ਬੇਜ਼ੁਬਾਨ ਕੁੱਤੇ ਨਾਲ ਬੇਰਹਿਮੀ ਦੀ ਵੀਡੀਓ ਵਾਇਰਲ, ਗੁੱਸੇ ਵਿੱਚ ਆਏ ਪਸ਼ੂ ਪ੍ਰੇਮੀਆਂ ਨੇ ਖਾਲਸਾ ਕਾਲਜ ਦੇ ਬਾਹਰ ਲਾਇਆ ਧਰਨਾ

ਛੇਹਰਟਾ, – (ਕਮਲ ਸ਼ਮਸ਼ੇਰ ਸਿੰਘ):ਸੋਸ਼ਲ ਮੀਡੀਆ ‘ਤੇ ਇੱਕ ਬੇਜ਼ੁਬਾਨ ਕੁੱਤੇ ਨਾਲ ਬੇਰਹਿਮੀ ਨਾਲ ਕੁੱਟਮਾਰ ਕਰਨ ਦੀ ਵਾਇਰਲ ਹੋਈ ਵੀਡੀਓ ਤੋਂ ਬਾਅਦ ਅੱਜ ਅੰਮ੍ਰਿਤਸਰ ਵਿੱਚ ਪਸ਼ੂ ਪ੍ਰੇਮੀਆਂ ਦਾ ਗੁੱਸਾ ਫੁੱਟ ਪਿਆ। ਵੱਡੀ ਗਿਣਤੀ ਵਿੱਚ ਇਕੱਠੇ ਹੋਏ ਡੌਗ ਲਵਰਸ ਅਤੇ ਪਸ਼ੂ ਅਧਿਕਾਰ ਕਾਰਕੁਨਾਂ (ਐਨੀਮਲ ਰਾਈਟ ਐਕਟੀਵਿਸਟਸ ) ਨੇ ਇਤਿਹਾਸਕ ਖਾਲਸਾ ਕਾਲਜ ਦੇ ਮੁੱਖ ਗੇਟ ਦੇ ਬਾਹਰ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਅਤੇ ਦੋਸ਼ੀਆਂ ਖਿਲਾਫ ਤੁਰੰਤ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ। ਮਿਲੀ ਜਾਣਕਾਰੀ ਮੁਤਾਬਕ, ਪਿਛਲੇ ਕੁਝ ਦਿਨਾਂ ਤੋਂ ਇੰਟਰਨੈੱਟ ‘ਤੇ ਇੱਕ ਬੇਹੱਦ ਦਰਦਨਾਕ ਵੀਡੀਓ ਵਾਇਰਲ ਹੋ ਰਹੀ ਸੀ, ਜਿਸ ਵਿੱਚ ਕੁਝ ਸ਼ਰਾਰਤੀ ਅਨਸਰ ਇੱਕ ਕੁੱਤੇ ਨੂੰ ਬੇਰਹਿਮੀ ਨਾਲ ਪਿੱਟਦੇ ਹੋਏ ਦਿਖਾਈ ਦੇ ਰਹੇ ਹਨ। ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਜਾਨਵਰਾਂ ਨਾਲ ਪਿਆਰ ਕਰਨ ਵਾਲੇ ਲੋਕਾਂ ਵਿੱਚ ਭਾਰੀ ਰੋਸ ਪੈਦਾ ਹੋ ਗਿਆ। ਵੀਡੀਓ ਵਿੱਚ ਸ਼ਾਮਲ ਨੌਜਵਾਨਾਂ ਦਾ ਸਬੰਧ ਕਥਿਤ ਤੌਰ ‘ਤੇ ਖਾਲਸਾ ਕਾਲਜ ਦੇ ਇਲਾਕੇ ਨਾਲ ਜੋੜਿਆ ਜਾ ਰਿਹਾ ਹੈ, ਜਿਸ ਕਾਰਨ ਪ੍ਰਦਰਸ਼ਨਕਾਰੀਆਂ ਨੇ ਕਾਲਜ ਦੇ ਬਾਹਰ ਧਰਨਾ ਦੇਣ ਦਾ ਫੈਸਲਾ ਕੀਤਾ। ਹੱਥਾਂ ਵਿੱਚ ਤਖਤੀਆਂ ਫੜ ਨਾਅਰੇਬਾਜ਼ੀ ਕੀਤੀ ਧਰਨੇ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਹੱਥਾਂ ਵਿੱਚ ਬੈਨਰ ਅਤੇ ਤਖਤੀਆਂ ਫੜੀਆਂ ਹੋਈਆਂ ਸਨ, ਜਿਨ੍ਹਾਂ ‘ਤੇ “ਬੇਜ਼ੁਬਾਨਾਂ ‘ਤੇ ਜ਼ੁਲਮ ਬੰਦ ਕਰੋ” ਅਤੇ “ਜਸਟਿਸ ਫੋਰ ਇੰਨਓਸੈਂਟ ਐਨੀਮਲਸ ” ਵਰਗੇ ਨਾਅਰੇ ਲਿਖੇ ਹੋਏ ਸਨ। ਵੀਡੀਓ ਦਾ ਵਿਰੋਧ ਕਰ ਰਹੇ ਪਸ਼ੂ ਪ੍ਰੇਮੀਆਂ ਨੇਵੀਡੀਓ ਵਿੱਚ ਦਿਖਾਈ ਦੇ ਰਹੇ ਦੋਸ਼ੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਤੁਰੰਤ ਗ੍ਰਿਫਤਾਰ ਕੀਤੇ ਜਾਣ ਦੀ ਮੰਗ ਕੀਤੀ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਦੋਸ਼ੀਆਂ ਖ਼ਿਲਾਫ਼ ਪਸ਼ੂ ਕਰੂਰਤਾ ਨਿਵਾਰਣ ਐਕਟ (ਪ੍ਰੇਵੇਂਸ਼ਨ ਔਫ ਕਰੁਲਟੀ ਟੁ ਐਨੀਮਲਸ ਐਕਟ ) ਦੇ ਤਹਿਤ ਮਾਮਲਾ ਦਰਜ ਕੀਤਾ ਜਾਵੇ। ਜੇਕਰ ਇਸ ਘਟਨਾ ਵਿੱਚ ਕਾਲਜ ਦਾ ਕੋਈ ਵਿਦਿਆਰਥੀ ਸ਼ਾਮਲ ਪਾਇਆ ਜਾਂਦਾ ਹੈ, ਤਾਂ ਕਾਲਜ ਪ੍ਰਸ਼ਾਸਨ ਵੱਲੋਂ ਉਸ ਵਿਰੁੱਧ ਸਖ਼ਤ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ “ਜਾਨਵਰਾਂ ਪ੍ਰਤੀ ਅਜਿਹੀ ਬੇਰਹਿਮੀ ਸਮਾਜਿਕ ਮਾਨਸਿਕਤਾ ਦੇ ਨਿਘਾਰ ਨੂੰ ਦਰਸਾਉਂਦੀ ਹੈ। ਜੇਕਰ ਅੱਜ ਅਸੀਂ ਬੇਜ਼ੁਬਾਨਾਂ ਲਈ ਆਵਾਜ਼ ਨਾ ਚੁੱਕੀ, ਤਾਂ ਇਹ ਕਰੂਰਤਾ ਹੋਰ ਵਧੇਗੀ।” ਖਾਲਸਾ ਕਾਲਜ ਦੇ ਬਾਹਰ ਧਰਨੇ ਕਾਰਨ ਜੀ.ਟੀ. ਰੋਡ ‘ਤੇ ਕੁਝ ਸਮੇਂ ਲਈ ਟ੍ਰੈਫਿਕ ਵਿਵਸਥਾ ਪ੍ਰਭਾਵਿਤ ਹੋਈ, ਜਿਸ ਤੋਂ ਬਾਅਦ ਸਥਾਨਕ ਪੁਲਿਸ ਤੁਰੰਤ ਮੌਕੇ ‘ਤੇ ਪਹੁੰਚੀ। ਪੁਲਿਸ ਅਧਿਕਾਰੀਆਂ ਨੇ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਸਾਈਬਰ ਸੈੱਲ ਦੀ ਮਦਦ ਨਾਲ ਵੀਡੀਓ ਦੇ ਆਧਾਰ ‘ਤੇ ਦੋਸ਼ੀਆਂ ਦੀ ਪਛਾਣ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਮਿਲੇ ਠੋਸ ਭਰੋਸੇ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ ਧਰਨਾ ਸਮਾਪਤ ਕੀਤਾ, ਪਰ ਨਾਲ ਹੀ ਚੇਤਾਵਨੀ ਦਿੱਤੀ ਕਿ ਜੇਕਰ ਜਲਦ ਹੀ ਕੋਈ ਕਾਰਵਾਈ ਨਾ ਹੋਈ ਤਾਂ ਉਹ ਸੰਘਰਸ਼ ਨੂੰ ਹੋਰ ਤੇਜ਼ ਕਰਨਗੇ।
ਇਸ ਸਬੰਧੀ ਜਦ ਖਾਲਸਾ ਕਾਲਜ ਦੇ ਪ੍ਰਿੰਸੀਪਲ ਡਾਕਟਰ ਆਤਮ ਸਿੰਘ ਰੰਧਾਵਾ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਖਾਲਸਾ ਕਾਲਜ ਦੇ ਨਾਮ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਇਸ ਤਰ੍ਹਾਂ ਦੀ ਕੋਈ ਵੀ ਵੀਡੀਓ ਨਹੀਂ ਹੈ ਜੋ ਕਿ ਖਾਲਸਾ ਕਾਲਜ ਦੀ ਹੋਵੇ ਜਿਸ ਵਿੱਚ ਕਿਸੇ ਬੇਜੁਬਾਨ ਜਾਨਵਰ ਨੂੰ ਮਾਰਿਆ ਗਿਆ ਹੋਵੇ ਇਹ ਇਕ ਸੋਚੀ ਸਮਝੀ ਸ਼ਾਦੀ ਹੈ ਜੋ ਕਿ ਖਾਲਸਾ ਕਾਲਜ ਦੇ ਨਾਮ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਖਾਲਸਾ ਕਾਲਜ ਦੇ ਦਾਖਲੇ ਸ਼ੁਰੂ ਕੀਤੇ ਗਏ ਹਨ ਇਸ ਕਾਰਨ ਹੀ ਇਹ ਵੀਡੀਓ ਖਾਲਸਾ ਕਾਲਜ ਦੇ ਨਾਮ ਨਾਲ ਜੋੜੀ ਜਾ ਰਹੀ ਹੈ
