ਪਰਨੀਤ ਕੌਰ ਵੱਲੋਂ ਭਾਜਪਾ ਪ੍ਰਧਾਨ ਕੇਵਲ ਢਿੱਲੋਂ ਨੂੰ ਪੂਰਨ ਸਮਰਥਨ ਦਾ ਐਲਾਨ

0

2027 ਦੀਆਂ ਵਿਧਾਨ ਸਭਾ ਚੋਣਾਂ ਲਈ ਇੱਕਜੁੱਟ ਹੋਣ ਦਾ ਦਿੱਤਾ ਸੱਦਾ

ਚੰਡੀਗੜ੍ਹ, 3 ਜੂਨ (ਕਮਲਜੋਤ ਕਾਂਸਲ) : ਪੰਜਾਬ ਦੇ ਪੂਰਵ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੇਵਲ ਸਿੰਘ ਢਿੱਲੋਂ ਨੂੰ ਪੰਜਾਬ ਭਾਜਪਾ ਦਾ ਪ੍ਰਧਾਨ ਬਣਾਏ ਜਾਣ ’ਤੇ ਚੁੱਕੇ ਗਏ ਸਵਾਲਾਂ ਤੋਂ ਕੁਝ ਦਿਨਾਂ ਬਾਅਦ, ਉਨ੍ਹਾਂ ਦੀ ਪਤਨੀ ਅਤੇ ਸਾਬਕਾ ਸੰਸਦ ਮੈਂਬਰ ਪਰਨੀਤ ਕੌਰ ਨੇ ਅੱਜ ਨਵੇਂ ਸੂਬਾ ਪ੍ਰਧਾਨ ਨੂੰ ਆਪਣਾ ਪੂਰਾ ਸਮਰਥਨ ਦੇਣ ਦਾ ਅਹਿਦ ਲਿਆ ਹੈ। ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਈ ਬੀਬੀ ਪਰਨੀਤ ਕੌਰ ਨੇ ਅੱਜ ਕੇਵਲ ਸਿੰਘ ਢਿੱਲੋਂ ਦੇ ਤਾਜਪੋਸ਼ੀ ਸਮਾਗਮ ਦੌਰਾਨ ਇਹ ਸਪੱਸ਼ਟ ਸੰਦੇਸ਼ ਦਿੱਤਾ। ਇਸ ਸਮਾਗਮ ਦੌਰਾਨ ਸਟੇਜ ’ਤੇ ਲੱਗੀ ਇੱਕ ਵੱਡੀ ਫ਼ਲੈਕਸ ਸ਼ੀਟ ਸਿਆਸੀ ਹਲਕਿਆਂ ਵਿੱਚ ਚਰਚਾ ਦਾ ਵਿਸ਼ਾ ਬਣੀ ਰਹੀ, ਜਿਸ ਵਿੱਚ ਭਾਜਪਾ ਦੇ ਕੌਮੀ ਸਕੱਤਰ ਤਰੁਣ ਚੁੱਘ ਅਤੇ ਸਾਬਕਾ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਦੀ ਤਸਵੀਰ ਪ੍ਰਮੁੱਖਤਾ ਨਾਲ ਲਗਾਈ ਗਈ ਸੀ। ਇਸ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਹਾਲੀਆ ਮੱਤਭੇਦਾਂ ਦੇ ਬਾਵਜੂਦ ਪਾਰਟੀ ਸੀਨੀਅਰ ਆਗੂ ਕੈਪਟਨ ਅਮਰਿੰਦਰ ਸਿੰਘ ਨੂੰ ਕਿੰਨੀ ਅਹਿਮੀਅਤ ਦੇ ਰਹੀ ਹੈ। ਕੇਵਲ ਸਿੰਘ ਢਿੱਲੋਂ ਦੇ ਅਹੁਦਾ ਸੰਭਾਲਣ ਮੌਕੇ ਰੱਖੇ ਸਮਾਗਮ ਨੂੰ ਸੰਬੋਧਨ ਕਰਦਿਆਂ ਪਰਨੀਤ ਕੌਰ ਨੇ ਸਾਲ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪਾਰਟੀ ਅੰਦਰ ਇੱਕਜੁੱਟਤਾ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਸਿੱਧੇ ਤੌਰ ’ਤੇ ਢਿੱਲੋਂ ਨੂੰ ਮੁਖਾਤਿਬ ਹੁੰਦਿਆਂ ਕਿਹਾ, “ਹਾਈਕਮਾਂਡ ਨੇ ਤੁਹਾਡੇ ’ਤੇ ਭਰੋਸਾ ਜਤਾਇਆ ਹੈ। ਅਸੀਂ ਸਾਰੇ ਇੱਥੇ ਤੁਹਾਡਾ ਸਵਾਗਤ ਅਤੇ ਸਮਰਥਨ ਕਰਨ ਲਈ ਇਕੱਠੇ ਹੋਏ ਹਾਂ।” ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਤੋਂ ਪਹਿਲਾਂ ਜਿਨ੍ਹਾਂ ਨੇ ਵੀ ਪਾਰਟੀ ਨੂੰ ਮਜ਼ਬੂਤ ਕੀਤਾ, ਉਹ ਉਨ੍ਹਾਂ ਦਾ ਧੰਨਵਾਦ ਕਰਦੇ ਹਨ। ਹੁਣ ਸਾਨੂੰ ਸਾਰਿਆਂ ਨੂੰ ਇੱਕਜੁੱਟ ਹੋ ਕੇ 2027 ਦੀਆਂ ਚੋਣਾਂ ਜਿੱਤਣ ਲਈ ਕੰਮ ਕਰਨਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ ਦਿਨੀਂ ਕੇਵਲ ਸਿੰਘ ਢਿੱਲੋਂ ਦੀ ਸੂਬਾ ਪ੍ਰਧਾਨ ਵਜੋਂ ਕਾਮਯਾਬੀ ‘ਤੇ ਸ਼ੱਕ ਜ਼ਾਹਰ ਕੀਤਾ ਸੀ। ਕੈਪਟਨ ਨੇ ਮੰਨਿਆ ਸੀ ਕਿ ਢਿੱਲੋਂ ਕਦੇ ਉਨ੍ਹਾਂ ਦੇ ਨਜ਼ਦੀਕੀ ਰਹੇ ਸਨ, ਪਰ ਪਿਛਲੇ ਕਈ ਸਾਲਾਂ ਤੋਂ ਉਨ੍ਹਾਂ ਦੀ ਕੋਈ ਮੁਲਾਕਾਤ ਨਹੀਂ ਹੋਈ। ਉਨ੍ਹਾਂ ਮੀਡੀਆ ਦੀਆਂ ਉਨ੍ਹਾਂ ਰਿਪੋਰਟਾਂ ਨੂੰ ਵੀ ਸਿਰੇ ਤੋਂ ਨਕਾਰ ਦਿੱਤਾ ਸੀ ਜਿਨ੍ਹਾਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਕੈਪਟਨ ਨੇ ਹੀ ਪ੍ਰਧਾਨਗੀ ਲਈ ਢਿੱਲੋਂ ਦੇ ਨਾਂ ਦੀ ਸਿਫ਼ਾਰਸ਼ ਕੀਤੀ ਸੀ। ਇਸ ਸਭ ਦੇ ਬਾਵਜੂਦ ਪਰਨੀਤ ਕੌਰ ਵੱਲੋਂ ਖੁੱਲ੍ਹ ਕੇ ਢਿੱਲੋਂ ਦੇ ਪੱਖ ਵਿੱਚ ਨਿੱਤਰਨਾ ਭਾਜਪਾ ਦੇ ਅੰਦਰੂਨੀ ਸਮੀਕਰਨਾਂ ਵੱਲ ਇਸ਼ਾਰਾ ਕਰਦਾ ਹੈ।

Leave a Reply

Your email address will not be published. Required fields are marked *