ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ ਹਰ ਯੋਗ ਮਹਿਲਾ ਤੱਕ ਪਹੁੰਚਾਉਣਾ ਸਾਡਾ ਮਕਸਦ : ਸੁਸ਼ੀਲ ਰਾਣੀ ਐਮ.ਸੀ

ਧੂਰੀ, 4 ਜੂਨ ( ਵਰਮਾ ): ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ ਤਹਿਤ ਵਾਰਡ ਨੰਬਰ 5 ਵਿੱਚ ਕੌਂਸਲਰ ਸੁਸ਼ੀਲ ਰਾਣੀ ਐਮ.ਸੀ. ਦੀ ਅਗਵਾਈ ਹੇਠ ਘਰ-ਘਰ ਜਾ ਕੇ ਫਾਰਮ ਭਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਯੋਜਨਾ ਅਧੀਨ ਯੋਗ ਮਹਿਲਾਵਾਂ ਨੂੰ ਹਰ ਮਹੀਨੇ 1000 ਅਤੇ 1500 ਰੁਪਏ ਮਿਲਣਗੇ। ਇਸ ਮੌਕੇ ਸੁਸ਼ੀਲ ਰਾਣੀ ਐਮ.ਸੀ. ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਦੀ ਸੋਚ ਅਨੁਸਾਰ ਇਸ ਯੋਜਨਾ ਦਾ ਲਾਭ ਹਰ ਯੋਗ ਮਹਿਲਾ ਤੱਕ ਪਹੁੰਚਾਉਣਾ ਯਕੀਨੀ ਬਣਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਆਂਗਣਵਾੜੀ ਸਟਾਫ ਵੱਲੋਂ ਘਰ-ਘਰ ਜਾ ਕੇ ਫਾਰਮ ਭਰੇ ਜਾ ਰਹੇ ਹਨ ਤਾਂ ਜੋ ਕੋਈ ਵੀ ਯੋਗ ਲਾਭਪਾਤਰੀ ਇਸ ਸਕੀਮ ਤੋਂ ਵਾਂਝਾ ਨਾ ਰਹੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਲੋੜੀਂਦੇ ਦਸਤਾਵੇਜ਼ ਤਿਆਰ ਰੱਖਣ ਅਤੇ ਆਂਗਣਵਾੜੀ ਵਰਕਰਾਂ ਨੂੰ ਪੂਰਾ ਸਹਿਯੋਗ ਦੇਣ ਤਾਂ ਜੋ ਰਜਿਸਟ੍ਰੇਸ਼ਨ ਦਾ ਕੰਮ ਸੁਚਾਰੂ ਢੰਗ ਨਾਲ ਮੁਕੰਮਲ ਕੀਤਾ ਜਾ ਸਕੇ।
ਇਸ ਮੌਕੇ ਅਨਿਲ ਮਿੱਤਲ ਡਾਇਰੈਕਟਰ ਸਮਾਲ ਸਕੇਲ ਇੰਡਸਟਰੀ ਪੰਜਾਬ, ਨਰੇਸ਼ ਸਿੰਗਲਾ ਮੈਂਬਰ ਜ਼ਿਲ੍ਹਾ ਪਲੈਨਿੰਗ ਬੋਰਡ, ਮੁਨੀਸ਼ ਜਿੰਦਲ ਰਿੰਕੂ, ਸੁਮਨ ਰਾਣੀ ਆਂਗਣਵਾੜੀ ਵਰਕਰ, ਪ੍ਰੇਮ ਰਾਣੀ ਆਂਗਣਵਾੜੀ ਵਰਕਰ ਅਤੇ ਨਿਸ਼ਾ ਰਾਣੀ ਸਖੀ ਸਮੇਤ ਹੋਰ ਹਾਜ਼ਰ ਸਨ।
