ਸੀ.ਆਈ.ਟੀ. (ਚੀਫ ਇੰਸਪੈਕਟਰ ਟਿਕਟ) ਸਵ: ਅਮਰਜੀਤ ਸਿੰਘ ਨੂੰ ਅੰਤਿਮ ਅਰਦਾਸ ਮੌਕੇ ਸ਼ਰਧਾਂਜਲੀਆਂ ਭੇਂਟ

ਵੱਖ-ਵੱਖ ਰਾਜਨੀਤਿਕ ਅਤੇ ਸਮਾਜਿਕ ਆਗੂਆਂ ਨੇ ਸਵ: ਅਮਰਜੀਤ ਸਿੰਘ ਦੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ
ਸ਼੍ਰੀ ਅੰਮ੍ਰਿਤਸਰ ਸਾਹਿਬ, 24 ਮਈ (ਮਨਜੀਤ ਸਿੰਘ ਸ਼ੇਰਗਿੱਲ )
ਭਾਰਤੀ ਰੇਲਵੇ ਵਿਭਾਗ ਵਿੱਚ ਸੀ.ਆਈ.ਟੀ. (ਚੀਫ ਇੰਸਪੈਕਟਰ ਟਿਕਟ) ਵਜੋਂ ਸੇਵਾ ਨਿਭਾ ਚੁੱਕੇ ਸਵਰਗੀ ਸ. ਅਮਰਜੀਤ ਸਿੰਘ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਅੰਤਿਮ ਅਰਦਾਸ ਗੁਰਦੁਆਰਾ ਸੰਤ ਸ਼ੰਕਰ ਸਿੰਘ ਜੀ ਕਬੀਰ ਪਾਰਕ ਵਿਖੇ ਸ਼ਰਧਾ ਅਤੇ ਸਤਿਕਾਰ ਨਾਲ ਕਰਵਾਈ ਗਈ। ਇਸ ਮੌਕੇ ਵੱਡੀ ਗਿਣਤੀ ਵਿੱਚ ਰਿਸ਼ਤੇਦਾਰਾਂ, ਸੱਜਣਾਂ-ਮਿੱਤਰਾਂ, ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਆਗੂਆਂ ਨੇ ਸ਼ਮੂਲੀਅਤ ਕਰਦਿਆਂ ਸਵ: ਅਮਰਜੀਤ ਸਿੰਘ ਨੂੰ ਭਾਵਭਿੰਨੀਆਂ ਸ਼ਰਧਾਂਜਲੀਆਂ ਭੇਂਟ ਕੀਤੀਆਂ। ਸ਼ਰਧਾਂਜਲੀ ਸਮਾਗਮ ਦੌਰਾਨ ਬੋਲਦਿਆਂ ਭਾਰਤੀ ਜਨਤਾ ਪਾਰਟੀ ਦੇ ਸੀਨੀਆਰ ਆਗੂ ਅਤੇ ਚੇਅਰਮੈਨ ਪੰਜਾਬ ਸਟੇਟ ਸਮਾਲ ਇੰਡਸਟ੍ਰੀਜ ਫੈਡਰੇਸ਼ਨ ਆਫ ਐਸੋਸੀਏਸ਼ਨ ਭਾਰਤ ਸਰਕਾਰ ਸ. ਇੰਦਰਜੀਤ ਸਿੰਘ ਬਾਸਰਕੇ ਨੇ ਕਿਹਾ ਕਿ ਸਵ: ਅਮਰਜੀਤ ਸਿੰਘ ਇਕ ਯਾਰਾਂ ਦੇ ਯਾਰ, ਨੇਕ ਦਿਲ, ਇਮਾਨਦਾਰ ਅਤੇ ਮਿਲਣਸਾਰ ਸ਼ਖਸੀਅਤ ਦੇ ਮਾਲਕ ਸਨ। ਉਹਨਾਂ ਨੇ ਆਪਣੀ ਨੌਕਰੀ ਦੌਰਾਨ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਸੇਵਾਵਾਂ ਨਿਭਾਈਆਂ ਅਤੇ ਹਰ ਵਰਗ ਦੇ ਲੋਕਾਂ ਨਾਲ ਪਿਆਰ ਅਤੇ ਸਤਿਕਾਰ ਨਾਲ ਪੇਸ਼ ਆਉਂਦੇ ਸਨ। ਉਨ੍ਹਾਂ ਦੇ ਚੰਗੇ ਸੁਭਾਅ ਅਤੇ ਸਾਦਗੀ ਭਰੇ ਜੀਵਨ ਕਾਰਨ ਉਹ ਹਰ ਇੱਕ ਦੇ ਦਿਲ ਵਿੱਚ ਵੱਸਦੇ ਸਨ। ਇਸ ਮੌਕੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਏ.ਜੀ.ਐਮ ਸ. ਵੀ.