ਪਾਵਰਕਾਮ ਮੁਲਾਜ਼ਮਾਂ ਦੀ ਮੀਟਿੰਗ ਵਿੱਚ ਸਰਕਾਰ ਤੇ ਮੈਨੇਜਮੈਂਟ ਖ਼ਿਲਾਫ਼ ਰੋਸ, ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਦੀ ਚੇਤਾਵਨੀ

ਮਮਦੋਟ, 7 ਮਈ ( ਰਾਜੇਸ਼ ਧਵਨ )— ਮੁਲਾਜ਼ਮ ਯੂਨਾਈਟਿਡ ਔਰਗੇਨਾਈਜੇਸ਼ਨ (ਰਜਿ.) ਪਾਵਰਕਾਮ ਜਥੇਬੰਦੀ ਦੀ ਮਹੀਨਾਵਾਰ ਮੀਟਿੰਗ ਸਬ ਡਵੀਜ਼ਨ ਪ੍ਰਧਾਨ ਚਰਨਜੀਤ ਮੈਨੀ ਦੀ ਅਗਵਾਈ ਹੇਠ ਪਾਵਰਕਾਮ ਦਫ਼ਤਰ ਮਮਦੋਟ ਵਿਖੇ ਕਰਵਾਈ ਗਈ। ਇਸ ਮੌਕੇ ਸੂਬਾ ਕਾਰਜਕਾਰੀ ਮੈਂਬਰ ਸ. ਗੁਰਦੇਵ ਸਿੰਘ ਮਮਦੋਟ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਮੁਲਾਜ਼ਮ ਆਗੂਆਂ ਨੇ ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਦੀਆਂ ਨੀਤੀਆਂ ’ਤੇ ਨਾਰਾਜ਼ਗੀ ਜ਼ਾਹਿਰ ਕਰਦਿਆਂ ਕਿਹਾ ਕਿ ਮੁਲਾਜ਼ਮਾਂ ਦੀਆਂ ਜਬਰੀ ਬਦਲੀਆਂ ਤੁਰੰਤ ਰੱਦ ਕੀਤੀਆਂ ਜਾਣ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੇ ਡੀ.ਏ. ਦੀ ਕਿਸ਼ਤ ਜਾਰੀ ਕੀਤੀ ਜਾਵੇ ਅਤੇ ਵਾਅਦੇ ਮੁਤਾਬਕ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ।
ਆਗੂਆਂ ਨੇ ਕਿਹਾ ਕਿ ਪਾਵਰਕਾਮ ਮੈਨੇਜਮੈਂਟ 295/19 ਸੀ.ਆਰ.ਏ. ਦੇ ਤਹਿਤ ਟਰਮੀਨੇਟ ਕੀਤੇ ਗਏ 26 ਸਾਥੀਆਂ ਨੂੰ ਬਿਨਾਂ ਸ਼ਰਤ ਬਹਾਲ ਕਰੇ। ਇਸ ਦੇ ਨਾਲ ਹੀ 20-7-2020 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਨੂੰ ਪੰਜਾਬ ਦਾ ਛੇਵਾਂ ਪੇ-ਸਕੇਲ ਲਾਗੂ ਕਰਨ, 267/11 ਅਤੇ 281/13 ਵਿੱਚ ਭਰਤੀ ਲਾਈਨਮੈਨਾਂ ਦੇ ਪਰਖਕਾਲ ਸਮੇਂ ਨੂੰ ਰੈਗੂਲਰ ਸੇਵਾ ਵਿੱਚ ਜੋੜਨ ਅਤੇ ਨਵੇਂ ਭਰਤੀ ਸਹਾਇਕ ਲਾਈਨਮੈਨਾਂ ਨੂੰ ਨੇੜਲੇ ਖਾਲੀ ਸਟੇਸ਼ਨਾਂ ’ਤੇ ਤੈਨਾਤ ਕਰਨ ਦੀ ਮੰਗ ਵੀ ਕੀਤੀ ਗਈ।
