ਸਤਿਗੁਰੂ ਪਬਲਿਕ ਸਕੂਲ ਕਲਾਲਵਾਲਾ ਦੇ ਵਿਦਿਆਰਥੀਆਂ ਨੇ 11ਵੀਂ ਪੰਜਾਬ ਸਟੇਟ ਕਰਾਟੇ ਚੈਂਪੀਅਨਸ਼ਿਪ 2026 ਵਿੱਚ ਮਾਰੀਆਂ ਮੱਲਾਂ

0

ਤਲਵੰਡੀ ਸਾਬੋ, 11 ਮਈ (ਗੁਰਜੰਟ ਸਿੰਘ ਨਥੇਹਾ)- ਸਤਿਗੁਰੂ ਪਬਲਿਕ ਸਕੂਲ ਕਲਾਲਵਾਲਾ ਦੇ ਵਿਦਿਆਰਥੀਆਂ ਨੇ 11ਵੀਂ ਪੰਜਾਬ ਸਟੇਟ ਕਰਾਟੇ ਚੈਂਪੀਅਨਸ਼ਿਪ 2026 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਕੂਲ, ਮਾਪਿਆਂ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਇਸ ਚੈਂਪੀਅਨਸ਼ਿਪ ਵਿੱਚ ਸਕੂਲ ਦੇ ਖਿਡਾਰੀਆਂ ਨੇ ਆਪਣੀ ਮਿਹਨਤ, ਲਗਨ ਅਤੇ ਅਨੁਸ਼ਾਸਨ ਦੇ ਬਲਬੂਤੇ ਉੱਤੇ ਕਈ ਮੈਡਲ ਹਾਸਲ ਕਰਕੇ ਵੱਡੀ ਉਪਲਬਧੀ ਦਰਜ ਕੀਤੀ। ਚੈਂਪੀਅਨਸ਼ਿਪ ਦੌਰਾਨ ਵਿਦਿਆਰਥਣ ਚਰਨਜੀਤ ਕੌਰ ਮਿਰਜੇਆਣਾ ਨੇ ਬੇਹਤਰੀਨ ਖੇਡ ਪ੍ਰਦਰਸ਼ਨ ਕਰਦਿਆਂ ਗੋਲਡ ਮੈਡਲ ਜਿੱਤ ਕੇ ਪਹਿਲਾ ਸਥਾਨ ਹਾਸਲ ਕੀਤਾ। ਉਸਦੀ ਇਸ ਜਿੱਤ ਨਾਲ ਸਕੂਲ ਵਿੱਚ ਖੁਸ਼ੀ ਦਾ ਮਾਹੌਲ ਬਣ ਗਿਆ। ਇਸ ਤੋਂ ਇਲਾਵਾ ਏਕਮਜੀਤ ਕੌਰ ਕਲਾਲਵਾਲਾ ਨੇ ਵੀ ਸ਼ਾਨਦਾਰ ਮੁਕਾਬਲਾ ਕਰਦਿਆਂ ਸਿਲਵਰ ਮੈਡਲ ਆਪਣੇ ਨਾਮ ਕੀਤਾ। ਜੈਸਮੀਨ ਕੌਰ ਰਾਈਆ ਨੇ ਵੀ ਕਾਬਿਲ-ਏ-ਤਾਰੀਫ ਪ੍ਰਦਰਸ਼ਨ ਕਰਕੇ ਸਿਲਵਰ ਮੈਡਲ ਜਿੱਤਿਆ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਮਧੂ ਬਾਂਸਲ ਨੇ ਜੇਤੂ ਖਿਡਾਰੀਆਂ, ਉਨ੍ਹਾਂ ਦੇ ਮਾਪਿਆਂ ਅਤੇ ਕੋਚ ਮਮਤਾ ਨੂੰ ਦਿਲੋਂ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਸਕੂਲ ਦੇ ਬੱਚੇ ਸਿਰਫ ਪੜ੍ਹਾਈ ਵਿੱਚ ਹੀ ਨਹੀਂ ਸਗੋਂ ਖੇਡਾਂ ਦੇ ਖੇਤਰ ਵਿੱਚ ਵੀ ਆਪਣੀ ਵਿਲੱਖਣ ਪਛਾਣ ਬਣਾਉਂਦੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਵਿਦਿਆਰਥੀਆਂ ਦੀ ਇਹ ਉਪਲਬਧੀ ਹੋਰ ਬੱਚਿਆਂ ਲਈ ਵੀ ਪ੍ਰੇਰਣਾ ਸਰੂਪ ਹੈ ਅਤੇ ਇਸ ਨਾਲ ਉਨ੍ਹਾਂ ਵਿੱਚ ਖੇਡਾਂ ਪ੍ਰਤੀ ਰੁਚੀ ਹੋਰ ਵਧੇਗੀ।