ਪੀ ਸਿੰਘ, ਪ੍ਰਧਾਨ ਸਵਿੰਦਰ ਸਿੰਘ ਕੋਟ ਖਾਲਸਾ ਅਤੇ ਪ੍ਰੋ: ਬਾਬਾ ਨਿਰਮਲ ਸਿੰਘ ਰੰਧਾਵਾ ਵੰਸ਼ ਬਾਬਾ ਬੁੱਢਾ ਸਾਹਿਬ ਜੀ ਨੇ ਸਵ: ਅਮਰਜੀਤ ਸਿੰਘ ਜੀ ਆਪਣੀ ਸ਼ਰਧਾਂ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਸਾਰੀ ਉਮਰ ਮਨੁੱਖਤਾ ਦੀ ਸੇਵਾ ਅਤੇ ਸੱਚਾਈ ਦੇ ਰਾਹ ’ਤੇ ਚੱਲਦਿਆਂ ਆਪਣਾ ਜੀਵਨ ਬਿਤਾਇਆ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਸ਼ਖਸੀਅਤਾਂ ਸਮਾਜ ਲਈ ਪ੍ਰੇਰਣਾ ਸਰੋਤ ਹੁੰਦੀਆਂ ਹਨ, ਜਿਨ੍ਹਾਂ ਦੀ ਘਾਟ ਕਦੇ ਵੀ ਪੂਰੀ ਨਹੀਂ ਹੋ ਸਕਦੀ। ਉਨ੍ਹਾਂ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਵਾਹਿਗੁਰੂ ਅੱਗੇ ਅਰਦਾਸ ਕੀਤੀ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ ਅਤੇ ਪਰਿਵਾਰ ਨੂੰ ਇਹ ਭਾਣਾ ਮੰਨਣ ਦਾ ਬਲ ਪ੍ਰਦਾਨ ਕਰਨ। ਇਸ ਮੌਕੇ ਸ. ਇੰਦਰਜੀਤ ਸਿੰਘ ਬਾਸਰਕੇ ਅਤੇ ਪ੍ਰੋ: ਬਾਬਾ ਨਿਰਮਲ ਸਿੰਘ ਰੰਧਾਵਾ ਨੇ ਸਵ: ਅਮਰਜੀਤ ਸਿੰਘ ਜੀ ਦੇ ਸਪੁੱਤਰ ਗੁਰਜੀਤ ਸਿੰਘ ਨੂੰ ਸਿਰੋਪਾਓ ਭੇਂਟ ਕਰਦਿਆਂ ਕਿਹਾ ਕਿ ਸਵ: ਅਮਰਜੀਤ ਸਿੰਘ ਦੀ ਸਾਦਗੀ, ਨਿਮਰਤਾ ਅਤੇ ਸੇਵਾ ਭਾਵ ਹਮੇਸ਼ਾ ਲੋਕ ਮਨਾਂ ਵਿਚ ਵੱਸਦੀ ਰਹੇਗੀ, ਕਿਉਂਕਿ ਉਹ ਹਮੇਸ਼ਾਂ ਲੋਕਾਂ ਦੀ ਭਲਾਈ ਲਈ ਅੱਗੇ ਰਹਿੰਦੇ ਸਨ ਅਤੇ ਗਰੀਬ-ਗੁਰਬੇ ਲੋਕਾਂ ਦੀ ਮਦਦ ਲਈ ਹਮੇਸ਼ਾਂ ਤਿਆਰ ਰਹਿੰਦੇ ਸਨ। ਸਮਾਗਮ ਦੌਰਾਨ ਕੀਰਤਨ ਅਤੇ ਗੁਰਬਾਣੀ ਦੇ ਰਸਭਿੰਨੇ ਪ੍ਰਵਾਹ ਨਾਲ ਸੰਗਤਾਂ ਨੇ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।ਅਖੀਰ ਵਿਚ ਪਰਿਵਾਰ ਵੱਲੋਂ ਸਮੂਹ ਸੰਗਤਾਂ ਅਤੇ ਪਹੁੰਚੇ ਹੋਏ ਆਗੂਆਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਸੀਨੀਅਰ ਅਕਾਲੀ ਆਗੂ ਨੰਬਰਦਾਰ ਗੁਰਸ਼ਰਨ ਸਿੰਘ ਮਹਿਲਾਂਵਾਲਾ, ਸ. ਸੁਭਿੰਦਰਜੀਤ ਸਿੰਘ ਭੋਲਾ, ਸ. ਇੰਦਰਜੀਤ ਸਿੰਘ ਟੈਨੀ, ਸ. ਮਦਨਜੀਤ ਸਿੰਘ ਬੇਦੀ, ਸ. ਜਰਨੈਲ ਸਿੰਘ ਬੇਦੀ ਰੇਲਵੇ, ਸ. ਮਨਿੰਦਰਜੀਤ ਸਿੰਘ ਬਿੱਟਾ ਕਾਨੂੰਗੋ, ਸ. ਗੁਰਨਾਮ ਸਿੰਘ ਬੱਲ, ਸੈਕਟਰੀ ਸ. ਸਵਰਨ ਸਿੰਘ ਸੰਧੂ, ਸ. ਗੱਜਣ ਸਿੰਘ, ਸ. ਜੋਗਿੰਦਰ ਸਿੰਘ ਸਾਬਰ ਸੈਕਟਰੀ, ਸੁਖਦੇਵ ਸਿੰਘ ਸੁੱਖ ਬੋਪਾਰਾਏ, ਕੰਵਲਜੀਤ ਸਿੰਘ ਵਾਲੀਆ, ਗੁਰਪ੍ਰੀਤ ਸਿੰਘ ਰਿੰਕੂ ਆਦਿ ਤੋਂ ਇਲਾਵਾ ਭਾਰੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।
