ਪੈਟਰੋਲ ਪੰਪ ਡੀਲਰਜ਼ ਐਸੋਸੀਏਸ਼ਨ ਪੰਜਾਬ ਵੱਲੋਂ ਮੁੱਖ ਸਕੱਤਰ ਨੂੰ ਲਿਖਿਆ ਪੱਤਰ, ਵੱਖ-ਵੱਖ ਸ਼ਹਿਰਾਂ ਵਿੱਚ ਤੇਲ ਦੀ ਘਾਟ ਦਾ ਸੰਕਟ ਵਧਣ ਦਾ ਖਦਸ਼ਾ

ਚੰਡੀਗੜ੍ਹ, 20 ਮਈ (ਦੁਰਗੇਸ਼ ਗਾਜਰੀ) : ਅਮਰੀਕਾ, ਇਜ਼ਰਾਈਲ ਅਤੇ ਇਰਾਨ ਵਿਚਕਾਰ ਵਧਦੇ ਤਣਾਅ ਦੇ ਪ੍ਰਭਾਵ ਹੁਣ ਪੰਜਾਬ ਵਿੱਚ ਵੀ ਮਹਿਸੂਸ ਕੀਤੇ ਜਾ ਰਹੇ ਹਨ। ਤੇਲ ਦੀ ਸਪਲਾਈ ਨੂੰ ਲੈ ਕੇ ਡਰ ਕਾਰਨ ਵੱਖ-ਵੱਖ ਸ਼ਹਿਰਾਂ ਵਿੱਚ ਤੇਲ ਦੀ ਘਾਟ ਦਾ ਸੰਕਟ ਵਧਣ ਦਾ ਖਦਸ਼ਾ ਲੱਗ ਰਿਹਾ ਹੈ। ਦਰਅਸਲ ਪੰਜਾਬ ’ਚ ਪੈਟਰੋਲ ਪੰਪ ਡੀਲਰਜ਼ ਐਸੋਸੀਏਸ਼ਨ ਪੰਜਾਬ ਵੱਲੋਂ ਮੁੱਖ ਸਕੱਤਰ ਨੂੰ ਪੱਤਰ ਲਿਖਿਆ ਗਿਆ ਹੈ ਜਿਸ ’ਚ ਤੇਲ ਦੇ ਸਟਾਕ ਦੀ ਪੂਰਤੀ ਦੇ ਗੰਭੀਰ ਸੰਕਟ ਦਾ ਜ਼ਿਕਰ ਕੀਤਾ ਗਿਆ ਹੈ। ਜਿਸ ਕਾਰਨ ਹੁਣ ਇਹ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਪੰਜਾਬ ’ਚ ਕਿਸੇ ਵੀ ਸਮੇਂ ਤੇਲ ਦਾ ਸੰਕਟ ਪੈਦਾ ਹੋ ਸਕਦਾ ਹੈ। ਹਾਲਾਂਕਿ ਇਸ ਸਬੰਧੀ ਕਿਸੇ ਵੀ ਤਰ੍ਹਾਂ ਦੀ ਕੋਈ ਸਰਕਾਰੀ ਜਾਣਕਾਰੀ ਹਾਸਿਲ ਨਹੀਂ ਹੋਈ ਹੈ ਪਰ ਪੈਟਰੋਲ ਪੰਪ ਡੀਲਰਜ਼ ਐਸੋਸੀਏਸ਼ਨ ਪੰਜਾਬ ਵੱਲੋਂ ਲਿਖੇ ਪੱਤਰ ਮਗਰੋਂ ਇਹ ਖਦਸ਼ਾ ਜਤਾਇਆ ਜਾ ਰਿਹਾ ਹੈ। ਉੱਥੇ ਹੀ ਜੇਕਰ ਪੱਤਰ ਦੀ ਗੱਲ ਕਰੀਏ ਤਾਂ ਪੱਤਰ ’ਚ ਪੈਟਰੋਲ ਪੰਪ ਡੀਲਰਜ਼ ਐਸੋਸੀਏਸ਼ਨ ਪੰਜਾਬ ਵੱਲੋਂ ਮੁੱਖ ਸਕੱਤਰ ਨੂੰ ਤੇਲ ਦਾ ਸੰਕਟ ਨੂੰ ਹੱਲ ਕਰਨ ਲਈ ਤੁਰੰਤ ਦਖਲ ਦੇਣ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਨੇ ਸਾਫ ਤੌਰ ’ਤੇ ਕਿਹਾ ਹੈ ਕਿ ਸੂਬੇ ਭਰ ’ਚ ਰਿਟੇਲ ਆਊਟਲੈਂਟ (ਪੰਪ) ਖਾਲੀ ਹੋ ਰਹੇ ਹਨ। ਨਾਲ ਹੀ ਐਚਪੀਸੀਐਲ ਤੇ ਭਾਰਤ ਪੈਟਰੋਲੀਅਮ ਨਾਲ ਸਬੰਧਿਤ ਪੰਪ ਜਿਆਦਾ ਪ੍ਰਭਾਵਿਤ ਹੋ ਰਹੇ ਹਨ। ਦੱਸਣਯੋਗ ਹੈ ਕਿ ਤੇਲ ਅਤੇ ਗੈਸ ਸੰਕਟ ਊਰਜਾ ਦੀਆਂ ਕੀਮਤਾਂ ਵਿੱਚ ਬਹੁਤ ਜ਼ਿਆਦਾ ਉਤਰਾਅ-ਚੜ੍ਹਾਅ ਅਤੇ ਸਪਲਾਈ ਲੜੀ ਵਿੱਚ ਵਿਘਨ ਨੂੰ ਦਰਸਾ ਰਿਹਾ ਹੈ। ਮੱਧ ਪੂਰਬ ਵਿੱਚ ਵਧਦੇ ਤਣਾਅ ਅਤੇ ਹੋਰਮੁਜ਼ ਜਲਡਮਰੂ ਵਿੱਚ ਸਪਲਾਈ ਵਿਘਨ ਨੇ ਵਿਸ਼ਵ ਤੇਲ ਅਤੇ ਗੈਸ ਬਾਜ਼ਾਰ ਨੂੰ ਅਸਥਿਰ ਕਰ ਦਿੱਤਾ ਹੈ। ਇਸਦਾ ਸਿੱਧਾ ਅਸਰ ਬਾਲਣ ਦੀਆਂ ਕੀਮਤਾਂ ਅਤੇ ਮੁਦਰਾਸਫੀਤੀ ‘ਤੇ ਪੈ ਰਿਹਾ ਹੈ।
