ਭ੍ਰਿਸ਼ਟਾਚਾਰ ਦੇ ਮੁਕੱਦਮੇ ਦਾ ਸਾਹਮਣਾ ਕਰ ਰਹੀ ਆਪ ਮਹਿਲਾ ਸਰਪੰਚ ਦੀ ਹਾਈ ਕੋਰਟ ਵੱਲੋਂ ਜ਼ਮਾਨਤ ਰੱਦ

0

ਸਤਵੀਰ ਕੌਰ ਸਿੱਧੂ ‘ਤੇ ਮੁਕੱਦਮਾ ਦਰਜ ਹੋਣ ‘ਤੇ ਵੀ ਅੱਜ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ : ਸ਼ਿਕਾਇਤਕਰਤਾ

ਬਠਿੰਡਾ, 3 ਜੂਨ (ਅਸ਼ੋਕ ਕੁਮਾਰ) : ਮਾਨਯੋਗ ਪੰਜਾਬ-ਹਰਿਆਣਾ ਹਾਈ ਕੋਰਟ ਨੇ ਬਹੁ ਚਰਚਿਤ ਆਮ ਆਦਮੀ ਪਾਰਟੀ ਦੀ ਸਾਬਕਾ ਜ਼ਿਲ੍ਹਾ ਪ੍ਰਧਾਨ ਅਤੇ ਮੌਜੂਦਾ ਸਰਪੰਚ ਸਤਵੀਰ ਕੌਰ ਸਿੱਧੂ ਦੀ ਅਗਾਊ ਜਮਾਨਤ ਰੱਦ ਕਰ ਦਿੱਤੀ ਹੈ, ਇਸ ਤੋਂ ਪਹਿਲਾਂ ਵੀ ਬਠਿੰਡਾ ਅਦਾਲਤ ਵੱਲੋਂ ਵੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਗਈ ਸੀ। ਜ਼ਿਕਰਯੋਗ ਹੈ ਕਿ ਸ਼ਿਕਾਇਤ ਕਰਤਾ ਜਤਿੰਦਰ ਸਿੰਘ ਵਾਸੀ ਪਿੰਡ ਭਗਵਾਨਗੜ੍ਹ ਜਿਲ੍ਹਾ ਬਠਿੰਡਾ ਦੀ ਸ਼ਿਕਾਇਤ ‘ਤੇ ਉਕਤ ਸਰਪੰਚ ਸਤਵੀਰ ਕੌਰ ਸਿੱਧੂ ਪਿੰਡ ਕਾਲਝਰਾਣੀ ਜਿਲ੍ਹਾ ਬਠਿੰਡਾ ਦੇ ਖਿਲਾਫ ਮੁਕੱਦਮਾ ਨੰਬਰ 02, 25/01/2026 ਅਧੀਨ ਧਾਰਾ 7ਏ ਪੀਸੀ ਐਕਟ ਤਹਿਤ ਥਾਣਾ ਵਿਜੀਲੈਂਸ ਬਿਊਰੋ ਬਠਿੰਡਾ ਵਿਖੇ ਦਰਜ ਕੀਤਾ ਗਿਆ ਸੀ। ਅੱਜ ਮਾਣਯੋਗ ਅਦਾਲਤ ਵਿਖੇ ਦੋਸ਼ਣ ਸਤਵੀਰ ਕੌਰ ਦੇ ਵਕੀਲਾਂ ਨੇ ਪੇਸ਼ ਹੋ ਕੇ ਦਲੀਲਾਂ ਪੇਸ਼ ਕੀਤੀਆਂ ਕਿ ਦੋਸ਼ਣ ਸਤਵੀਰ ਕੌਰ ਨੇ ਪੀੜਤ ਜਤਿੰਦਰ ਸਿੰਘ ਤੋਂ ਤਨਖਾਹ ਵਿੱਚੋਂ ਰਿਸ਼ਵਤ ਤੌਰ ‘ਤੇ ਹਿੱਸਾ ਨਹੀਂ ਮੰਗਿਆ ਬਲਕਿ ਉਹ ਆਪਣੇ 1,30,000/- ਦੇ ਕਰਜੇ ਦੀ ਕਿਸ਼ਤ ਦੀ ਮੰਗ ਕਰ ਰਹੀ ਸੀ। ਇਸ ਤੋਂ ਇਲਾਵਾ ਉਹਨਾਂ ਨੇ ਦਲੀਲ ਪੇਸ਼ ਕੀਤੀ ਕਿ ਪੀੜਿਤ ਨੇ ਅਰਜੀ 19/12/2023 ਨੂੰ ਦਿੱਤੀ ਸੀ ਅਤੇ ਮੁਕੱਦਮਾ 25 / 01/2026 ਨੂੰ ਕਾਫੀ ਦੇਰ ਬਾਅਦ ਦਰਜ ਹੋਇਆ ਹੈ। ਪੀੜਤ ਜਤਿੰਦਰ ਸਿੰਘ ਸੋਹਲ ਦੇ ਵਕੀਲ ਕੁਸ਼ਾਗਰਾ ਮਹਾਜਨ ਨੇ ਮਾਨਯੋਗ ਅਦਾਲਤ ਵਿੱਚ ਦਲੀਲ ਪੇਸ਼ ਕੀਤੀ ਕਿ ਕਿਓਕਿ ਦੋਸ਼ਣ ਸਤਵੀਰ ਕੌਰ ਸਿੱਧੂ ਸੱਤਾ ਧਿਰ ਪਾਰਟੀ ਵਿੱਚ ਕਾਫੀ ਉੱਪਰ ਤੱਕ ਪਹੁੰਚ ਰੱਖਦੀ ਹੈ ਅਤੇ ਵਿਜੀਲੈਂਸ ਵਿਭਾਗ ਉੱਪਰ ਉਸ ਦਾ ਕਾਫੀ ਦਬਾਅ ਸੀ ਜਿਸ ਕਾਰਨ ਪੀੜਿਤ ਨੂੰ ਮਾਨਯੋਗ ਹਾਈਕੋਰਟ ਤੱਕ ਪਹੁੰਚ ਕਰਨੀ ਪਈ, ਜਿਸ ਤੋਂ ਬਾਅਦ ਵਿਜੀਲੈਂਸ ਬਿਊਰੋ ਬਠਿੰਡਾ ਨੇ 25/01/2026 ਨੂੰ ਸਤਵੀਰ ਕੌਰ ਸਿੱਧੂ ‘ਤੇ ਪਰਚਾ ਦਰਜ ਕੀਤਾ ਹੈ। ਜਦ ਕਿ ਚੇਅਰਮੈਨ ਰਕੇਸ਼ ਪੁਰੀ ਦੇ ਖਿਲਾਫ ਤਫਤੀਸ਼ ਅਜੇ ਬਾਕੀ ਹੈ, ਸਤਵੀਰ ਕੌਰ ਸਿੱਧੂ ਵੱਲੋਂ 1,30,000/- ਰੁਪਏ ਕਰਜ਼ਾ ਦੇਣ ਸੰਬੰਧੀ ਨਾ ਤਾਂ ਕੋਈ ਸਬੂਤ ਮੌਜੂਦ ਹੈ ਅਤੇ ਨਾ ਹੀ ਉਸ ਦੀਆਂ ਆਡੀਓ ਰਿਕਾਰਡਿੰਗਸ ਵਿੱਚ ਅਜਿਹਾ ਕੋਈ ਜ਼ਿਕਰ ਹੈ, ਸ਼ਿਕਾਇਤ ਕਰਤਾ ਜਤਿੰਦਰ ਸਿੰਘ ਵੱਲੋਂ ਵਿਜੀਲੈਂਸ ਬਿਊਰੋ ਬਠਿੰਡਾ ਨੂੰ 11 ਆਡੀਓ ਵੀਡੀਓਜ ਰਿਕਾਰਡਿੰਗ ਪੇਸ਼ ਕੀਤੀਆਂ ਸਨ। ਸੋ ਸਤਵੀਰ ਕੌਰ ਨੇ ਪੀੜਤ ਤੋਂ ਰਿਸ਼ਵਤ ਵਜੋਂ ਪ੍ਰਾਪਤ ਕੀਤੇ 10000/- ਰੁਪਏ ਸਬੰਧੀ ਹਿਰਾਸਤੀ ਪੁੱਛਗਿੱਛ ਬਹੁਤ ਜਰੂਰੀ ਹੈ ਕਿ ਇਹ ਪੈਸੇ ਉਸਨੇ ਅੱਗੋਂ ਕਿੱਥੇ ਕਿਸ ਨੂੰ ਟਰਾਂਸਫਰ ਕੀਤੇ ਅਤੇ ਦੂਜੇ ਦੋਸ਼ੀ ਚੇਅਰਮੈਨ ਰਕੇਸ਼ ਪੁਰੀ ਨਾਲ ਉਸ ਦਾ ਰਿਸ਼ਵਤ ਸਬੰਧੀ ਕੀ ਲੈਣ ਦੇਣ ਸੀ, ਇਸ ‘ਤੇ ਮਾਨਯੋਗ ਅਦਾਲਤ ਨੇ ਪੀੜਤ ਦੇ ਵਕੀਲ ਕੁਸ਼ਾਗਰਾ ਮਹਾਜਨ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਪਿੰਡ ਕਾਲਝਰਾਣੀ ਜਿਲ੍ਹਾ ਬਠਿੰਡਾ ਦੀ ਸਰਪੰਚ ਸਤਵੀਰ ਕੌਰ ਸਿੱਧੂ ਦੀ ਅੱਜ ਮਿਤੀ 03/06/2026 ਨੂੰ ਅਗਾਊ ਜ਼ਮਾਨਤ ਦੀ ਅਰਜ਼ੀ ਰੱਦ ਕਰ ਦਿੱਤੀ ਹੈ। ਇਸ ਮੌਕੇ ਸ਼ਿਕਾਇਤਕਰਤਾ ਜਤਿੰਦਰ ਸਿੰਘ ਸੋਹਲ ਨੇ ਦੱਸਿਆ ਕਿ ਵਿਜੀਲੈਂਸ ਬਿਊਰੋ ਬਠਿੰਡਾ ਵੱਲੋਂ ਪੰਜਾਬ ਸਰਕਾਰ ਦੀ ਭ੍ਰਿਸ਼ਟਾਚਾਰ ਵਿਰੁਧ ਜ਼ੀਰੋ ਟੋਲਰੈਂਸ ਨੀਤੀ ਦੀ ਉਲੰਘਣਾ ਕਰਨ ਵਾਲੀ ਮਹਿਲਾ ਸਰਪੰਚ ਸਤਵੀਰ ਕੌਰ ਸਿੱਧੂ ‘ਤੇ ਮੁਕੱਦਮਾ ਦਰਜ ਕਰਨ ਉਪਰੰਤ ਅੱਜ ਮਿਤੀ 03/06/2026 ਤੱਕ ਵੀ ਗ੍ਰਿਫਤਾਰ ਨਹੀਂ ਕੀਤਾ ਗਿਆ।

Leave a Reply

Your email address will not be published. Required fields are marked *