ਕੋਠੀਆਂ ਦੇ ਮਾਲਕ ਪਿਛਲੇ 4 ਸਾਲਾਂ ਤੋਂ ਉਜਾੜ ‘ਚ ਰਹਿਣ ਲਈ ਮਜਬੂਰ

ਕੁਰਾਲੀ, 6 ਮਈ (ਰਾਜਾ ਸਿੰਘ ਭੰਗੂ)- ਸਥਾਨਕ ਸ਼ਹਿਰ ਦੀ ਹੱਦ ‘ਚ ਪੈਂਦੇ ਪਿੰਡ ਪਡਿਆਲਾ ਸਥਿਤ ਲਾਵਾਰਿਸ ਲੋਕਾਂ ਦੀ ਸੇਵਾ ਸੰਭਾਲ ਕਰ ਰਹੀ ਪ੍ਰਭ ਆਸਰਾ ਸੰਸਥਾ ਵਿੱਚ ਲੰਮੇ ਸਮੇ ਤੋਂ ਰਲ ਰਹੇ ਮਾਂ ਤੇ ਪੁੱਤਰ ਨੂੰ ਸ਼ਰਨ ਦਿੱਤੀ ਗਈ ਹੈ। ਸੰਸਥਾ ਦੇ ਮੁੱਖ ਪ੍ਰਬੰਧਕ ਭਾਈ ਸ਼ਮਸ਼ੇਰ ਸਿੰਘ ਅਤੇ ਬੀਬੀ ਰਾਜਿੰਦਰ ਕੌਰ ਨੇ ਦੱਸਿਆ ਕਿ ਸੰਜੀਵ ਬੇਦੀ(61) ਅਤੇ ਉਸ ਦੀ ਮਾਤਾ ਕਿਰਨ ਬੇਦੀ (85) ਸਥਾਨਕ ਲੋਕਾਂ ਦੇ ਦੱਸਣ ਮੁਤਾਬਿਕ ਪਿੱਛਲੇ ਕਰੀਬ ਚਾਰ ਸਾਲਾਂ ਤੋਂ ਬਿਨਾਂ ਛੱਤ, ਬਿਨ੍ਹਾਂ ਬਿਜਲੀ ਅੱਤ ਦੀ ਗਰਮੀ ਸਰਦੀ ਹਨੇਰੀਆਂ ਝੱਖੜਾਂ ਅਤੇ ਬਹੁਤ ਹੀ ਤਰਸਯੋਗ ਹਾਲਾਤਾਂ ਵਿੱਚ ਉਜਾੜ ਥਾਂ ਤੇ ਜੀਵਨ ਬਿਤਾ ਰਹੇ ਸਨ। ਪ੍ਰਭ ਆਸਰਾ ਦੀ ਟੀਮ ਨੂੰ ਜਦੋਂ ਇਸ ਬਾਰੇ ਜਾਣਕਾਰੀ ਮਿਲੀ ਤਾਂ ਭਾਈ ਸ਼ਮਸ਼ੇਰ ਸਿੰਘ ਆਪਣੀ ਪੈਰਾਮੈਡੀਕਲ ਟੀਮ ਨਾਲ ਜਦੋਂ 6 ਫੇਸ ਮੋਹਾਲੀ ਪਹੁੰਚੇ ਤਾਂ ਦੇਖਿਆ ਕਿ ਸੰਜੀਵ ਬੇਦੀ ਬਿਮਾਰ ਹਾਲਤ ਵਿੱਚ ਰੁਲ ਰਿਹਾ ਸੀ, ਜਦਕਿ ਉਸ ਦੀ ਮਾਤਾ ਰੋਟੀ ਦੀ ਭਾਲ ਵਿੱਚ ਭਟਕ ਰਹੀ ਸੀ। ਦੋਵਾਂ ਨੇ ਦੱਸਿਆ ਕਿ ਉਹ ਸਵੇਰ ਤੋਂ ਭੁੱਖੇ ਹਨ l ਇਹਨਾਂ ਦੇ ਦੱਸਣ ਮੁਤਾਬਿਕ ਇਹ ਪਰਿਵਾਰ ਚੰਡੀਗੜ੍ਹ 45 ਸੈਕਟਰ ਦੇ ਵਸਨੀਕ ਹਨ ਅਤੇ ਆਰਥਿਕ ਤੌਰ ‘ਤੇ ਕਾਫ਼ੀ ਮਜ਼ਬੂਤ ਪਰਿਵਾਰ ਤੋਂ ਹਨ ਅਤੇ ਵਿਧਵਾ ਮਾਤਾ ਵੱਲੋ ਤਿੰਨ ਕੋਠੀਆਂ ਬੱਚਿਆ ਨੂੰ ਵੰਡਣ ਤੋਂ ਬਾਅਦ ਪੁੱਤ ਜਿਸ ਕੋਲ 3 ਫੈਕਟਰੀਆਂ ਹਨ, ਨੇ ਇਹਨਾਂ ਨੂੰ ਘਰੋਂ ਕੱਢ ਦਿੱਤਾ, ਮੌਜੂਦਾ ਸਮੇਂ ਵਿੱਚ ਇਹ ਬੇਸਹਾਰਾ ਹਾਲਾਤਾਂ ਵਿੱਚ ਜੀਵਨ ਬਿਤਾਉਣ ਲਈ ਮਜ਼ਬੂਰ ਹਨ। ਇਸ ਮਾਮਲੇ ਵਿੱਚ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕਰਨ ‘ਤੇ ਉਨ੍ਹਾਂ ਵੱਲੋਂ ਜਿੰਮੇਵਾਰੀ ਚੁੱਕਣ ਤੋਂ ਇਨਕਾਰ ਕਰ ਦਿੱਤਾ ਗਿਆ। ਇੱਕ ਪਰਿਵਾਰਕ ਮੈਂਬਰ ਨੇ ਸਪੱਸ਼ਟ ਕਿਹਾ ਕਿ ਉਹ ਇਹਨਾਂ ਦੀ ਦੇਖਭਾਲ ਨਹੀਂ ਸਕਦੇ ਹਨ ਅਤੇ ਇਸ ਸਬੰਧੀ ਫੈਸਲਾ ਪ੍ਰਸ਼ਾਸਨ ਅਤੇ ਸੰਸਥਾ ਆਪਣੇ ਤੌਰ ‘ਤੇ ਕਰਨ।
ਅਜਿਹੇ ਤਰਸਯੋਗ ਹਲਾਤਾਂ ਨੂੰ ਦੇਖਦੇ ਹੋਏ ਇਹਨਾਂ ਦੀ ਸਾਂਭ ਸੰਭਾਲ ਅਤੇ ਇਲਾਜ ਲਈ ਪ੍ਰਭ ਆਸਰਾ ਸੰਸਥਾ ਵਿੱਚ ਦਾਖਲ ਕਰ ਲਿਆ ਗਿਆ । ਪ੍ਰਭ ਆਸਰਾ ਸੰਸਥਾ ਵੱਲੋਂ ਦੋਵਾਂ ਦੀ ਸ਼ਾਂਭ ਸੰਭਾਲ ਅਤੇ ਇਲਾਜ ਸੁਰੂ ਕਰ ਦਿੱਤਾ ਹੈ। ਪਦਾਰਥਵਾਦੀ ਸਮਾਂ ਵਿੱਚ ਇਹ ਮਾਮਲਾ ਅੱਜ ਸਾਡੀ ਇਨਸਾਨੀਅਤ ਅਤੇ ਜ਼ਿੰਮੇਵਾਰੀਆ ਉੱਤੇ ਬੜੇ ਸਵਾਲ ਖੜੇ ਕਰ ਰਿਹਾ ਹੈ l
