ਮਾਂ ਦੀ ਸੇਵਾ ਉੱਤਮ ਸੇਵਾ, ਬੁਢਾਪੇ ਵਿੱਚ ਮਾਪਿਆਂ ਦੀ ਸੰਭਾਲ ਕਰਨਾ ਸਾਡਾ ਸਭ ਤੋਂ ਵੱਡਾ ਧਰਮ: ਬੱਲ ਮਲਕੀਤ ਸਿੰਘ

ਅੰਮ੍ਰਿਤਸਰ, (ਮਨਜੀਤ ਸ਼ੇਰਗਿੱਲ ) ਮਾਂ ਦੁਨੀਆ ਦਾ ਸਭ ਤੋਂ ਪਿਆਰਾ ਅਤੇ ਮਹਾਨ ਰਿਸ਼ਤਾ ਹੁੰਦਾ ਹੈ। ਮਾਂ ਆਪਣੇ ਬੱਚਿਆਂ ਲਈ ਬੇਅੰਤ ਤਿਆਗ ਕਰਦੀ ਹੈ। ਉਹ ਸਾਨੂੰ ਜਨਮ ਦਿੰਦੀ ਹੈ, ਪਾਲਦੀ ਹੈ ਅਤੇ ਸਹੀ ਰਸਤੇ ‘ਤੇ ਚੱਲਣਾ ਸਿਖਾਉਂਦੀ ਹੈ ਮਾਂ ਦਿਵਸ ਤੇ ਗੱਲਬਾਤ ਕਰਦਿਆ ਮਹਾਰਸ਼ਟਰ ਰਾਜ ਪੰਜਾਬੀ ਸਾਹਿਤ ਅਕਾਦਮੀ ਦੇ ਚੇਅਰਮੈਨ ਬੱਲ ਮਲਕੀਤ ਸਿੰਘ ਨੇ ਕਿਹਾ ਕਿ ਮਾਂ ਦਿਵਸ ਹਰ ਸਾਲ ਮਈ ਮਹੀਨੇ ਦੇ ਦੂਜੇ ਐਤਵਾਰ ਨੂੰ ਮਨਾਇਆ ਜਾਂਦਾ ਹੈ। ਮਾਂ ਦਿਵਸ ਇੱਕ ਵਿਸ਼ੇਸ਼ ਦਿਨ ਹੈ ਜੋ ਮਾਂ ਦੇ ਪਿਆਰ, ਤਿਆਗ ਅਤੇ ਸੇਵਾ ਨੂੰ ਸਨਮਾਨ ਦੇਣ ਲਈ ਮਨਾਇਆ ਜਾਂਦਾ ਹੈ। ਮਾਂ ਸਾਡੇ ਜੀਵਨ ਦਾ ਮੇਨ ਧੁਰਾ ਹੈ । ਉਹਨਾਂ ਕਿਹਾ ਕਿ ਮਾਂ ਦੀ ਸੇਵਾ ਕਰਨਾ ਹਰ ਬੱਚੇ ਦਾ ਪਹਿਲਾ ਫਰਜ਼ ਹੁੰਦਾ ਹੈ। ਮਾਂ ਸਾਰੀ ਉਮਰ ਆਪਣੇ ਪਰਿਵਾਰ ਦੀ ਖੁਸ਼ੀ ਲਈ ਮਿਹਨਤ ਕਰਦੀ ਹੈ। ਉਹ ਆਪਣੇ ਦੁੱਖ ਭੁਲਾ ਕੇ ਬੱਚਿਆਂ ਦੀਆਂ ਲੋੜਾਂ ਪੂਰੀਆਂ ਕਰਦੀ ਹੈ। ਜਦੋਂ ਅਸੀਂ ਬੀਮਾਰ ਹੁੰਦੇ ਹਾਂ ਤਾਂ ਮਾਂ ਰਾਤਾਂ ਜਾਗ ਕੇ ਸਾਡੀ ਦੇਖਭਾਲ ਕਰਦੀ ਹੈ। ਮਾਂ ਦਾ ਪਿਆਰ ਨਿਸ਼ਕਾਮ ਅਤੇ ਸੱਚਾ ਹੁੰਦਾ ਹੈ। ਇਸ ਪਿਆਰ ਦਾ ਕਰਜ਼ਾ ਕੋਈ ਵੀ ਨਹੀਂ ਉਤਾਰ ਸਕਦਾ, ਪਰ ਅਸੀਂ ਉਸਦੀ ਸੇਵਾ ਕਰਕੇ ਉਸਨੂੰ ਖੁਸ਼ ਜ਼ਰੂਰ ਕਰ ਸਕਦੇ ਹਾਂ। ਮਾਂ ਦੀ ਸੇਵਾ ਕਰਨ ਦਾ ਅਰਥ ਸਿਰਫ਼ ਉਸਦੇ ਕੰਮ ਕਰਨਾ ਨਹੀਂ, ਸਗੋਂ ਉਸਦਾ ਆਦਰ ਕਰਨਾ, ਉਸਦੀ ਗੱਲ ਮੰਨਣੀ ਅਤੇ ਉਸਦੀ ਭਾਵਨਾਵਾਂ ਦੀ ਕਦਰ ਕਰਨੀ ਵੀ ਹੈ। ਉਹਨਾਂ ਕਿਹਾ ਕਿ ਸਾਨੂੰ ਘਰ ਦੇ ਕੰਮਾਂ ਵਿੱਚ ਮਦਦ ਕਰਨੀ ਚਾਹੀਦੀ ਹੈ ਅਤੇ ਉਸਦੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਹੈ। ਮਾਂ ਨਾਲ ਪਿਆਰ ਅਤੇ ਨਰਮ ਬੋਲ ਨਾਲ ਗੱਲ ਕਰਨੀ ਚਾਹੀਦੀ ਹੈ। ਬੁਢੇਪੇ ਵਿੱਚ ਮਾਪਿਆਂ ਦੀ ਸੰਭਾਲ ਕਰਨਾ ਸਾਡਾ ਸਭ ਤੋਂ ਵੱਡਾ ਧਰਮ ਹੈ। ਸਾਡੇ ਧਰਮ ਅਤੇ ਸਭਿਆਚਾਰ ਵਿੱਚ ਵੀ ਮਾਂ ਨੂੰ ਉੱਚਾ ਦਰਜਾ ਦਿੱਤਾ ਗਿਆ ਹੈ। ਕਿਹਾ ਜਾਂਦਾ ਹੈ ਕਿ “ਮਾਂ ਦੇ ਚਰਨਾਂ ਵਿੱਚ ਹੀ ਸਵਰਗ ਵੱਸਦਾ ਹੈ” ਜੋ ਬੱਚੇ ਆਪਣੀ ਮਾਂ ਦੀ ਸੇਵਾ ਕਰਦੇ ਹਨ, ਉਹ ਜੀਵਨ ਵਿੱਚ ਸਦਾ ਖੁਸ਼ ਅਤੇ ਕਾਮਯਾਬ ਰਹਿੰਦੇ ਹਨ। ਸਾਨੂੰ ਸਭਨੂੰ ਆਪਣੀ ਮਾਂ ਦੀ ਇੱਜ਼ਤ ਅਤੇ ਸੇਵਾ ਕਰਨੀ ਚਾਹੀਦੀ ਹੈ। ਮਾਂ ਦਾ ਪਿਆਰ ਅਮੋਲਕ ਹੈ ਅਤੇ ਉਸਦੀ ਸੇਵਾ ਕਰਨਾ ਸਭ ਤੋਂ ਵੱਡੀ ਨੇਕੀ ਹੈ।
