ਬੰਦੀ ਸਿੰਘਾਂ ਦੀ ਰਿਹਾਈ ਲਈ ਪ੍ਰਦਰਸ਼ਨ ਕਰ ਰਹੀ ਸੰਗਤ ਨੂੰ ਬੰਗਲਾ ਸਾਹਿਬ ਤੋਂ ਧੂਹ-ਘੜੀਸ ਕਰ ਕੀਤਾ ਗ੍ਰਿਫਤਾਰ

ਮਲੇਰਕੋਟਲਾ, 08 ਮਈ ((ਮੁਨਸ਼ੀ ਫ਼ਾਰੂਕ)): ਦੇਸ਼ ਭਰ ਦੀਆਂ ਸੰਗਤਾਂ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਦਿੱਲੀ ਦੇ ਗੁਰਦੁਆਰਾ ਬੰਗਲਾ ਸਾਹਿਬ ਤੋਂ ਰਾਸ਼ਟਰਪਤੀ ਭਵਨ ਤੱਕ ਸਰਪ੍ਰਸਤ ਬਾਪੂ ਗੁਰਚਰਨ ਸਿੰਘ, ਕਨਵੀਨਰ ਪਾਲ ਸਿੰਘ ਫਰਾਂਸ, ਜੱਥੇਦਾਰ ਗੁਰਦੀਪ ਸਿੰਘ ਬਠਿੰਡਾ ਦੀ ਅਗਵਾਈ ‘ਚਰੋਸ ਮਾਰਚ ਕੀਤਾ ਜਾਣਾ ਸੀ ਜਿਸਨੂੰ ਕੇਂਦਰ ਅਤੇ ਦਿੱਲੀ ਸਰਕਾਰ ਨੇ ਵੱਡੀ ਗਿਣਤੀ ਪੁਲਸ ਫੋਰਸ ਲਗਾਕੇ ਗੁਰਦੁਆਰਾ ਸਾਹਿਬ ਦੇ ਗੇਟ ‘ਤੇ ਹੀ ਰੋਕ ਲਿਆ ਗਿਆ ਅਤੇ ਧੂਹ-ਘੜੀਸ ਕਰਕੇ ਦਰਜਨਾਂ ਪ੍ਰਦਰਸ਼ਨਕਾਰੀਆਂ ਨੂੰ ਬੱਸਾਂ ਵਿੱਚ ਭਰਕੇ ਜ਼ਾਫਰਪੁਰ, ਮੰਦਰ ਮਾਰਗ ਥਾਣਾ ਅਤੇ ਨਰੇਲਾ ਦੇ ਥਾਣਿਆਂ ਵਿੱਚ ਡੱਕ ਦਿਤਾ ਗਿਆ ਜਿਸ ਨਾਲ ਦੇਸ਼ ਦੇ ਲੋਕਤੰਤਰ ਦਾ ਘਾਣ ਕਰਕੇ ਅਸਲੀ ਚਿਹਰਾ ਦੁਨੀਆ ਦੇ ਸਾਹਮਣੇ ਲਿਆ ਦਿਤਾ । ਮਲੇਰਕੋਟਲਾ ਤੋਂ ਮਨੁੱਖੀ ਅਧਿਕਾਰਾਂ ਦੇ ਇਸ ਘੋਲ ਵਿੱਚ ਸਿੱਖ ਕੌਮ ਲਈ ‘ਹਾਅ ਦਾ ਨਾਅਰਾ’ ਮਾਰਨ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਲਈ ਇੱਕ ਵਫਦ ਮੁਹੰਮਦ ਜਮੀਲ ਐਡਵੋਕੇਟ, ਮਹਿਮੂਦ ਅਹਿਮਦ ਥਿੰਦ ਅਤੇ ਡਾ. ਮੇਹਰਦੀਨ ਦੀ ਅਗਵਾਈ ‘ਚ ਪੁੱਜਾ ਅਤੇ ਗ੍ਰਿਫਤਾਰੀਆਂ ਵੀ ਦਿੱਤੀਆਂ ।ਇੰਡੀਅਨ ਫਾਰਮਰਜ਼ ਐਸੋਸੀਏਸ਼ਨ ਪੰਜਾਬ (ਬਹਿਰੂ) ਦੇ ਵਿਸ਼ਾਲ ਜੱਥੇ ਨੇ ਸ਼ਿਰਕਤ ਕੀਤੀ ਅਤੇ ਗ੍ਰਿਫਤਾਰੀਆਂ ਦਿੱਤੀਆਂ । ਇਸ ਸਬੰਧੀ ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਮੁਹੰਮਦ ਜਮੀਲ ਨੇ ਦੱਸਿਆ ਕਿ 7 ਮਈ ਨੂੰ ਦਿੱਲੀ ਦੇ ਗੁਰਦੁਆਰਾ ਬੰਗਲਾ ਸਾਹਿਬ ਤੋਂ ਰਾਸ਼ਟਰਪਤੀ ਭਵਨ ਤੱਕ ਕਾਲੇ ਚੋਗੇ ਅਤੇ ਗਲ ਵਿੱਚ ਸੰਗਲ ਪਾ ਕੇ ਰੋਸ ਮਾਰਚ ਕਰਨ ਦੀ ਕਾਲ ਦਿੱਤੀ ਗਈ ਸੀ ਤਾਂ ਕਿ ਦੇਸ਼ ਦੀਆਂ ਅੰਨ੍ਹੀਆਂ, ਬੋਲੀਆਂ ਅਤੇ ਗੂੰਗੀਆਂ ਸਰਕਾਰਾਂ ਨੂੰ ਕੁੰਭਕਰਨੀ ਨੀਂਦ ਤੋਂ ਜਗਾਇਆਂ ਜਾ ਸਕੇ । ਉਹਨਾਂ ਦੱਸਿਆ ਕਿ ਮੋਹਾਲੀ ਵਿਖੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੇ ਮਨੁੱਖੀ ਅਧਿਕਾਰ ਬਹਾਲ ਕਰਵਾਉਣ ਲਈ 1214 ਦਿਨਾਂ ਤੋਂ ਲੱਗੇ ਇਸ ਧਰਨੇ ਨੂੰ ਪੰਜਾਬ ਸਰਕਾਰ ਅਤੇ ਕੇਂਦਰ ਅਣਗੌਲਿਆਂ ਕਰ ਰਹੀਆਂ ਹਨ । ਇੱਕ ਪਾਸੇ ਸੰਗੀਨ ਧਾਰਾਵਾਂ ‘ਚ ਉਮਰ ਕੈਦ ਕੱਟ ਰਹੇ ਬਲਾਤਕਾਰੀਆਂ ਨੂੰ ਸਾਲ ਵਿੱਚ ਕਈ-ਕਈ ਵਾਰ ਪੈਰੋਲ ਦੇ ਦਿਤੀ ਜਾਂਦੀ ਹੈ ਅਤੇ ਦੂਜੇ ਪਾਸੇ ਬੰਦੀ ਸਿੰਘ 32-32 ਸਾਲਾਂ ਤੋਂ ਲਗਾਤਾਰ ਜੇਲ੍ਹਾਂ ਵਿੱਚ ਬੰਦ ਹਨ ਕਈਆਂ ਨੂੰ ਤਾਂ ਇੱਕ ਵਾਰ ਵੀ ਪੈਰੋਲ ਨਹੀਂ ਮਿਲੀ । ਦੇਸ਼ ਦੀਆਂ ਘੱਟਗਿਣਤੀਆਂ ਵਿੱਚ ਸਹਿਮ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ । ਦੂਜੇ ਪਾਸੇ ਮੁਸਲਿਮ ਭਾਈਚਾਰੇ ਦੇ ਨੌਜਵਾਨ ਉਮਰ ਖਾਲਿਦ, ਸ਼ਰਜ਼ੀਲ ਇਮਾਮ (ਸਾਬਕਾ ਜੇਐਨਯੂ ਵਿਦਿਆਰਥੀ ਆਗੂ) ਨੂੰ 6 ਸਾਲਾਂ ਤੋਂ ਲਗਾਤਾਰ ਜੇਲ੍ਹ ਵਿੱਚ ਡੱਕਿਆ ਹੋਇਆ ਹੈ ਉਹਨਾਂ ਦਾ ਨਾ ਕੋਈ ਟਰੈਲ ਚੱਲਾ, ਨਾ ਜਮਾਨਤ ਦਿੱਤੀ ਗਈ ।