ਬਪ੍ਰਿੰਸੀਪਲ ਮਧੂ ਬਾਂਸਲ ਨੇ ਕਿਹਾ ਕਿ ਸਕੂਲ ਵੱਲੋਂ ਹਮੇਸ਼ਾਂ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਅਤੇ ਸਹਿ-ਪਾਠਕ੍ਰਮ ਗਤੀਵਿਧੀਆਂ ਵਿੱਚ ਅੱਗੇ ਵੱਧਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਖੇਡਾਂ ਬੱਚਿਆਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ ਅਤੇ ਇਸ ਤਰ੍ਹਾਂ ਦੀਆਂ ਪ੍ਰਤੀਯੋਗਿਤਾਵਾਂ ਬੱਚਿਆਂ ਵਿੱਚ ਆਤਮ-ਵਿਸ਼ਵਾਸ ਅਤੇ ਅਨੁਸ਼ਾਸਨ ਪੈਦਾ ਕਰਦੀਆਂ ਹਨ। ਕੋਚ ਮਮਤਾ ਨੇ ਵੀ ਜੇਤੂ ਖਿਡਾਰੀਆਂ ਦੀ ਮਿਹਨਤ ਅਤੇ ਲਗਨ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੇ ਚੈਂਪੀਅਨਸ਼ਿਪ ਲਈ ਬਹੁਤ ਮਿਹਨਤ ਕੀਤੀ ਸੀ ਅਤੇ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਸੀ ਕਿ ਬੱਚੇ ਵਧੀਆ ਪ੍ਰਦਰਸ਼ਨ ਕਰਨਗੇ। ਕੋਚ ਨੇ ਕਿਹਾ ਕਿ ਭਵਿੱਖ ਵਿੱਚ ਵੀ ਇਹ ਖਿਡਾਰੀ ਹੋਰ ਵੱਡੇ ਪੱਧਰ ‘ਤੇ ਸਕੂਲ ਅਤੇ ਪੰਜਾਬ ਦਾ ਨਾਮ ਰੌਸ਼ਨ ਕਰਨਗੇ। ਸਕੂਲ ਸਟਾਫ ਅਤੇ ਇਲਾਕੇ ਦੇ ਲੋਕਾਂ ਵੱਲੋਂ ਵੀ ਜੇਤੂ ਖਿਡਾਰੀਆਂ ਨੂੰ ਵਧਾਈਆਂ ਦਿੱਤੀਆਂ ਗਈਆਂ। ਸਕੂਲ ਵਿੱਚ ਵਿਦਿਆਰਥੀਆਂ ਦੀ ਇਸ ਉਪਲੱਬਧੀ ਨੂੰ ਲੈ ਕੇ ਖੁਸ਼ੀ ਅਤੇ ਗਰਵ ਦਾ ਮਾਹੌਲ ਬਣਿਆ ਹੋਇਆ ਹੈ।

Leave a Reply

Your email address will not be published. Required fields are marked *