ਈ ਟੀ ਟੀ ਤੋਂ ਮਾਸਟਰ ਕਾਡਰ ਤਰੱਕੀਆਂ ਦੇ ਆਡਰ ਤੁਰੰਤ ਜਾਰੀ ਕੀਤੇ ਜਾਣ – ਜੀ ਟੀ ਯੂ

ਕੁਰਾਲੀ, 2 ਜੂਨ (ਰਾਜਾ ਸਿੰਘ ਭੰਗੂ )- ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ ਤੇ ਸੂਬਾ ਜਨਰਲ ਸਕੱਤਰ ਗੁਰਬਿੰਦਰ ਸਿੰਘ ਸਸਕੌਰ ਨੇ ਸਿੱਖਿਆ ਮੰਤਰੀ ਪੰਜਾਬ ਤੋਂ ਜ਼ੋਰਦਾਰ ਮੰਗ ਕੀਤੀ ਹੈ ਕਿ ਈ ਟੀ ਟੀ ਤੋਂ ਮਾਸਟਰ ਕਾਡਰ ਤਰੱਕੀਆਂ ਦੇ ਆਡਰ ਤੁਰੰਤ ਜਾਰੀ ਕੀਤੇ ਜਾਣ। ਇਸ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਸੂਬਾ ਪ੍ਰੈੱਸ ਸਕੱਤਰ ਧਰਮਿੰਦਰ ਸਿੰਘ ਭੰਗੂ ਨੇ ਕਿਹਾ ਕਿ ਦਹਾਕੇ ਭਰ ਦੇ ਇੰਤਜ਼ਾਰ ਉਪਰੰਤ ਉਪਰੋਕਤ ਤਰੱਕੀਆਂ ਸਰਬਉਚ ਅਦਾਲਤ ਦੇ ਟੈਟ ਸਬੰਧੀ ਫੈਸਲੇ ਕਾਰਨ ਰੁਕ ਗਈਆਂ ਸਨ। ਹੁਣ ਜਦੋਂ ਕਰੀਬ ਸੌ ਫੀਸਦੀ ਅਧਿਆਪਕਾਂ ਨੇ ਟੈਟ ਪ੍ਰੀਖਿਆ ਪਾਸ ਕਰਕੇ ਅਦਾਲਤੀ ਫੈਸਲੇ ਦੀ ਰੌਸ਼ਨੀ ਵਿੱਚ ਵੀ ਆਪਣੀ ਯੋਗਤਾ ਸਾਬਿਤ ਕਰ ਦਿੱਤੀ ਹੈ, ਤਾਂ ਹੁਣ ਇਹ ਈ ਟੀ ਟੀ ਤੋਂ ਮਾਸਟਰ ਕਾਡਰ ਤਰੱਕੀਆਂ ਦੇ ਆਡਰ ਤੁਰੰਤ ਜਾਰੀ ਕੀਤੇ ਜਾਣੇ ਬਣਦੇ ਹਨ। ਅਧਿਆਪਕ ਆਗੂਆਂ ਨੇ ਸਿੱਖਿਆ ਮੰਤਰੀ ਪੰਜਾਬ ਤੋਂ ਜ਼ੋਰਦਾਰ ਮੰਗ ਕੀਤੀ ਹੈ ਕਿ ਬਕਾਇਆ ਵਿਭਾਗੀ ਕਾਰਵਾਈ ਨੂੰ ਤੁਰੰਤ ਨੇਪਰੇ ਚਾੜ੍ਹਦੇ ਹੋਏ ਤਰੱਕੀਆਂ ਦੇ ਇਸ ਫੈਸਲੇ ਨੂੰ ਤੁਰੰਤ ਅਮਲੀ ਰੂਪ ਦਿੱਤਾ ਜਾਵੇ।
