ਕਾਂਗਰਸੀ ਆਗੂ ਗੌਰਵ ਸੰਧੂ ਨੇ ਆਯੂਸ਼ਮਾਨ ਅਰੋਗਿਆ ਕੇਂਦਰ ਦਾ ਕੀਤਾ ਦੌਰਾ

0

ਸਨੌਰ, 11 ਮਈ (ਰਾਜਿੰਦਰ ਸਿੰਘ ਥਿੰਦ) 

ਹਲਕਾ ਸਨੌਰ ਦੇ ਕਾਂਗਰਸ ਤੋਂ ਨੌਜਵਾਨ ਆਗੂ ਗੁਰਵਿੰਦਰ ਸਿੰਘ ਗੌਰਵ ਸੰਧੂ ਨੇ ਆਪਣੇ ਸਾਥੀਆਂ ਸਮੇਤ ਸਨੌਰ ਵਿਖੇ ਸਥਿਤ ਆਯੂਸ਼ਮਾਨ ਅਰੋਗਿਆ ਕੇਂਦਰ,ਮਹੁਲਾ ਕਲੀਨਿਕ ਦਾ ਦੌਰਾ ਕਰਕੇ ਉੱਥੇ ਮੌਜੂਦ ਸਿਹਤ ਸਹੂਲਤਾਂ ਦਾ ਜਾਇਜ਼ਾ ਲਿਆ। ਦੌਰੇ ਦੌਰਾਨ ਉਨ੍ਹਾਂ ਨੇ ਅਰੋਗਿਆ ਕੇਂਦਰ ਦੀ ਮੌਜੂਦਾ ਹਾਲਤ ਉੱਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਅਤੇ ਪੰਜਾਬ ਸਰਕਾਰ ਦੀ ਸਿਹਤ ਨੀਤੀ ਉੱਤੇ ਤਿੱਖੇ ਸਵਾਲ ਖੜ੍ਹੇ ਕੀਤੇ। ਇਸ ਮੌਕੇ ਉਨ੍ਹਾਂ ਅਤੇ ਉਨ੍ਹਾਂ ਦੇ ਸਾਥੀਆਂ ਨੇ ਪੰਜਾਬ ਸਰਕਾਰ ਖ਼ਿਲਾਫ਼ ਨਾਰੇਬਾਜ਼ੀ ਕਰਦਿਆਂ ਸਿਹਤ ਪ੍ਰਬੰਧਾਂ ਵਿੱਚ ਤੁਰੰਤ ਸੁਧਾਰ ਦੀ ਮੰਗ ਕੀਤੀ ਗੁਰਵਿੰਦਰ ਸਿੰਘ ਗੌਰਵ ਸੰਧੂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿਹਤ ਖੇਤਰ ਵਿੱਚ ਕ੍ਰਾਂਤੀ ਲਿਆਉਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਪਰ ਜ਼ਮੀਨੀ ਪੱਧਰ ਉੱਤੇ ਹਕੀਕਤ ਇਸ ਤੋਂ ਬਿਲਕੁਲ ਉਲਟ ਹੈ। ਉਨ੍ਹਾਂ ਕਿਹਾ ਕਿ ਸਨੌਰ ਦਾ ਆਯੂਸ਼ਮਾਨ ਅਰੋਗਿਆ ਕੇਂਦਰ, ਜੋ ਇਲਾਕੇ ਦੇ ਹਜ਼ਾਰਾਂ ਲੋਕਾਂ ਲਈ ਮੁੱਢਲੀ ਸਿਹਤ ਸੇਵਾਵਾਂ ਦਾ ਕੇਂਦਰ ਹੈ, ਖੁਦ ਹੀ ਅਣਦੇਖੀ ਦਾ ਸ਼ਿਕਾਰ ਬਣਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਕੇਂਦਰ ਵਿੱਚ ਖੜ੍ਹੀਆਂ ਐਂਬੂਲੈਂਸਾਂ ਦੀ ਹਾਲਤ ਬਹੁਤ ਹੀ ਖ਼ਰਾਬ ਹੈ ਅਤੇ ਉਨ੍ਹਾਂ ਦੀ ਸੰਭਾਲ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਐਮਰਜੈਂਸੀ ਦੇ ਸਮੇਂ ਐਂਬੂਲੈਂਸਾਂ ਦੀ ਮਹੱਤਤਾ ਸਭ ਨੂੰ ਪਤਾ ਹੈ, ਇਸ ਤਰ੍ਹਾਂ ਦੀ ਲਾਪਰਵਾਹੀ ਸਿਹਤ ਪ੍ਰਬੰਧਾਂ ਦੀ ਨਾਕਾਮੀ ਨੂੰ ਦਰਸਾਉਂਦੀ ਹੈ। ਗੌਰਵ ਸੰਧੂ ਨੇ ਅਰੋਗਿਆ ਕੇਂਦਰ ਦੇ ਆਲੇ-ਦੁਆਲੇ ਫੈਲੀ ਗੰਦਗੀ ਅਤੇ ਉੱਗੀ ਹੋਈ ਘਾਹ-ਫੂਸ ਦਾ ਵੀ ਮੁੱਦਾ ਉਠਾਉਂਦੇ ਹੋਏ ਕਿਹਾ ਕਿ ਹਸਪਤਾਲ ਅਤੇ ਸਿਹਤ ਕੇਂਦਰਾਂ ਦੇ ਇਲਾਕੇ ਨੂੰ ਸਾਫ਼-ਸੁਥਰਾ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ, ਪਰ ਇੱਥੇ ਭੰਗ ਦੇ ਵੱਡੇ ਵੱਡੇ ਬੂਟੇ ਅਤੇ ਘਾਹ ਬੇਹਿਸਾਬ ਉੱਗੇ ਹੋਏ ਹਨ। ਇਸ ਕਾਰਨ ਨਾ ਸਿਰਫ਼ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਅਸੁਵਿਧਾ ਹੁੰਦੀ ਹੈ, ਸਗੋਂ ਮੱਛਰਾਂ ਅਤੇ ਹੋਰ ਕੀੜੇ-ਮਕੌੜਿਆਂ ਦੇ ਪੈਦਾ ਹੋਣ ਦਾ ਖ਼ਤਰਾ ਵੀ ਵੱਧ ਜਾਂਦਾ ਹੈ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਕਥਿਤ “ਸਿਹਤ ਕ੍ਰਾਂਤੀ” ਦੀ ਅਸਲ ਹਕੀਕਤ ਹੁਣ ਲੋਕਾਂ ਦੇ ਸਾਹਮਣੇ ਆ ਰਹੀ ਹੈ। ਸਰਕਾਰ ਵਿਗਿਆਪਨਾਂ ਅਤੇ ਬਿਆਨਾਂ ਰਾਹੀਂ ਸਿਹਤ ਸੇਵਾਵਾਂ ਨੂੰ ਮਜ਼ਬੂਤ ਦਿਖਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਹਕੀਕਤ ਵਿੱਚ ਪਿੰਡਾਂ ਅਤੇ ਕਸਬਿਆਂ ਦੇ ਸਿਹਤ ਕੇਂਦਰ ਬੁਨਿਆਦੀ ਸਹੂਲਤਾਂ ਲਈ ਵੀ ਤਰਸ ਰਹੇ ਹਨ। ਗੁਰਵਿੰਦਰ ਸਿੰਘ ਗੌਰਵ ਸੰਧੂ ਨੇ ਕਿਹਾ ਕਿ ਸਨੌਰ ਦੇ ਲੋਕ ਬਿਹਤਰ ਸਿਹਤ ਸੇਵਾਵਾਂ ਦੇ ਹੱਕਦਾਰ ਹਨ। ਉਨ੍ਹਾਂ ਕਿਹਾ ਕਿ ਜੇ 2027 ਚ ਮੌਕਾ ਮਿਲਦਾ ਹੈ ਤਾਂ ਇਸ ਅਰੋਗਿਆ ਕੇਂਦਰ ਨੂੰ ਮੁੱਖ ਰੱਖਦੇ ਹੋਏ ਇਸਨੂੰ ਵੱਡਾ ਹਸਪਤਾਲ ਬਣਾਉਣ ਲਈ ਯਤਨ ਕੀਤੇ ਜਾਣਗੇ। ਆਖਿਰ ਚ ਓਹਨਾ ਸਰਕਾਰ ਤੋਂ ਮੰਗ ਕੀਤੀ ਕਿ ਆਯੂਸ਼ਮਾਨ ਅਰੋਗਿਆ ਕੇਂਦਰ ਦੀ ਤੁਰੰਤ ਸਫਾਈ ਕਰਵਾਈ ਜਾਵੇ, ਐਂਬੂਲੈਂਸਾਂ ਦੀ ਮੁਰੰਮਤ ਕੀਤੀ ਜਾਵੇ ਅਤੇ ਕੇਂਦਰ ਵਿੱਚ ਸਾਰੀਆਂ ਲੋੜੀਂਦੀਆਂ ਸਹੂਲਤਾਂ ਉਪਲਬਧ ਕਰਵਾਈਆਂ ਜਾਣ। ਉਨ੍ਹਾਂ ਕਿਹਾ ਕਿ ਜੇ ਜਲਦੀ ਕਾਰਵਾਈ ਨਾ ਕੀਤੀ ਗਈ ਤਾਂ ਲੋਕਾਂ ਦੇ ਸਹਿਯੋਗ ਨਾਲ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਦੇ ਨਾਲ ਕਈ ਸਾਥੀ ਵੀ ਹਾਜ਼ਰ ਸਨ, ਜਿਨ੍ਹਾਂ ਨੇ ਵੀ ਕੇਂਦਰ ਦੀ ਮੌਜੂਦਾ ਹਾਲਤ ਉੱਤੇ ਨਾਰਾਜ਼ਗੀ ਜਤਾਈ ਅਤੇ ਪੰਜਾਬ ਸਰਕਾਰ ਤੋਂ ਸਿਹਤ ਪ੍ਰਬੰਧਾਂ ਵਿੱਚ ਤੁਰੰਤ ਸੁਧਾਰ ਦੀ ਮੰਗ ਕੀਤੀ। ਇਲਾਕੇ ਦੇ ਲੋਕਾਂ ਨੇ ਵੀ ਉਮੀਦ ਜਤਾਈ ਕਿ ਸੰਬੰਧਿਤ ਅਧਿਕਾਰੀ ਇਸ ਮਾਮਲੇ ਦਾ ਗੰਭੀਰ ਨੋਟਿਸ ਲੈਣਗੇ ਅਤੇ ਜਲਦੀ ਹੀ ਕੇਂਦਰ ਦੀ ਸਥਿਤੀ ਨੂੰ ਸੁਧਾਰਿਆ ਜਾਵੇਗਾ। ਇਸ ਮੱਕੇ ਸੁਖਵਿੰਦਰ ਸਿੰਘ ਪ੍ਰਧਾਨ, ਨਸ਼ਤਰ ਸਿੰਘ ਰਾਠੀਆ, ਸਿਮਰਨਜੋਤ ਸਿੰਘ, ਸਤਵਿੰਦਰ ਸਿੰਘ ਰਾਠੀਆ, ਰਣਧੀਰ ਗਿੱਲ ਸਨੌਰ, ਨਰਿੰਦਰ ਸਿੰਘ, ਰੋਹਿਤ ਬਲੇਚਾ ਸਨੌਰ, ਹਰਿੰਦਰ ਸਿੰਘ, ਹੈਪੀ ਡੋਡਾ ਸਨੌਰ ਅਤੇ ਪੰਕਜ ਧਾਲੀਵਾਲ।

Leave a Reply

Your email address will not be published. Required fields are marked *