ਦੇਸ਼ ਦੇ 13 ਜਲ ਭੰਡਾਰਾਂ ‘ਚ 50 ਫ਼ੀ ਸਦੀ ਤੋਂ ਹੇਠਾਂ ਡਿੱਗਿਆ ਪਾਣੀ ਦਾ ਪੱਧਰ

0

ਰਿਪੋਰਟ ਮੁਤਾਬਕ ਇਸ ਸਮੇਂ ਆਮ ਭੰਡਾਰ ਨਾਲੋਂ ਪਾਣੀ ਲਗਭਗ 24 ਪ੍ਰਤੀਸ਼ਤ ਵੱਧ

ਚੰਡੀਗੜ੍ਹ, 20 ਮਈ (ਦੁਰਗੇਸ਼ ਗਾਜਰੀ) : ਗਰਮੀ ਦਾ ਵੱਧ ਰਿਹਾ ਪ੍ਰਭਾਵ ਭਾਰਤ ਦੇ ਵਾਤਾਵਰਣ ਲਈ ਇਕ ਚੁਨੌਤੀ ਬਣ ਰਿਹਾ ਹੈ ਅਤੇ ਅੰਦਾਜ਼ਾ ਹੈ ਕਿ ਮਾਨਸੂਨ ਦੌਰਾਨ ਮੀਂਹ ਵੀ ਘੱਟ ਪਵੇਗਾ। ਜੇਕਰ ਅਜਿਹਾ ਹੁੰਦਾ ਹੈ ਤਾਂ ਇਸ ਨਾਲ ਨਦੀ ਅਤੇ ਜਲ ਭੰਡਾਰਾਂ ਵਿਚ ਪਾਣੀ ਦਾ ਸੰਕਟ ਪੈਦਾ ਹੋ ਸਕਦਾ ਹੈ। ਕੇਂਦਰੀ ਜਲ ਕਮਿਸ਼ਨ ਦੀ ਤਾਜ਼ਾ ਰਿਪੋਰਟ ਦਰਸਾਉਂਦੀ ਹੈ ਕਿ ਦੇਸ਼ ਵਿਚ ਇਸ ਸਮੇਂ ਕੁਲ 63.232 ਬਿਲੀਅਨ ਘਣ ਮੀਟਰ ਪਾਣੀ ਉਪਲਬਧ ਹੈ, ਜੋ ਕਿ ਆਮ ਭੰਡਾਰ ਨਾਲੋਂ ਲਗਭਗ 24 ਪ੍ਰਤੀਸ਼ਤ ਵੱਧ ਹੈ। ਤਾਜ਼ਾ ਅੰਕੜਿਆਂ ਮੁਤਾਬਕ ਦੇਸ਼ ਵਿਚ ਹੁਣ 13 ਵੱਡੇ ਜਲ ਭੰਡਾਰ ਹਨ ਜਿਥੇ ਪਾਣੀ ਦਾ ਪੱਧਰ ਆਮ ਭੰਡਾਰ ਦੇ 50 ਪ੍ਰਤੀਸ਼ਤ ਤੋਂ ਹੇਠਾਂ ਆ ਗਿਆ ਹੈ। ਜਦਕਿ 30 ਅਪ੍ਰੈਲ ਨੂੰ ਜਾਰੀ ਕੀਤੇ ਗਏ ਅੰਕੜਿਆਂ ’ਚ ਇਹ ਗਿਣਤੀ 9 ਸੀ। ਮਈ ਦੇ ਅੰਤ ਤਕ ਸਥਿਤੀ ਹੋਰ ਵੀ ਮੁਸ਼ਕਲ ਹੋ ਸਕਦੀ ਹੈ, ਖ਼ਾਸ ਕਰ ਕੇ ਉਨ੍ਹਾਂ ਰਾਜਾਂ ਵਿਚ ਜਿਥੇ ਜਲ ਭੰਡਾਰ ਪਹਿਲਾਂ ਹੀ ਅਪਣੇ ਆਮ ਪੱਧਰ ਤੋਂ ਅੱਧ ਤੋਂ ਹੇਠਾਂ ਪਹੁੰਚ ਗਏ ਹਨ।ਹਾਲਾਂਕਿ 30 ਅਪ੍ਰੈਲ 2026 ਤਕ ਦੇਸ਼ ਦੇ 166 ਜਲ ਭੰਡਾਰਾਂ ਵਿਚ ਕੁਲ 71.082 ਬਿਲੀਅਨ ਘਣ ਮੀਟਰ ਪਾਣੀ ਬਚਿਆ ਹੋਇਆ ਸੀ, ਜੋ ਉਨ੍ਹਾਂ ਦੀ ਕੁਲ ਸਮਰੱਥਾ ਦਾ 38.72 ਪ੍ਰਤੀਸ਼ਤ ਹੈ। 