ਬਸਪਾ ਅੰਮ੍ਰਿਤਸਰ ਵਿੱਚ ਵੱਡਾ ਫੈਸਲਾ: ਨੱਥਾ ਸਿੰਘ ਜ਼ਿਲ੍ਹਾ ਪ੍ਰਧਾਨ ਦੇ ਅਹੁਦੇ ਤੋਂ ਹਟਾਏ ਗਏ

ਛੇਹਰਟਾ/ਅੰਮ੍ਰਿਤਸਰ, — (ਕਮਲ ਸ਼ਮਸ਼ੇਰ ਸਿੰਘ) – ਬਹੁਜਨ ਸਮਾਜ ਪਾਰਟੀ (ਬਸਪਾ) ਜ਼ਿਲ੍ਹਾ ਅੰਮ੍ਰਿਤਸਰ ਦੀ ਇਕ ਹੰਗਾਮੀ ਮੀਟਿੰਗ ਮਾਝਾ ਜੋਨ ਦੇ ਇੰਚਾਰਜ ਭਗਤ ਤਾਰਾ ਚੰਦ ਦੀ ਅਗਵਾਈ ਹੇਠ ਆਯੋਜਿਤ ਕੀਤੀ ਗਈ। ਇਸ ਮੀਟਿੰਗ ਵਿੱਚ ਲੋਕ ਸਭਾ ਅੰਮ੍ਰਿਤਸਰ ਦੇ ਇੰਚਾਰਜ ਸਰਦਾਰ ਮੰਗਲ ਸਿੰਘ ਸਹੋਤਾ, ਜ਼ਿਲ੍ਹਾ ਅਤੇ ਵਿਧਾਨ ਸਭਾ ਇਕਾਈਆਂ ਦੇ ਅਹੁਦੇਦਾਰਾਂ ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਹਾਜ਼ਰ ਹੋਏ। ਇਸ ਮੀਟਿੰਗ ਦੌਰਾਨ ਪਾਰਟੀ ਦੇ ਨੇਤਾਵਾਂ ਅਤੇ ਵਰਕਰਾਂ ਵੱਲੋਂ ਆਪਣੇ ਵਿਚਾਰ ਪੇਸ਼ ਕੀਤੇ ਗਏ। ਵਿਚਾਰ-ਵਟਾਂਦਰੇ ਦੌਰਾਨ ਇਹ ਦੋਸ਼ ਲਗਾਇਆ ਗਿਆ ਕਿ ਅੰਮ੍ਰਿਤਸਰ ਸ਼ਹਿਰੀ ਦੇ ਜ਼ਿਲ੍ਹਾ ਪ੍ਰਧਾਨ ਨੱਥਾ ਸਿੰਘ ਪਿਛਲੇ ਕਈ ਮਹੀਨਿਆਂ ਤੋਂ ਪਾਰਟੀ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਰਹੇ ਹਨ ਅਤੇ ਪਾਰਟੀ ਅਨੁਸ਼ਾਸਨ ਦੀ ਉਲੰਘਣਾ ਕਰਦੇ ਆ ਰਹੇ ਹਨ। ਇਸ ਮੀਟਿੰਗ ਵਿੱਚ ਇਹ ਵੀ ਕਿਹਾ ਗਿਆ ਕਿ ਸਰਦਾਰ ਨੱਥਾ ਸਿੰਘ ਵੱਲੋਂ ਪਾਰਟੀ ਦੇ ਸੀਨੀਅਰ ਆਗੂਆਂ ਅਤੇ ਪੰਜਾਬ ਸਟੇਟ ਲੀਡਰਸ਼ਿਪ ਦਾ ਸਤਿਕਾਰ ਕਰਨ ਦੀ ਬਜਾਏ ਕਈ ਮੀਟਿੰਗਾਂ ਵਿੱਚ ਉਨ੍ਹਾਂ ਨਾਲ ਅਣਛੰਗਾ ਵਿਵਹਾਰ ਕੀਤਾ ਗਿਆ ਅਤੇ ਪਾਰਟੀ ਨਿਯਮਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ। ਇਨ੍ਹਾਂ ਮਾਮਲਿਆਂ ਨੂੰ ਗੰਭੀਰਤਾ ਨਾਲ ਲੈਂਦਿਆਂ ਪਾਰਟੀ ਦੇ ਸਮੂਹ ਨੇਤਾਵਾਂ ਅਤੇ ਵਰਕਰਾਂ ਨੇ ਸਾਂਝੇ ਤੌਰ ‘ਤੇ ਫੈਸਲਾ ਲਿਆ ਕਿ ਪਾਰਟੀ ਹਾਈ ਕਮਾਂਡ ਦੇ ਹੁਕਮਾਂ ਅਨੁਸਾਰ ਸਰਦਾਰ ਨੱਥਾ ਸਿੰਘ ਨੂੰ ਅੰਮ੍ਰਿਤਸਰ ਸ਼ਹਿਰੀ ਦੇ ਜ਼ਿਲ੍ਹਾ ਪ੍ਰਧਾਨ ਦੇ ਅਹੁਦੇ ਤੋਂ ਤੁਰੰਤ ਪ੍ਰਭਾਵ ਨਾਲ ਹਟਾਇਆ ਜਾਂਦਾ ਹੈ। ਇਸ ਮੀਟਿੰਗ ਵਿੱਚ ਇਹ ਵੀ ਫੈਸਲਾ ਕੀਤਾ ਗਿਆ ਕਿ ਮੌਜੂਦਾ ਸ਼ਹਿਰੀ ਟੀਮ ਪਹਿਲਾਂ ਵਾਂਗ ਆਪਣਾ ਕੰਮ ਜਾਰੀ ਰੱਖੇਗੀ ਅਤੇ ਨਵੇਂ ਸ਼ਹਿਰੀ ਪ੍ਰਧਾਨ ਦੀ ਨਿਯੁਕਤੀ ਸਬੰਧੀ ਫੈਸਲਾ ਪਾਰਟੀ ਹਾਈ ਕਮਾਂਡ ਅਤੇ ਪੰਜਾਬ ਪ੍ਰਧਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੀਤਾ ਜਾਵੇਗਾ। ਇਸ ਮੀਟਿੰਗ ਵਿੱਚ ਸਰਦਾਰ ਤਾਰਾ ਚੰਦ ਭਗਤ, ਸਰਦਾਰ ਮੰਗਲ ਸਿੰਘ ਸਹੋਤਾ, ਜਗਦੀਸ਼ ਦੁੱਗਲ, ਰਣਬੀਰ ਸਿੰਘ ਰਾਣਾ, ਗੁਰਬਖਸ਼ ਸਿੰਘ ਮਹੇ, ਹਰਪਿੰਦਰ ਸਿੰਘ ਫੌਜੀ, ਬਲਜੀਤ ਸਿੰਘ, ਹਰਪਾਲ ਸਿੰਘ, ਸੁਖਦੇਵ ਸਿੰਘ, ਬੂਟਾ ਸਿੰਘ, ਦੇਸਰਾਜ, ਬਲਦੇਵ ਸਿੰਘ, ਮੈਡਮ ਪਿੰਕੀ, ਪ੍ਰੀਤਮ ਸਿੰਘ, ਪ੍ਰਦੀਪ ਕੁਮਾਰ, ਦੀਪਕ ਕੁਮਾਰ, ਕੁਲਦੀਪ ਸਿੰਘ ਸਮੇਤ ਕਈ ਹੋਰ ਅਹੁਦੇਦਾਰ ਅਤੇ ਵਰਕਰ ਮੌਜੂਦ ਰਹੇ।
