ਯੂਕਰੇਨ ਨੇ ਰੂਸ ’ਤੇ 500 ਤੋਂ ਵੱਧ ਡਰੋਨਾਂ ਨਾਲ ਕੀਤਾ ਵੱਡਾ ਹਮਲਾ

ਰੂਸ ਨੇ 556 ਡਰੋਨਾਂ ਨੂੰ ਕੀਤਾ ਤਬਾਹ, 4 ਲੋਕਾਂ ਦੀ ਮੌਤ, ਕਈ ਜ਼ਖਮੀ
ਮਾਸਕੋ, 17 ਮਈ (ਨਿਊਜ਼ ਟਾਊਨ ਨੈਟਵਰਕ) : ਯੂਕਰੇਨ ਨੇ ਰੂਸ ‘ਤੇ ਹੁਣ ਤੱਕ ਦੇ ਸਭ ਤੋਂ ਵੱਡੇ ਡਰੋਨ ਹਮਲੇ ਨੂੰ ਅੰਜਾਮ ਦਿੱਤਾ ਹੈ। ਰਾਤ ਭਰ ਚੱਲੇ ਇਨ੍ਹਾਂ ਹਮਲਿਆਂ ਵਿੱਚ ਮਾਸਕੋ ਸਮੇਤ ਰੂਸ ਦੇ ਕਈ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ ਗਿਆ। ਰੂਸੀ ਅਧਿਕਾਰੀਆਂ ਮੁਤਾਬਕ ਇਸ ਹਮਲੇ ਵਿੱਚ 500 ਤੋਂ ਵੱਧ ਡਰੋਨਾਂ ਦੀ ਵਰਤੋਂ ਕੀਤੀ ਗਈ ਸੀ।ਅਧਿਕਾਰੀਆਂ ਨੇ ਇਸ ਹਮਲੇ ਨੂੰ ਰੂਸੀ ਰਾਜਧਾਨੀ ਖੇਤਰ ‘ਤੇ ਇੱਕ ਸਾਲ ਤੋਂ ਵੱਧ ਸਮੇਂ ਵਿੱਚ ਹੋਇਆ ਸਭ ਤੋਂ ਵੱਡਾ ਹਮਲਾ ਦੱਸਿਆ ਹੈ। ਇਸ ਹਮਲੇ ਵਿੱਚ ਘੱਟੋ-ਘੱਟ 4 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਇਸ ਦੇ ਨਾਲ ਹੀ ਵੱਖ-ਵੱਖ ਇਲਾਕਿਆਂ ਵਿੱਚ ਰਿਹਾਇਸ਼ੀ ਇਮਾਰਤਾਂ ਅਤੇ ਬੁਨਿਆਦੀ ਢਾਂਚੇ ਨੂੰ ਵੀ ਨੁਕਸਾਨ ਪਹੁੰਚਿਆ ਹੈ। ਸਥਾਨਕ ਅਧਿਕਾਰੀਆਂ ਅਨੁਸਾਰ ਇਨ੍ਹਾਂ ਹਮਲਿਆਂ ਵਿੱਚ ਘੱਟੋ-ਘੱਟ ਚਾਰ ਲੋਕਾਂ ਦੀ ਜਾਨ ਚਲੀ ਗਈ। ਇਨ੍ਹਾਂ ਵਿੱਚੋਂ ਤਿੰਨ ਲੋਕਾਂ ਦੀ ਮੌਤ ਮਾਸਕੋ ਖੇਤਰ ਵਿੱਚ ਅਤੇ ਇੱਕ ਵਿਅਕਤੀ ਦੀ ਮੌਤ ਯੂਕਰੇਨ ਦੀ ਸਰਹੱਦ ਨੇੜੇ ਸਥਿਤ ਬੇਲਗੋਰੋਦ ਖੇਤਰ ਵਿੱਚ ਹੋਈ। ਰੂਸ ਦੇ ਰੱਖਿਆ ਮੰਤਰਾਲੇ ਨੇ ਦੱਸਿਆ ਕਿ ਰਾਤ ਭਰ ਚੱਲੇ ਇਸ ਹਮਲੇ ਦੌਰਾਨ ਉਸ ਦੇ ਹਵਾਈ ਸੁਰੱਖਿਆ ਪ੍ਰਣਾਲੀ ਨੇ ਇੱਕ ਦਰਜਨ ਤੋਂ ਵੱਧ ਇਲਾਕਿਆਂ ਵਿੱਚ ਯੂਕਰੇਨ ਦੇ 556 ਡਰੋਨਾਂ ਨੂੰ ਰੋਕ ਕੇ ਨਸ਼ਟ ਕਰ ਦਿੱਤਾ। ਇਸ ਦੌਰਾਨ ਮਾਸਕੋ ਅਤੇ ਪੱਛਮੀ ਰੂਸ ਦੇ ਆਸ-ਪਾਸ ਧਮਾਕਿਆਂ ਅਤੇ ਐਮਰਜੈਂਸੀ ਬਚਾਅ ਕਾਰਜਾਂ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਹਨ।
