ਫੱਕ ਘੁਟਾਲਾ ਵਿਰੋਧੀ ਸੰਘਰਸ਼ ਕਮੇਟੀ ਵੱਲੋਂ ਜਗਦੀਪ ਐਸ. ਐਚ.ਓ. ਦੁਆਰਾ ਆਗੂਆਂ ਨੂੰ ਧਮਕਾਉਣ ਵਿਰੁੱਧ ਰੋਸ ਪ੍ਰਦਰਸ਼ਨ

ਸ਼ਹੀਦਾਂ ਦੇ ਸੱਚੇ ਵਾਰਿਸ ਅਜਿਹੀਆਂ ਗਿਦੜ੍ਹ ਭਬਕੀਆਂ ਤੋਂ ਕਦੇ ਵੀ ਨਹੀਂ ਡਰਦੇ:- ਆਗੂ
ਗੁਰੂਹਰਸਹਾਏ 4 ਜੂਨ (ਮਿੰਟੂ ਕੰਧਾਰੀ) ਅੱਜ ਫੱਕ ਘੁਟਾਲਾ ਵਿਰੋਧੀ ਸੰਘਰਸ਼ ਕਮੇਟੀ ਵੱਲੋਂ ਐਸ.ਐਚ.ਓ. ਜਗਦੀਪ ਸਿੰਘ ਦੁਆਰਾ ਕਮੇਟੀ ਆਗੂਆਂ ਨੂੰ ਧਮਕਾਉਣ ਵਿਰੁੱਧ ਅਚਨਚੇਤ ਥਾਣਾ ਗੁਰੂਹਰਸਹਾਏ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ । ਇਸ ਰੋਸ ਪ੍ਰਦਰਸ਼ਨ ਦੀ ਅਗਵਾਈ ਸੰਘਰਸ਼ ਕਮੇਟੀ ਦੇ ਆਗੂਆਂ ਜੈਲ ਸਿੰਘ ਚੱਪਾਅੜੀਕੀ, ਪ੍ਰਵੀਨ ਬਾਜੇ ਕੇ, ਨੌਂ ਨਿਹਾਲ ਸਿੰਘ, ਕੁਲਦੀਪ ਸਿੰਘ ਮੋਠਾਂ ਵਾਲਾ, ਸਤਨਾਮ ਸਿੰਘ ਕਚੂਰਾ, ਚਰਨਜੀਤ ਸਿੰਘ ਛਾਂਗਾ ਰਾਏ ਅਤੇ ਜਗਜੀਤ ਸਿੰਘ ਖਿੱਪਾਂ ਵਾਲੀ ਨੇ ਕੀਤੀ। ਇਸ ਅਚਨਚੇਤ ਧਰਨੇ ਬਾਰੇ ਬੋਲਦਿਆਂ ਆਗੂਆਂ ਨੇ ਕਿਹਾ ਕਿ ਪਿਛਲੇ ਹਫਤੇ 28 ਮਈ ਨੂੰ ਫੱਕ ਘੁਟਾਲਾ ਵਿਰੋਧੀ ਸੰਘਰਸ਼ ਕਮੇਟੀ ਵੱਲੋਂ ਫੱਕ ਚੋਰੀ ਦੇ ਦੋਸ਼ੀਆਂ ਖਿਲਾਫ ਕਾਰਵਾਈ ਕਰਵਾਉਣ ਲਈ ਥਾਣੇ ਅੱਗੇ ਧਰਨਾ ਲਗਾਇਆ ਗਿਆ ਸੀ ਜਿਸ ਸੰਬੰਧੀ ਮੀਟਿੰਗ ਵਿੱਚ ਉਸ ਵੇਲੇ ਤਾਇਨਾਤ ਐਸ.ਐਚ.ਓ. ਜਗਦੀਪ ਸਿੰਘ ਨੇ ਆਗੂਆਂ ਨੂੰ ਜਲਦੀ ਮਸਲੇ ਦਾ ਹੱਲ ਕਰਵਾਉਣ ਦਾ ਵਿਸ਼ਵਾਸ ਦੀਵਾਇਆ ਗਿਆ ਸੀ ਪਰ ਕੁਝ ਸਮੇਂ ਬਾਅਦ ਹੀ ਸੰਘਰਸ਼ ਕਮੇਟੀ ਦੇ ਆਗੂ ਕੁਲਦੀਪ ਸਿੰਘ ਮੋਠਾਂ ਵਾਲਾ ਨੂੰ ” ਤੂੰ ਬੋਲਦਾਂ ਬਹੁਤ ਹੈ, ਹਿਸਾਬ ਨਾਲ ਬੋਲਿਆ ਕਰ, ਰਹਿਣਾ ਤੂੰ ਵੀ ਏਥੇ ਹੈ ਅਤੇ ਮੈਂ ਵੀ ਏਥੇ” ਕਹਿਕੇ ਸ਼ਰੇਆਮ ਸਿੱਧਾ ਡਰਾਉਣ-ਧਮਕਾਉਣ ਦੀ ਨਿੰਦਣਯੋਗ ਕੋਸ਼ਿਸ਼ ਕੀਤੀ ਗਈ ਹੈ ਅਤੇ ਮੀਟਿੰਗ ਵਿੱਚ ਕਿਤੇ ਵਾਅਦੇ ਤੋਂ ਵੀ ਅਗਲੇ ਹੀ ਦਿਨ ਮੁਕਰ ਗਿਆ ਸੀ। ਜਿਸ ਦੇ ਰੋਸ ਵਜੋਂ ਅੱਜ ਥਾਣਾ ਗੁਰੂਹਰਸਹਾਏ ਅੱਗੇ ਅਚਨਚੇਤ ਰੋਸ਼ ਪ੍ਰਦਰਸ਼ਨ ਕੀਤਾ ਗਿਆ। ਐਸ.