨੂੰਨ ਦੀ ਕਿਤਾਬ ਵਿੱਚ ਲਿਖਿਆ ਹੋਇਆ ਹੈ ? ਪਟਿਆਲੇ ਦੇ ਲਾਠੀਚਾਰਜ ਕਾਂਡ ਤੋਂ ਖ਼ਫ਼ਾ ਬਰਨਾਲਾ ਤੋਂ ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਗ੍ਰਹਿ ਵਿਭਾਗ ਛੱਡ ਦੇਣਾ ਚਾਹੀਦਾ ਹੈ ਕਿਉਂਕਿ ਇਹ ਉਹਨਾਂ ਦੇ ਵੱਸ ਦੀ ਗੱਲ ਨਹੀਂ ਹੈ।
