ਭਾਰਤ ਸਮੇਤ ਦੁਨੀਆਂ ‘ਚ 3 ਮਹੀਨਿਆਂ ਤਕ ਸੋਕੇ ਦਾ ਖ਼ਦਸ਼ਾ

0

ਜੂਨ ਤੇ ਅਗੱਸਤ ਦੇ ਵਿਚਕਾਰ ਪ੍ਰਸ਼ਾਂਤ ਮਹਾਸਾਗਰ ‘ਚ ਐਲ ਨੀਨੋ ਬਣਨ ਦੀ 80 ਫ਼ੀ ਸਦੀ ਸੰਭਾਵਨਾ

ਨਵੀਂ ਦਿੱਲੀ, 4 ਜੂਨ (ਨਿਊਜ਼ ਟਾਊਨ ਨੈਟਵਰਕ) : ਵਿਸ਼ਵ ਮੌਸਮ ਵਿਗਿਆਨ ਸੰਗਠਨ (ਡਬਲਯੂ.ਐਮ.ਓ.) ਨੇ ਵੀ ਆਲਮੀ ਜਲਵਾਯੂ ਬਾਰੇ ਇਕ ਬਹੁਤ ਹੀ ਗੰਭੀਰ ਚੇਤਾਵਨੀ ਜਾਰੀ ਕੀਤੀ ਹੈ। ਸੰਯੁਕਤ ਰਾਸ਼ਟਰ ਮੌਸਮ ਵਿਗਿਆਨ ਏਜੰਸੀ ਦੇ ਤਾਜ਼ਾ ਅਪਡੇਟ ਅਨੁਸਾਰ, ਜੂਨ ਤੇ ਅਗੱਸਤ ਦੇ ਵਿਚਕਾਰ ਪ੍ਰਸ਼ਾਂਤ ਮਹਾਸਾਗਰ ਵਿਚ ਐਲ ਨੀਨੋ ਬਣਨ ਦੀ 80 ਫ਼ੀ ਸਦੀ ਸੰਭਾਵਨਾ ਹੈ, ਜਦਕਿ ਨਵੰਬਰ 2026 ਤਕ ਇਸ ਦੇ ਰਹਿਣ ਦੀ 90% ਜਾਂ ਇਸ ਤੋਂ ਵੱਧ ਸੰਭਾਵਨਾ ਹੈ। ਇਸ ਦੇ ਅਸਰ ਨਾਲ ਆਸਟ੍ਰੇਲੀਆ ਤੋਂ ਲੈ ਕੇ ਭਾਰਤ ਤਕ ਦੁਨੀਆਂ ਭਰ ਵਿਚ ਸੋਕਾ, ਵਿਨਾਸ਼ਕਾਰੀ ਹੜ੍ਹ, ਅਤੇ ਸਮੁੰਦਰ ਤੇ ਜ਼ਮੀਨੀ ਗਰਮੀ ਦੀਆਂ ਲਹਿਰਾਂ ਆ ਸਕਦੀਆਂ ਹਨ। ਜ਼ਿਕਰਯੋਗ ਹੈ ਕਿ 2023-24 ਦਾ ਐਲ ਨੀਨੋ ਪਹਿਲਾਂ ਇਤਿਹਾਸ ਦੇ ਪੰਜ ਸੱਭ ਤੋਂ ਸ਼ਕਤੀਸ਼ਾਲੀ ਪ੍ਰਭਾਵਾਂ ’ਚੋਂ ਇਕ ਸੀ, ਜਿਸ ਨੇ 2024 ਵਿਚ ਸਾਰੇ ਵਿਸ਼ਵ ਤਾਪਮਾਨ ਰੀਕਾਰਡ ਤੋੜ ਦਿਤੇ ਸਨ। ਡਬਿਲਉ.ਐਮ.ਓ. ਅਨੁਸਾਰ ਜੇਕਰ ਦੋ ਪ੍ਰਣਾਲੀਆਂ ਸਰਗਰਮ ਰਹਿੰਦੀਆਂ ਹਨ ਤਾਂ ਭਾਰਤ ਐਲ ਨੀਨੋ ਦੇ ਬਾਵਜੂਦ ਮਾਨਸੂਨ ਤੋਂ ਬਚ ਸਕਦਾ ਹੈ। ਪਹਿਲਾ ਹੈ ਹਿੰਦ ਮਹਾਂਸਾਗਰ ਡਾਇਪੋਲ(ਆਈ.