ਗੁਰੂ ਕਾਸ਼ੀ ਯੂਨੀਵਰਸਿਟੀ ਅਤੇ ਲਾਰਸਨ ਐਂਡ ਟੁਬਰੋ ਐਜ਼ੂਟੇਕ ਵੱਲੋਂ ਸਾਈਬਰ ਸੁਰੱਖਿਆ ਅਧਾਰਿਤ ਪ੍ਰੋਗਰਾਮ ਲਾਂਚ

ਤਲਵੰਡੀ ਸਾਬੋ, 4, ਜੂਨ (ਗੁਰਜੰਟ ਸਿੰਘ ਨਥੇਹਾ) ਗੁਰੂ ਕਾਸ਼ੀ ਯੂਨੀਵਰਸਿਟੀ ਅਤੇ ਲਾਰਸਨ ਐਂਡ ਟੁਬਰੋ ਐਜ਼ੂਟੇਕ ਵੱਲੋਂ ਉਦਯੋਗਾਂ ਅਤੇ ਵਿੱਦਿਅਕ ਅਦਾਰਿਆਂ ਦੇ ਆਪਸੀ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਸਾਈਬਰ ਸੁਰੱਖਿਆ ਅਧਾਰਿਤ ਬੀ.ਟੈਕ ਅਤੇ ਬੀ.ਸੀ.ਏ. ਪ੍ਰੋਗਰਾਮਾਂ ਦੀ ਰਸਮੀ ਸ਼ੁਰੂਆਤ ਕੀਤੀ ਗਈ। ਇਹ ਪ੍ਰੋਗਰਾਮ ਵਾਈਸ ਚਾਂਸਲਰ ਗੁਰੂ ਕਾਸ਼ੀ ਯੂਨੀਵਰਸਿਟੀ, ਪ੍ਰੋ. (ਡਾ.) ਬਲਰਾਜ ਸਿੰਘ, ਸੀ.ਈ.ਓ ਲਾਰਸਨ ਐਂਡ ਟੁਬਰੋ ਐਜ਼ੂਟੇਕ ਐਫ. ਫੈਬੀਨ ਅਤੇ ਪਰੋ. ਵਾਈਸ ਚਾਂਸਲਰ ਗੁਰੂ ਕਾਸ਼ੀ ਯੂਨੀਵਰਸਿਟੀ ਡਾ. ਪੀਯੂਸ਼ ਵਰਮਾ ਵੱਲੋਂ ਲਾਂਚ ਕੀਤੇ ਗਏ। ਇਸ ਮੌਕੇ ਦੋਹਾਂ ਅਦਾਰਿਆਂ ਦੇ ਉੱਚ ਅਧਿਕਾਰੀ ਅਤੇ ਪਤਵੰਤੇ ਹਾਜ਼ਰ ਸਨ। ਪ੍ਰੋਗਰਾਮਾਂ ਦੀ ਰਸਮੀ ਸ਼ੁਰੂਆਤ ਮੌਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਵਾਈਸ ਚਾਂਸਲਰ ( ਡਾ.) ਸਿੰਘ ਨੇ ਵਰਸਿਟੀ ਵੱਲੋਂ ਖੋਜ, ਨਵੀਨਤਾ ਅਤੇ ਹੁਨਰ ਅਧਾਰਿਤ ਸਿੱਖਿਆ ਦੇ ਖੇਤਰ ਵਿੱਚ ਕੀਤੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਉਹਨਾਂ ਕਿਹਾ ਕਿ ਸਿੱਖਿਆ ਦੇ ਖੇਤਰ ਵਿੱਚ ਉਦਯੋਗਾਂ ਦੀ ਭਾਈਵਾਲਤਾ ਨਾਲ ਵਰਸਿਟੀ ਨੇ ਨਵੇਂ ਕੋਰਸ ਤੇ ਪਾਠਕ੍ਰਮ ਡਿਜ਼ਾਇਨ ਕੀਤੇ ਗਏ ਹਨ। ਜੋ ਕਿ ਵਿਦਿਆਰਥੀਆਂ ਲਈ ਰੁਜ਼ਗਾਰ ਦੇ ਨਵੇਂ ਰਸਤੇ ਖੁੱਲਣਗੇ ਅਤੇ ਉਹਨਾਂ ਦੇ ਉਜਵੱਲ ਭਵਿੱਖ ਵਿੱਚ ਸਹਾਈ ਹੋਣਗੇ।ਸਮਾਗਮ ਨੂੰ ਸੰਬੋਧਨ ਕਰਦੇ ਹੋਏ ਸੀ.ਈ.