14 ਮਈ ਤਕ ਇਹ ਅੰਕੜਾ ਘੱਟ ਕੇ 63.232 ਬਿਲੀਅਨ ਘਣ ਮੀਟਰ ਹੋ ਗਿਆ, ਯਾਨੀ ਕਿ ਜਲ ਭੰਡਾਰਾਂ ਦੀ ਸਮਰੱਥਾ ਦਾ ਸਿਰਫ਼ 34.45 ਪ੍ਰਤੀਸ਼ਤ ਰਹਿ ਗਿਆ। ਅੰਕੜਿਆਂ ਤੋਂ ਸਾਫ਼ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਸਿਰਫ਼ ਦੋ ਹਫ਼ਤਿਆਂ ਵਿਚ ਲਗਭਗ 8 ਬਿਲੀਅਨ ਘਣ ਮੀਟਰ ਪਾਣੀ ਖ਼ਤਮ ਹੋ ਗਿਆ ਹੈ। ਦਖਣੀ ਅਤੇ ਪੂਰਬੀ ਭਾਰਤ ਵਿਚ ਸਥਿਤੀ ਸੱਭ ਤੋਂ ਵੱਧ ਵਿਗੜਦੀ ਜਾਪਦੀ ਹੈ। 30 ਅਪ੍ਰੈਲ ਤਕ ਰਿਪੋਰਟ ਵਿਚ ਦਸਿਆ ਗਿਆ ਸੀ ਕਿ ਦਖਣੀ ਭਾਰਤ ਦੇ 36 ਜਲ ਭੰਡਾਰਾਂ ਵਿਚ ਪਾਣੀ ਦਾ ਪੱਧਰ 40 ਪ੍ਰਤੀਸ਼ਤ ਤੋਂ ਘੱਟ ਸੀ। ਹੁਣ ਤਾਜ਼ਾ ਰਿਪੋਰਟ ਅਨੁਸਾਰ ਤਾਮਿਲਨਾਡੂ, ਕੇਰਲ, ਕਰਨਾਟਕ ਅਤੇ ਤੇਲੰਗਾਨਾ ਦੇ ਬਹੁਤ ਸਾਰੇ ਜਲ ਭੰਡਾਰ ਅਪਣੇ ਆਮ ਪੱਧਰ ਤੋਂ ਅੱਧੇ ਤੋਂ ਹੇਠਾਂ ਆ ਗਏ ਹਨ। ਤਾਮਿਲਨਾਡੂ ਦੇ ਵੈਗਾਈ ਜਲ ਭੰਡਾਰ ਵਿਚ ਇਸ ਦੇ ਆਮ ਭੰਡਾਰ ਦਾ ਸਿਰਫ਼ 12.47 ਪ੍ਰਤੀਸ਼ਤ ਹੈ, ਜਦੋਂ ਕਿ ਅਲੀਯਾਰ ਵਿਚ 21.25 ਪ੍ਰਤੀਸ਼ਤ ਹੈ ਅਤੇ ਕੇਰਲ ਦੇ ਪੇਰੀਆਰ ਵਿਚ 41.65 ਪ੍ਰਤੀਸ਼ਤ ਹੈ। ਕੁੱਝ ਜਲ ਭੰਡਾਰਾਂ ਵਿਚ ਸਥਿਤੀ ਜ਼ਿਆਦਾ ਵਿਗੜ ਗਈ ਹੈ। 30 ਅਪ੍ਰੈਲ ਦੀ ਰਿਪੋਰਟ ਵਿਚ ਸਿਰਫ਼ ਚੰਦਨ ਡੈਮ ਨੂੰ ਸੁਕਾ ਦਸਿਆ ਗਿਆ ਸੀ, ਪਰ 14 ਮਈ ਦੀ ਰਿਪੋਰਟ ਵਿਚ ਬਿਹਾਰ ਦੇ ਚੰਦਨ ਡੈਮ, ਮਹਾਰਾਸ਼ਟਰ ਦੇ ਭੀਮਾ ਉਜੈਨੀ ਅਤੇ ਉੱਤਰ ਪ੍ਰਦੇਸ਼ ਦੇ ਮੌਦਾਹਾ ਜਲ ਭੰਡਾਰਾਂ ਨੂੰ ਪੂਰੀ ਤਰ੍ਹਾਂ ਖ਼ਾਲੀ ਦਸਿਆ ਗਿਆ, ਜੋ ਕਿ ਜ਼ੀਰੋ ਪੱਧਰ ’ਤੇ ਪਹੁੰਚ ਗਏ ਸਨ। ਜਦਕਿ ਅਸਾਮ ਵਿਚ ਖਾਂਡੋਂਗ, ਕਰਨਾਟਕ ਵਿਚ ਤਾਟੀਹੱਲਾ, ਮੱਧ ਪ੍ਰਦੇਸ਼ ਵਿਚ ਰਾਜਘਾਟ ਅਤੇ ਉਤਰਾਖੰਡ ਵਿਚ ਟੀਹਰੀ ਵੀ ਗੰਭੀਰ ਸੰਕਟ ਦਾ ਸਾਹਮਣਾ ਕਰ ਰਹੇ ਹਨ। ਨਦੀ ਬੇਸਿਨਾਂ ਵਿਚ ਵੀ ਸਥਿਤੀ ਤੇਜ਼ੀ ਨਾਲ ਵਿਗੜ ਰਹੀ ਹੈ। 30 ਅਪ੍ਰੈਲ ਦੀ ਰਿਪੋਰਟ ਵਿਚ ਗੰਗਾ ਬੇਸਿਨ ਲਗਭਗ 50 ਪ੍ਰਤੀਸ਼ਤ, ਗੋਦਾਵਰੀ 40 ਪ੍ਰਤੀਸ਼ਤ ਅਤੇ ਨਰਮਦਾ ਲਗਭਗ 39 ਪ੍ਰਤੀਸ਼ਤ ਦਿਖਾਇਆ ਗਿਆ ਸੀ। 14 ਮਈ ਦੀ ਰਿਪੋਰਟ ਹੁਣ ਗੰਗਾ ਬੇਸਿਨ ਦਾ ਭੰਡਾਰ 43.34 ਪ੍ਰਤੀਸ਼ਤ, ਗੋਦਾਵਰੀ 36.52 ਪ੍ਰਤੀਸ਼ਤ ਅਤੇ ਨਰਮਦਾ 34.96 ਪ੍ਰਤੀਸ਼ਤ ਦਿਖਾਉਂਦੀ ਹੈ।ਕ੍ਰਿਸ਼ਨਾ ਬੇਸਿਨ, ਜੋ ਪਹਿਲਾਂ ਹੀ ਕਮਜ਼ੋਰ ਸਥਿਤੀ ਵਿਚ ਹੈ, ਵਿਚ ਹੁਣ ਸਿਰਫ 19.31 ਪ੍ਰਤੀਸ਼ਤ ਪਾਣੀ ਹੀ ਬਚਿਆ ਹੈ। ਉਤਰ-ਪੂਰਬੀ ਭਾਰਤ ਵਿਚ ਬਰਾਕ ਬੇਸਿਨ ਸੱਭ ਤੋਂ ਕਮਜ਼ੋਰ ਬਣਿਆ ਹੋਇਆ ਹੈ। ਇਸ ਨੂੰ 30 ਅਪ੍ਰੈਲ ਦੀ ਰਿਪੋਰਟ ਵਿਚ ਸੱਭ ਤੋਂ ਕਮਜ਼ੋਰ ਬੇਸਿਨ ਵਜੋਂ ਸੂਚੀਬੱਧ ਕੀਤਾ ਗਿਆ ਸੀ ਅਤੇ ਪਾਣੀ ਦਾ ਪੱਧਰ ਅਜੇ ਵੀ ਆਮ ਨਾਲੋਂ 20 ਪ੍ਰਤੀਸ਼ਤ ਤੋਂ ਵੱਧ ਹੇਠਾਂ ਹੈ। ਬ੍ਰਾਹਮਣੀ-ਬੈਤਰਣੀ, ਕਾਵੇਰੀ ਅਤੇ ਮਹਾਨਦੀ-ਪੇਨਾਰ ਨਦੀਆਂ ਦੇ ਪੂਰਬੀ ਨਦੀ ਬੇਸਿਨ ਵੀ ਆਮ ਪੱਧਰ ਤੋਂ ਹੇਠਾਂ ਹਨ।

Leave a Reply

Your email address will not be published. Required fields are marked *