ਮੀਟਿੰਗ ਦੌਰਾਨ 289/16 ਵਾਲੇ ਲਾਈਨਮੈਨ ਮੁਲਾਜ਼ਮਾਂ ਲਈ ਜੇ.ਈ. ਪ੍ਰਮੋਸ਼ਨ ਦਾ ਸਮਾਂ ਨਿਸ਼ਚਿਤ ਕਰਨ ਅਤੇ ਲਾਈਨਮੈਨ ਤੋਂ ਜੇ.ਈ. ਬਣਨ ਲਈ ਵਿਭਾਗੀ ਪ੍ਰੀਖਿਆ ਮੁੜ ਬਹਾਲ ਕਰਨ ਦੀ ਮੰਗ ਵੀ ਉਠਾਈ ਗਈ। ਆਗੂਆਂ ਨੇ ਫੀਲਡ ਵਿੱਚ ਕੰਮ ਕਰਦੇ ਲਾਈਨਮੈਨਾਂ ਅਤੇ ਸਹਾਇਕ ਲਾਈਨਮੈਨਾਂ ਨੂੰ ਹਰ ਮਹੀਨੇ 60 ਲੀਟਰ ਪੈਟਰੋਲ ਭੱਤਾ ਦੇਣ, ਰਿਸਕ ਭੱਤਾ ਵਧਾਉਣ ਅਤੇ ਕੱਚੇ ਕਾਮਿਆਂ ਨੂੰ ਪੱਕਾ ਕਰਨ ਦੀ ਵੀ ਮੰਗ ਕੀਤੀ।
ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਵੱਲੋਂ ਜਲਦ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ ਯੂਨੀਅਨ ਵੱਲੋਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ, ਜਿਸ ਦੀ ਪੂਰੀ ਜ਼ਿੰਮੇਵਾਰੀ ਸਰਕਾਰ ਅਤੇ ਮੈਨੇਜਮੈਂਟ ਦੀ ਹੋਵੇਗੀ।
ਇਸ ਮੌਕੇ ਸਾਥੀ ਸੁਰਜੀਤ ਸਿੰਘ ਜੇ.ਈ., ਗੁਰਦੀਪ ਸਿੰਘ ਲਾਈਨਮੈਨ, ਗੁਰਜੀਤ ਸਿੰਘ, ਅਮਨਦੀਪ ਕੌਰ ਅਤੇ ਪ੍ਰਿਯੰਕਾ ਰਾਣੀ ਵੱਲੋਂ ਵੱਖ-ਵੱਖ ਜਥੇਬੰਦੀਆਂ ਛੱਡ ਕੇ ਐਮ.ਯੂ.ਓ. ਪਰਿਵਾਰ ਵਿੱਚ ਸ਼ਾਮਲ ਹੋਣ ’ਤੇ ਇਕੱਤਰ ਸਾਥੀਆਂ ਵੱਲੋਂ ਸਿਰੋਪਾਓ ਪਾ ਕੇ ਨਿੱਘਾ ਸਵਾਗਤ ਕੀਤਾ ਗਿਆ।
ਮੀਟਿੰਗ ਵਿੱਚ ਡਵੀਜ਼ਨ ਖਜ਼ਾਨਚੀ ਬਲਜੀਤ ਸਿੰਘ, ਮੀਤ ਪ੍ਰਧਾਨ ਰਵਿੰਦਰ ਲਾਡੀ, ਸਕੱਤਰ ਕਮਲਜੀਤ ਸੋਈ, ਸੁਰਜੀਤ ਸਿੰਘ ਘੋੜਾਚੱਕ, ਕੁਲਵੰਤ ਸਿੰਘ, ਵਿਨੋਦ ਚੌਧਰੀ, ਓਮ ਪ੍ਰਕਾਸ਼, ਸੁਖਵਿੰਦਰ ਸਿੰਘ, ਹਰਜਿੰਦਰ ਸਿੰਘ, ਇੰਦਰਜੀਤ ਸਿੰਘ, ਅਮਰੀਕ ਸਿੰਘ, ਰਵਿੰਦਰ ਬੇਦੀ, ਸੰਦੀਪ ਕੁਮਾਰ, ਸੰਦੀਪ ਸਿੰਘ, ਅੰਗਰੇਜ਼ ਸਿੰਘ, ਗੁਰਜੰਟ ਸਿੰਘ, ਅਸ਼ੋਕ ਕੁਮਾਰ, ਪ੍ਰਿੰਸ ਕੁਮਾਰ, ਗੁਰਮੀਤ ਸਿੰਘ, ਜਸਬੀਰ ਸਿੰਘ, ਮਲਕੀਤ ਸਿੰਘ, ਪਵਨ ਕੁਮਾਰ, ਖੁਸ਼ਪ੍ਰੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਸਮੇਤ ਹੋਰ ਸਾਥੀ ਵੀ ਹਾਜ਼ਰ ਸਨ।