ਓ. ਫੈਬੀਨ ਨੇ ਸਿੱਖਿਆ ਅਤੇ ਰੁਜ਼ਗਾਰ ਦੇ ਪਾੜੇ ਨੂੰ ਭਰਨ ਲਈ ਉਦਯੋਗਾਂ ਦੀ ਲੋੜ ਅਨੁਸਾਰ ਅਕਾਦਮਿਕ ਪ੍ਰੋਗਰਾਮਾਂ ਦੀ ਮਹੱਤਤਾ ਤੇ ਜ਼ੋਰ ਦਿੱਤਾ। ਉਹਨਾਂ ਕਿਹਾ ਕਿ ਅਜਿਹੀਆਂ ਪਹਿਲ ਕਦਮੀਆਂ ਵਿਦਿਆਰਥੀਆਂ ਨੂੰ ਉਦਯੋਗਾਂ ਦੇ ਸਪੰਰਕ ‘ਚ ਲਿਆਉਂਦੀਆਂ ਹਨ, ਜੋ ਉਹਨਾਂ ਲਈ ਨਵੀਆਂ ਸੰਭਾਵਨਾਵਾਂ ਪੈਦਾ ਕਰਦੀਆਂ ਹਨ। ਉਹਨਾਂ ਵਿਸ਼ੇਸ਼ ਤੌਰ ‘ਤੇ ਸੈਮੀਕੰਡਕਟਰ, ਰੱਖਿਆ, ਰੇਲਵੇ, ਨਵਿਆਉਣਯੋਗ ਊਰਜਾ ਅਤੇ ਹੋਰ ਉਕਤ ਤਕਨਾਲੋਜੀ ਦੇ ਖੇਤਰ ਵਿੱਚ ਐੱਲ.ਐਂਡ.ਟੀ. ਦੀ ਮੁਹਾਰਤ ਅਤੇ ਮੌਜ਼ੂਦਗੀ ਤੇ ਚਾਨਣਾ ਪਾਇਆ। ਇਸ ਮੌਕੇ ਪਰੋ. ਵਾਈਸ ਚਾਂਸਲਰ ਡਾ.ਵਰਮਾ ਨੇ ਜੀ.ਕੇ.ਯੂ. ਦੀ ਸ਼ਾਨਦਾਰ ਵਿਕਾਸ ਯਾਤਰਾ ਨੂੰ ਸਾਂਝਾ ਕੀਤਾ। ਉਹਨਾਂ ਯੂ.ਜੀ.ਸੀ. ਵੱਲੋਂ ਵਰਸਿਟੀ ਨੂੰ ਮਿਲੀ ਨੈਕ ਗ੍ਰੇਡ A++ ਮਾਨਤਾ ਦੀ ਗੱਲ ਕਰਦਿਆਂ ਦੱਸਿਆ ਕਿ ਉਦਯੋਗੀ ਭਾਈਵਾਲਾਂ ਦੇ ਸਹਿਯੋਗ ਨਾਲ ਵਰਸਿਟੀ ਵਿਖੇ ਸੈਂਟਰ ਆਫ਼ ਐਕਸੀਲੈਂਸ ਦੀ ਸਥਾਪਨਾ ਕੀਤੀ ਗਈ ਹੈ, ਜੋ ਵਿਦਿਆਰਥੀਆਂ ਨੂੰ ਅਤਿਆਧੁਨਿਕ ਪ੍ਰਯੋਗਸ਼ਾਲਾਵਾਂ ਵਿੱਚ ਵਿਹਾਰਕ ਗਿਆਨ ਸਿੱਖਣ ਦਾ ਮੌਕਾ ਪ੍ਰਦਾਨ ਕਰਦਾ ਹੈ। ਸਮਾਰੋਹ ਮੌਕੇ ਐੱਲ. ਐਂਡ. ਟੀ. ਐਜ਼ੂਟੇਕ ਦੇ ਉੱਤਰ ਖੇਤਰ ਮੁੱਖੀ ਆਸ਼ੀਸ਼ ਮਿਸ਼ਰਾ ਨੇ ਦੱਸਿਆ ਕਿ ਐਜ਼ੂਟੇਕ ਅਦਾਰਾ ਜੀ.ਕੇ.ਯੂ. ਵਿਖੇ ਆਰਟੀਫ਼ਿਸੀਅਲ ਇੰਟੈਲੀਜੈਂਸ (ਏ.ਆਈ.) ਤੇ ਉੱਚ ਤਕਨੀਕੀ ਖੇਤਰਾਂ ਸੰਬੰਧੀ ਪ੍ਰਯੋਗਸ਼ਾਲਾਵਾਂ ਸਥਾਪਿਤ ਕਰੇਗਾ। ਉਹਨਾਂ ਕਿਹਾ ਕਿ ਲਾਂਚ ਕੀਤੇ ਪ੍ਰੋਗਰਾਮ ਦੋਹੇ ਵਿੱਦਿਅਕ ਅਦਾਰਿਆਂ ਲਈ ਨਵੀਨਤਾਕਾਰੀ ਅਤੇ ਉਦਯੋਗਾਂ ਅਨੁਕੂਲ ਸਿੱਖਿਆ ਦੇ ਖੇਤਰ ਵਿੱਚ ਵਿਕਾਸ ਮੁੱਖੀ ਪਹਿਲ-ਕਦਮੀਆਂ ਹਨ, ਜਿਸ ਸਦਕਾ ਉਦਯੋਗਾਂ ਨੂੰ ਉੱਤਮ ਪੇਸ਼ੇਵਰ ਅਧਿਕਾਰੀ ਮਿਲਣਗੇ।
