ਡੀ.ਕੇ. ਸ਼ਿਵਕੁਮਾਰ ਨੇ ਕਰਨਾਟਕ ਦੇ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ

ਉਪ-ਮੁੱਖ ਮੰਤਰੀ ਸਮੇਤ 13 ਹੋਰ ਮੰਤਰੀਆਂ ਨੇ ਵੀ ਲਿਆ ਅਹਿਦ
ਬੰਗਲੁਰੂ, 3 ਜੂਨ (ਨਿਊਜ਼ ਟਾਊਨ ਨੈਟਵਰਕ) : ਕਰਨਾਟਕ ਸੂਬਾ ਕਾਂਗਰਸ ਪ੍ਰਧਾਨ ਡੀ ਕੇ ਸ਼ਿਵਕੁਮਾਰ ਨੇ ਬੁੱਧਵਾਰ ਨੂੰ ਕਰਨਾਟਕ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਉਨ੍ਹਾਂ ਨੂੰ ਇੱਥੇ ਲੋਕ ਭਵਨ ਵਿਖੇ ਰਾਜਪਾਲ ਥਾਵਰਚੰਦ ਗਹਿਲੋਤ ਵੱਲੋਂ ਅਹੁਦੇ ਅਤੇ ਭੇਦ ਗੁਪਤ ਰੱਖਣ ਦੀ ਸਹੁੰ ਚੁਕਾਈ ਗਈ। 64 ਸਾਲਾ ਡੀ ਕੇ ਸ਼ਿਵਕੁਮਾਰ ਨੇ ਹੱਥ ਵਿੱਚ ਸੰਵਿਧਾਨ ਦੀ ਕਾਪੀ ਫੜ ਕੇ ਆਪਣੇ ਸਤਿਕਾਰਯੋਗ ਸੰਤ “ਗੰਗਾਧਰ ਅੱਜਾ” ਦੇ ਨਾਮ ‘ਤੇ ਸਹੁੰ ਚੁੱਕੀ। ਉਨ੍ਹਾਂ ਦੇ ਨਾਲ ਹੀ ਇੱਕ ਉਪ-ਮੁੱਖ ਮੰਤਰੀ (ਡਿਪਟੀ ਸੀ.ਐੱਮ.) ਸਮੇਤ 13 ਹੋਰ ਮੰਤਰੀਆਂ ਨੇ ਵੀ ਆਪਣੇ ਅਹੁਦੇ ਦੀ ਸਹੁੰ ਚੁੱਕੀ। ਵੋਕਾਲੀਗਾ ਭਾਈਚਾਰੇ ਦੇ ਮਜ਼ਬੂਤ ਆਗੂ ਸ਼ਿਵਕੁਮਾਰ ਨੂੰ 28 ਮਈ ਨੂੰ ਸਿੱਧਾਰਮਈਆ ਦੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ 30 ਮਈ ਨੂੰ ਕਰਨਾਟਕ ਵਿੱਚ ਕਾਂਗਰਸ ਵਿਧਾਇਕ ਦਲ ਦਾ ਨੇਤਾ ਚੁਣਿਆ ਗਿਆ ਸੀ। ਸ਼ਿਵਕੁਮਾਰ ਪਹਿਲਾਂ ਸਿੱਧਾਰਮਈਆ ਦੀ ਅਗਵਾਈ ਹੇਠ ਡਿਪਟੀ ਮੁੱਖ ਮੰਤਰੀ ਵਜੋਂ ਸੇਵਾ ਨਿਭਾ ਚੁੱਕੇ ਸਨ। ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ, ਏ ਆਈ ਸੀ ਸੀ ਪ੍ਰਧਾਨ ਮਲਿਕਾਰਜੁਨ ਖੜਗੇ, ਸਾਬਕਾ ਮੁੱਖ ਮੰਤਰੀ ਸਿੱਧਾਰਮਈਆ, ਏ ਆਈ ਸੀ ਸੀ ਦੇ ਜਨਰਲ ਸਕੱਤਰ ਕੇ ਸੀ ਵੇਣੂਗੋਪਾਲ ਅਤੇ ਰਣਦੀਪ ਸਿੰਘ ਸੁਰਜੇਵਾਲਾ, ਕਾਂਗਰਸ ਸ਼ਾਸਿਤ ਸੂਬਿਆਂ ਦੇ ਮੁੱਖ ਮੰਤਰੀ, ਕਾਂਗਰਸ ਦੇ ਕਈ ਚੋਟੀ ਦੇ ਆਗੂ, ਪਤਵੰਤੇ ਸੱਜਣ ਅਤੇ ਸੱਦੇ ਗਏ ਮਹਿਮਾਨ ਇਸ ਸਹੁੰ ਚੁੱਕ ਸਮਾਗਮ ਵਿੱਚ ਹਾਜ਼ਰ ਸਨ। ਇਸ ਤੋਂ ਇਲਾਵਾ ਵੱਖ-ਵੱਖ ਮੱਠਾਂ ਦੇ ਮੁਖੀਆਂ ਸਮੇਤ ਸਾਰੇ ਪ੍ਰਮੁੱਖ ਭਾਈਚਾਰਿਆਂ ਦੇ ਧਾਰਮਿਕ ਆਗੂ ਵੀ ਮੌਜੂਦ ਸਨ। ਕਾਂਗਰਸ ਦੇ ਸੀਨੀਅਰ ਆਗੂ ਜੀ ਪਰਮੇਸ਼ਵਰ ਨੇ ਡੀ ਕੇ ਸ਼ਿਵਕੁਮਾਰ ਦੀ ਕੈਬਨਿਟ ਵਿੱਚ ਮੰਤਰੀ ਵਜੋਂ ਸਹੁੰ ਚੁੱਕੀ। ਪਰਮੇਸ਼ਵਰ ਨੂੰ ਡਿਪਟੀ ਸੀ ਐੱਮ ਵਜੋਂ ਨਾਮਜ਼ਦ ਕੀਤਾ ਜਾਣਾ ਤੈਅ ਹੈ।