ਐਚ.ਓ. ਖਿਲਾਫ ਭੜ੍ਹਾਸ ਕੱਢਦਿਆਂ ਸੰਘਰਸ਼ ਕਮੇਟੀ ਦੇ ਆਗੂਆਂ ਨੇ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਹੈ ਕਿ ਲੋਕਾਂ ਦੇ ਜਾਨ ਮਾਲ ਦੀ ਰਾਖੀ ਕਰਨ ਦੀ ਬਜਾਏ ਪੁਲਸ ਦੇ ਅਫ਼ਸਰ ਲੋਕਾਂ ਦੇ ਆਗੂਆਂ ਨੂੰ ਸੰਘਰਸ਼ ਕਰਨ ਤੋਂ ਰੋਕਣ ਲਈ ਡਰਾ ਧਮਕਾ ਰਹੇ ਹਨ ਪਰ ਸ਼ਹੀਦਾਂ ਦੇ ਸੱਚੇ ਵਾਰਿਸ ਅਜਿਹੀਆਂ ਗਿਦੜ੍ਹ ਭਬਕੀਆਂ ਤੋਂ ਕਦੇ ਵੀ ਨਹੀਂ ਡਰਦੇ ਬਲਕਿ ਅਜਿਹੇ ਜਾਲਮ ਅਫਸਰਾਂ ਨੂੰ ਉਹਨਾਂ ਦੀ ਅਸਲੀ ਡਿਊਟੀ ਕਰਵਾਉਣ ਦੀ ਸਮਰੱਥਾ ਰੱਖਦੇ ਹਨ। ਉਹਨਾਂ ਅੱਗੇ ਕਿਹਾ ਕਿ ਇਤਿਹਾਸ ਗਵਾਹ ਹੈ ਜਿਸ ਨੇ ਵੀ ਲੋਕ ਤਾਕਤ ਨੂੰ ਦਬਾਉਣ ਦੀ ਕੋਸ਼ਿਸ਼ ਵੀ ਕੀਤੀ ਹੈ ਤਾਂ ਉਸ ਨੂੰ ਲੋਕ ਲਹਿਰਾ ਅੱਗੇ ਝੁਕਣਾ ਪਿਆ ਹੈ। ਇਸ ਮੌਕੇ ਆਗੂਆਂ ਨੇ ਇਨਸਾਫ਼ ਪਸੰਦ ਲੋਕਾਂ ਨੂੰ ਅਪੀਲ ਕੀਤੀ ਉਹ ਇਲਾਕੇ ਵਿੱਚ ਹੋ ਰਹੇ ਜ਼ੁਲਮ ਖਿਲਾਫ ਆਵਾਜ਼ ਚੁੱਕਣ। ਆਗੂਆਂ ਨੇ ਅੱਗੇ ਮੰਗ ਕਰਦਿਆਂ ਕਿਹਾ ਕਿ ਫੱਕ ਚੋਰੀ ਦੇ ਦੋਸ਼ੀਆਂ ਖਿਲਾਫ ਤੁਰੰਤ ਪਰਚਾ ਦਰਜ ਕਰਕੇ ਮਜ਼ਦੂਰਾਂ ਨੂੰ ਉਹਨਾਂ ਦਾ ਬਣਦੇ ਪੈਸੇ ਦਿੱਤੇ ਜਾਣ ਅਤੇ ਇਨਸਾਫ਼ ਦਿਵਾਇਆ ਜਾਵੇ। ਇਸ ਮੌਕੇ ਮੌਜੂਦਾ ਤਾਇਨਾਤ ਕਾਰਜਕਾਰੀ ਥਾਣਾ ਮੁੱਖੀ ਵੱਲੋਂ ਇਕ ਫੌਰੀ ਮੀਟਿੰਗ ਵਿੱਚ ਮਸਲੇ ਦੇ ਹੱਲ ਦਾ ਵਿਸ਼ਵਾਸ ਦਿਵਾਉਣ ਤੋਂ ਬਾਅਦ ਪੁਤਲਾ ਫੂਕਨ ਦੇ ਪ੍ਰੋਗਰਾਮ ਨੂੰ ਮੁਲਤਵੀ ਕਰ ਦਿੱਤਾ ਗਿਆ। ਇਸ ਮੌਕੇ ਇਸ ਰੋਸ ਪ੍ਰਦਰਸ਼ਨ ਨੂੰ ਹੋਰਨਾਂ ਤੋਂ ਇਲਾਵਾ, ਗੁਰਮੀਤ ਸਿੰਘ ਜਿਲ੍ਹਾ ਪ੍ਰਧਾਨ ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਰੇਸ਼ਮ ਸਿੰਘ ਮਿੱਡਾ, ਰਾਜ ਕੁਮਾਰ ਬਹਾਦਰ ਕੇ, ਪਰਮਿੰਦਰ ਰਹਿਮੇਸ਼ਾਹ, ਗੁਸ਼ਪਿੰਦਰ ਸਿੰਘ, ਮੁਖਤਿਆਰ ਕੌਰ, ਛਿੰਦਰ ਸਰੂਪੇ ਵਾਲਾ ਅਤੇ ਛਿੰਦਰ ਸਵਾਹ ਵਾਲਾ, ਨੇ ਵੀ ਸੰਬੋਧਨ ਕੀਤਾ।