ਉਹਨਾਂ ਕਿਹਾ ਕਿ ਸਰਕਾਰਾਂ ਅਤੇ ਨਿਆਂਪਾਲਿਕਾ ਦਾ ਦੋਹਰਾ ਰਵੱਈਆ ਸਿੱਖਾਂ ਅਤੇ ਮੁਸਲਮਾਨਾਂ ਨੂੰ ਦੂਜੇ ਦਰਜੇ ਦੇ ਨਾਗਰਿਕ ਹੋਣ ਦਾ ਅਹਿਸਾਸ ਕਰਵਾ ਰਿਹਾ ਹੈ, ਮਨੁੱਖੀ ਅਧਿਕਾਰ ਕਮਿਸ਼ਨ ਮੂਕ ਦਰਸ਼ਕ ਬਣਕੇ ਤਮਾਸ਼ਾ ਦੇਖ ਰਹੇ ਹਨ ।
ਮਨੁੱਖੀ ਅਧਿਕਾਰਾਂ ਦੇ ਹੋ ਰਹੇ ਹਨਨ ਦੀ ਗੱਲ ਕਰਦਿਆਂ ਐਡਵੋਕੇਟ ਮੁਹੰਮਦ ਜਮੀਲ ਨੇ ਦੱਸਿਆ ਕਿ ਜੱਥੇਦਾਰ ਜਗਤਾਰ ਸਿੰਘ ਹਵਾਰਾ ਪਿਛਲੇ 31 ਸਾਲਾਂ ਤੋਂ ਜੇਲ੍ਹ ਵਿੱਚ ਹਨ ਉਹਨਾਂ ਨੂੰ ਇੱਕ ਵਾਰ ਵੀ ਪੈਰੋਲ ਨਹੀਂ ਮਿਲੀ ਜਦਦ । ਪਿਛਲੇ ਦਿਨੀਂ ਉਹਨਾਂ ਦੇ ਬਿਰਧ ਮਾਤਾ ਅਮਰੀਕਾ ਤੋਂ ਆਪਣੇ ਆਖਰੀ ਦਿਨਾਂ ਵਿੱਚ ਪੁੱਤਰ ਨੂੰ ਮਿਲਣ ਲਈ ਪੈਰੋਲ ਦੀਆਂ ਦਰਖਾਸਾਂ ਆਪਣੇ ਵਕੀਲਾਂ ਰਾਹੀ ਪ੍ਰਧਾਨ ਮੰਤਰੀ, ਰਾਸ਼ਟਰਪਤੀ, ਗਵਰਨਰ, ਮੁੱਖ ਮੰਤਰੀ ਸਮੇਤ ਹਰ ਅਦਾਲਤ ਦੇ ਦਰਵਾਜ਼ੇ ‘ਤੇ ਦਸਤਕ ਦੇ ਚੁੱਕੇ ਹਨ ਜਿੱਥੋਂ ਤੱਕ ਮਨੁੱਖੀ ਅਧਿਕਾਰ ਬਹਾਲ ਕਰਵਾਉਣ ਲਈ ਦੇ ਸਕਦੇ ਸਨ ਪਰੰਤੂ ਕਿਸੇ ਨੇ ਵੀ ਨਹੀਂ ਗੁਹਾਰ ਨਹੀਂ ਸੁਣੀ । ਉਹਨਾਂ ਪ੍ਰੈਸ ਦੇ ਮਾਧਿਅਮ ਰਾਹੀਂ ਦੇਸ਼ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਜਲਦ ਤੋਂ ਜਲਦ ਹੁਕਮ ਜਾਰੀ ਕੀਤੇ ਜਾਣ ਤਾਂ ਕਿ ਸਿੱਖ ਕੌਮ ਦੇ ਦਹਾਕਿਆਂ ਤੋਂ ਕੁਰੇਦੇ ਜਾ ਰਹੇ ਜ਼ਖਮਾਂ ਉੱਤੇ ਮੱਲਮ ਲਗਾਇਆ ਜਾ ਸਕੇ ।
