ਯੋਗਰਾਜ ਸਿੰਘ ਦੇ ਵਿਵਾਦਿਤ ਡਾਇਲੌਗ ਮਾਮਲੇ ’ਚ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਲਿਆ ਸੂ-ਮੋਟੋ ਨੋਟਿਸ

ਚੰਡੀਗੜ੍ਹ, 14 ਮਈ (ਕਮਲਜੋਤ ਕਾਂਸਲ) : ਕ੍ਰਿਕਟਰ ਯੁਵਰਾਜ ਸਿੰਘ ਦੇ ਅਦਾਕਾਰ ਪਿਤਾ ਯੋਗਰਾਜ ਸਿੰਘ ਇੱਕ ਨਵੇਂ ਵਿਵਾਦ ’ਚ ਉਲਝਦੇ ਹੋਏ ਨਜ਼ਰ ਆ ਰਹੇ ਹਨ। ਅਦਾਕਾਰ ਯੋਗਰਾਜ ਸਿੰਘ ਦੇ ਵਿਰੁਧ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ ਗਈ ਹੈ। ਦਰਅਸਲ ਇਹ ਸਾਰਾ ਮਾਮਲਾ ਉਨ੍ਹਾਂ ਦੀ ਨਵੀਂ ਵੈੱਬ ਸੀਰੀਜ਼ ਲੁੱਖੇ ’ਚ ਬੋਲੇ ਗਏ ਇੱਕ ਡਾਇਲੌਗ ਨੂੰ ਲੈ ਕੇ ਹੈ। ਮਾਮਲੇ ਸਬੰਧੀ ਵਿਵਾਦ ਲਗਾਤਾਰ ਵਧਦਾ ਜਾ ਰਿਹਾ ਹੈ। ਦੱਸ ਦਈਏ ਕਿ ਪੰਜਾਬ ਮਹਿਲਾ ਕਮਿਸ਼ਨ ਨੇ ਇਸ ਮਾਮਲੇ ਦਾ ਖੁਦ ਨੋਟਿਸ ਲਿਆ ਹੈ ਅਤੇ ਪੁਲਿਸ ਨੂੰ ਕਾਰਵਾਈ ਦੀ ਅਪੀਲ ਕੀਤੀ ਹੈ। ਕਮਿਸ਼ਨ ਨੇ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਕਲਿੱਪ ਪੰਜਾਬ ਪੁਲਿਸ ਹੈੱਡਕੁਆਰਟਰ ਨੂੰ ਭੇਜ ਦਿੱਤੀ ਹੈ ਅਤੇ ਇੱਕ ਸੀਨੀਅਰ ਅਧਿਕਾਰੀ ਤੋਂ ਜਾਂਚ ਦੀ ਮੰਗ ਕੀਤੀ ਹੈ। ਇਸ ਤੋਂ ਇਲਾਵਾ ਕਮਿਸ਼ਨ ਨੇ ਪੰਜਾਬ ਡੀਜੀਪੀ ਨੂੰ ਕਾਰਵਾਈ ਦੀ ਰਿਪੋਰਟ ਨੂੰ ਇੱਕ ਹਫਤੇ ’ਚ ਮੰਗੀ ਹੈ। ਦੱਸਣਯੋਗ ਹੈ ਕਿ ਇੱਕ ਵਕੀਲ ਨੇ ਚੰਡੀਗੜ੍ਹ ਦੇ ਐਸਐਸਪੀ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਇਹ ਮਾਮਲਾ ਹਿਮਾਂਕ ਗੌੜ ਦੁਆਰਾ ਨਿਰਦੇਸ਼ਤ ਵੈੱਬ ਸੀਰੀਜ਼ ਲੁੱਖੇ ਨਾਲ ਸਬੰਧਤ ਹੈ। ਇਹ ਸੀਰੀਜ਼ ਸ਼ੁੱਕਰਵਾਰ, 8 ਮਈ ਨੂੰ ਓਟੀਟੀ ਪਲੇਟਫਾਰਮ ਐਮਾਜ਼ਾਨ ਪ੍ਰਾਈਮ ਵੀਡੀਓ ‘ਤੇ ਰਿਲੀਜ਼ ਹੋਈ ਸੀ।ਵਕੀਲ ਉੱਜਵਲ ਭਸੀਨ ਦਾ ਇਲਜ਼ਾਮ ਹੈ ਕਿ ਯੋਗਰਾਜ ਸਿੰਘ ਨੇ ਸੀਰੀਜ਼ ਵਿੱਚ ਔਰਤਾਂ ਵਿਰੁੱਧ ਬਹੁਤ ਹੀ ਅਸ਼ਲੀਲ ਅਤੇ ਅਪਮਾਨਜਨਕ ਭਾਸ਼ਾ ਦੀ ਵਰਤੋਂ ਕੀਤੀ ਹੈ। ਉਨ੍ਹਾਂ ਨੇ ਸੀਰੀਜ਼ ਦੇ ਨਿਰਦੇਸ਼ਕ ਅਤੇ ਨਿਰਮਾਤਾਵਾਂ ਖਿਲਾਫ ਵੀ ਕਾਰਵਾਈ ਦੀ ਮੰਗ ਕੀਤੀ ਹੈ। ਦੱਸਣਯੋਗ ਹੈ ਕਿ “ਲੁੱਖੇ” ਪੰਜਾਬ ਦੀ ਕਹਾਣੀ ਨੂੰ ਦਰਸਾਉਂਦੀ ਹੈ, ਜਿੱਥੇ ਰੈਪ ਸੱਭਿਆਚਾਰ ਸੰਗੀਤ ਤੱਕ ਸੀਮਤ ਨਹੀਂ ਹੈ, ਸਗੋਂ ਨਸ਼ਿਆਂ, ਅਪਰਾਧ, ਹਿੰਸਾ ਅਤੇ ਇੱਕ ਅਸਫਲ ਪ੍ਰਣਾਲੀ ਦੇ ਖ਼ਤਰਿਆਂ ਵਿੱਚ ਵੀ ਡੂੰਘਾਈ ਨਾਲ ਡੁੱਬਦਾ ਹੈ। ਰੈਪਰ ਕਿੰਗ ਇਸ ਸੀਰੀਜ਼ ਨਾਲ ਆਪਣੀ ਅਦਾਕਾਰੀ ਦੀ ਸ਼ੁਰੂਆਤ ਕਰ ਰਿਹਾ ਹੈ। ਯੋਗਰਾਜ ਸਿੰਘ ਤੋਂ ਇਲਾਵਾ ਇਸ ਸੀਰੀਜ਼ ਵਿੱਚ ਰਾਸ਼ੀ ਖੰਨਾ, ਪਲਕ ਤਿਵਾੜੀ, ਲਕਸ਼ਵੀਰ ਸਰਨ ਅਤੇ ਸ਼ਿਵਾਂਕਿਤ ਸਿੰਘ ਪਰਿਹਾਰ ਵੀ ਹਨ।