ਓ.ਡੀ.)।ਇਸ ਨੂੰ ‘ਹਿੰਦ ਮਹਾਂਸਾਗਰ ਐਲ ਨੀਨੋ‘ ਵੀ ਕਿਹਾ ਜਾਂਦਾ ਹੈ। ਜੇਕਰ ਇਸ ਦਾ ਪੜਾਅ ‘ਸਕਾਰਾਤਮਕ‘ ਹੈ, ਤਾਂ ਇਹ ਐਲ ਨੀਨੋ ਦੇ ਸੋਕੇ ਪ੍ਰਭਾਵ ਨੂੰ ਪੂਰੀ ਤਰ੍ਹਾਂ ਖਤਮ ਕਰ ਸਕਦਾ ਹੈ ਅਤੇ ਭਾਰਤ ਵਿਚ ਚੰਗਾ ਮੀਂਹ ਲਿਆ ਸਕਦਾ ਹੈ। ਦੂਜਾ ਹੈ ਮੈਡਨ-ਜੂਲੀਅਨ ਓਸੀਲੇਸ਼ਨ (ਐਮ.ਜੇ.ਓ.)। ਇਹ ਬੱਦਲਾਂ ਅਤੇ ਹਵਾਵਾਂ ਦਾ ਇਕ ਆਲਮੀ ਚੱਕਰ ਹੈ ਜੋ ਭੂਮੱਧ ਰੇਖਾ ਦੇ ਦੁਆਲੇ ਘੁੰਮਦਾ ਹੈ। ਜਦੋਂ ਇਹ ਭਾਰਤ ਦੇ ਉੱਪਰੋਂ ਲੰਘਦਾ ਹੈ, ਤਾਂ ਇਹ ਕਮਜ਼ੋਰ ਮਾਨਸੂਨ ਦੌਰਾਨ ਵੀ ਭਾਰੀ ਮੀਂਹ ਦੇ ਦੌਰ ਲਿਆਉਂਦਾ ਹੈ। ਇਸ ਦੌਰਾਨ ਭਾਰਤੀ ਮੌਸਮ ਵਿਭਾਗ ਨੇ ਅਪਣੀ ਤਾਜ਼ਾ ਭਵਿੱਖਬਾਣੀ ਵਿਚ ਕਿਹਾ ਹੈ ਕਿ ਮਾਨਸੂਨ 4 ਜੂਨ ਨੂੰ ਕੇਰਲ ਤੱਟ ਉਤੇ ਪਹੁੰਚ ਸਕਦਾ ਹੈ। ਇਸ ਤੋਂ ਬਾਅਦ ਇਹ ਅਗਲੇ ਇਕ ਹਫ਼ਤੇ ਵਿਚ ਤਾਮਿਲਨਾਡੂ, ਕਰਨਾਟਕ ਅਤੇ ਦਖਣੀ ਭਾਰਤ ਦੇ ਹੋਰ ਹਿੱਸਿਆਂ ਵਿਚ ਅੱਗੇ ਵਧ ਸਕਦਾ ਹੈ। ਕੇਰਲ ਵਿਚ ਮਾਨਸੂਨ ਦੇ ਆਉਣ ਦੀ ਆਮ ਤਰੀਕ 1 ਜੂਨ ਹੈ। ਪਿਛਲੀ ਭਵਿੱਖਬਾਣੀ ’ਚ ਵਿਭਾਗ ਨੇ ਭਵਿੱਖਬਾਣੀ ਕੀਤੀ ਸੀ ਕਿ ਮਾਨਸੂਨ 26 ਮਈ ਨੂੰ ਕੇਰਲ ਪਹੁੰਚੇਗਾ। ਹਾਲਾਂਕਿ ਅਨੁਕੂਲ ਹਾਲਾਤ ਦੀ ਘਾਟ ਕਾਰਨ ਮਾਨਸੂਨ 11 ਦਿਨਾਂ ਲਈ ਫਸਿਆ ਰਿਹਾ।

Leave a Reply

Your email address will not be published. Required fields are marked *