ਭਾਜਪਾ ਨੇ ਪੰਜਾਬ ਲਈ ਹਮੇਸ਼ਾ ਕੁਰਬਾਨੀਆਂ ਅਤੇ ਤਿਆਗ ਕੀਤੀਆਂ : ਸੁਨੀਲ ਜਾਖੜ

0

ਚੰਡੀਗੜ੍ਹ, 3 ਜੂਨ (ਦੁਰਗੇਸ਼ ਗਾਜਰੀ) : ਪੰਜਾਬ ਭਾਜਪਾ ਦੇ ਨਵ-ਨਿਯੁਕਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਅੱਜ ਚੰਡੀਗੜ੍ਹ ਦੇ ਸੈਕਟਰ 37 ਸਥਿਤ ਸੂਬਾਈ ਦਫ਼ਤਰ ਵਿਖੇ ਆਪਣਾ ਅਹੁਦਾ ਸਾਂਭ ਲਿਆ ਹੈ। ਇਸ ਮੌਕੇ ਸਾਬਕਾ ਭਾਜਪਾ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਭਾਜਪਾ ਨੇ ਪੰਜਾਬ ਲਈ ਹਮੇਸ਼ਾ ਕੁਰਬਾਨੀਆਂ ਅਤੇ ਤਿਆਗ ਕੀਤਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਨੇ ਹਿੰਦੂ-ਸਿੱਖ ਏਕਤਾ ਨੂੰ ਮਜ਼ਬੂਤ ਕਰਨ ਲਈ ਇੱਕ ਖੇਤਰੀ ਪਾਰਟੀ ਦੇ ਛੋਟੇ ਭਰਾ ਵਜੋਂ ਵੀ ਭੂਮਿਕਾ ਨਿਭਾਈ। ਅੱਜ ਵੀ ਭਾਜਪਾ ਦਾ ਸਭ ਤੋਂ ਵੱਡਾ ਮਕਸਦ ਚੋਣੀ ਜਿੱਤ ਤੋਂ ਵੱਧ ਭਾਈਚਾਰਕ ਸਾਂਝ ਨੂੰ ਕਾਇਮ ਰੱਖਣਾ ਹੈ। ਕਾਂਗਰਸ ਦਾ ਨਾਮ ਲਏ ਬਿਨਾਂ ਉਨ੍ਹਾਂ ਕਿਹਾ, “ਕੁਝ ਲੋਕ ਆਪਣੇ ਆਪ ਨੂੰ ਧਰਮ ਨਿਰਪੱਖ ਕਹਿੰਦੇ ਹਨ, ਪਰ ਸਿਆਸਤ ਧਰਮ ਅਤੇ ਜਾਤ-ਪਾਤ ਦੇ ਨਾਮ ’ਤੇ ਕਰਦੇ ਹਨ। ਉਹ ਪੰਜਾਬ ਵਿੱਚ ਵੰਡ ਦੀ ਰਾਜਨੀਤੀ ਕਰ ਰਹੇ ਹਨ ਅਤੇ ਇਸ ਦਾ ਇਲਾਜ ਸਿਰਫ਼ ਭਾਜਪਾ ਕੋਲ ਹੈ।” ਪੰਜਾਬ ਭਾਜਪਾ ਦੇ ਸਹਿ-ਪ੍ਰਭਾਰੀ ਨਰਿੰਦਰ ਸਿੰਘ ਰੈਣਾ ਨੇ ਦਾਅਵਾ ਕੀਤਾ ਕਿ ਪੰਜਾਬ ਵਿੱਚ ਅਗਲੀ ਸਰਕਾਰ ਭਾਜਪਾ ਦੀ ਬਣੇਗੀ ਅਤੇ ਪਾਰਟੀ ਸੂਬੇ ਨੂੰ ਵਿਕਾਸ ਦਾ ਨਵਾਂ ਮਾਡਲ ਦੇਵੇਗੀ। ਸਾਬਕਾ ਸੂਬਾ ਪ੍ਰਧਾਨ ਅਤੇ ਪਠਾਨਕੋਟ ਤੋਂ ਵਿਧਾਇਕ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੰਜਾਬ ਨਸ਼ਿਆਂ, ਗੈਂਗਸਟਰਵਾਦ, ਭ੍ਰਿਸ਼ਟਾਚਾਰ ਅਤੇ ਵਾਅਦੇ ਪੂਰੇ ਨਾ ਕਰਨ ਵਾਲੀ ਰਾਜਨੀਤੀ ਤੋਂ ਮੁਕਤੀ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਇਸ ਲਈ ਸਾਰਿਆਂ ਨੂੰ ਮਿਲ ਕੇ ਕੰਮ ਕਰਨਾ ਹੋਵੇਗਾ। ਇਸ ਮੌਕੇ ਕੇਂਦਰੀ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਕਿਸੇ ਵੀ ਗੱਲ ਨੂੰ ਬੇਲੋੜਾ ਵਿਵਾਦ ਨਾ ਬਣਾਇਆ ਜਾਵੇ। ਉਨ੍ਹਾਂ ਮੰਚ ’ਤੇ ਮੌਜੂਦ ਬੀਬੀ ਪ੍ਰਨੀਤ ਕੌਰ ਅਤੇ ਜੈਇੰਦਰ ਕੌਰ ਦੀ ਹਾਜ਼ਰੀ ਦਾ ਵਿਸ਼ੇਸ਼ ਜ਼ਿਕਰ ਕੀਤਾ। ਇਸ ਇਕੱਠ ਨੂੰ ਇਕਬਾਲ ਸਿੰਘ ਲਾਲਪੁਰਾ, ਸਾਬਕਾ ਸੰਸਦ ਮੈਂਬਰ ਪ੍ਰਨੀਤ ਕੌਰ ਅਤੇ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਨੇ ਵੀ ਸੰਬੋਧਨ ਕੀਤਾ। ਇਸ ਦੌਰਾਨ ਮਨੋਰੰਜਨ ਕਾਲੀਆ, ਮਨਪ੍ਰੀਤ ਸਿੰਘ ਬਾਦਲ, ਸੋਮ ਪ੍ਰਕਾਸ਼, ਰਾਣਾ ਗੁਰਮੀਤ ਸਿੰਘ ਸੋਢੀ, ਸਤਨਾਮ ਸਿੰਘ ਸੰਧੂ, ਸ਼ਵੇਤ ਮਲਿਕ, ਅਸ਼ੋਕ ਮਿੱਤਲ ਅਤੇ ਵਿਕਰਮਜੀਤ ਸਿੰਘ ਸਾਹਨੀ ਸਮੇਤ ਕਈ ਸੀਨੀਅਰ ਆਗੂ ਮੌਜੂਦ ਸਨ।

Leave a Reply

Your email address will not be published. Required fields are marked *